ਸੀ ਆਰ ਪੀ ਐੱਫ ਦੇ ਕੈਂਪ 'ਤੇ ਹਮਲਾ, 1 ਜਵਾਨ ਸ਼ਹੀਦ


ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)
ਸ੍ਰੀਨਗਰ ਵਿਖੇ ਸੀ ਆਰ ਪੀ ਐੱਫ ਕੈਂਪ 'ਤੇ ਸੋਮਵਾਰ ਨੂੰ ਅੱਤਵਾਦੀਆਂ ਨੇ ਹਮਲਾ ਕੀਤਾ। ਸੀ ਆਰ ਪੀ ਐੱਫ ਨੇ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਨਾਕਾਮ ਕਰਦਿਆਂ ਉਨ੍ਹਾਂ ਨੂੰ ਘੇਰਾ ਪਾ ਲਿਆ। ਸੀ ਆਰ ਪੀ ਐੱਫ ਦੀ ਇੱਕ ਰਿਐਕਸ਼ਨ ਟੀਮ ਨੇ ਕਰਨ ਨਗਰ ਇਨਾਕੇ ਵਿੱਚ ਅੱਤਵਾਦੀਆਂ ਨੂੰ ਘੇਰਾ ਪਾ ਲਿਆ। ਇਸ ਟੀਮ ਨੇ ਦੋਵਾਂ ਅੱਤਵਾਦੀਆਂ ਨੂੰ ਲੱਭ ਲਿਆ ਅਤੇ ਮੁਕਾਬਲਾ ਜਾਰੀ ਹੈ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ 'ਚ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ। ਸੀ ਆਰ ਪੀ ਐੱਫ ਦੇ ਆਈ ਜੀ ਰਵੀ ਦੀਪ ਸਹਾਏ ਨੇ ਜਾਣਕਾਰੀ ਦਿੱਤੀ ਕਿ ਸੋਮਵਾਰ ਸਵੇਰੇ ਦੋ ਅੱਤਵਾਦੀਆਂ ਨੇ ਸੀ ਆਰ ਪੀ ਐੱਫ ਦੇ ਕੈਂਪ 'ਤੇ ਹਮਲਾ ਕਰ ਦਿੱਤਾ। ਕਰਨ ਨਗਰ ਇਲਾਕੇ 'ਚ ਸੀ ਆਰ ਪੀ ਐੱਫ ਕੈਂਪ ਤੋਂ ਗੋਲੀਬਾਰੀ ਦੀਆਂ ਆਵਾਜ਼ਾਂ ਸੁਣੀਆਂ ਗਈਆਂ, ਜਿਸ ਤੋਂ ਬਾਅਦ ਫੌਜ ਨੇ ਜਵਾਬੀ ਕਾਰਵਾਈ ਕੀਤੀ। ਦੋਵਾਂ ਪਾਸਿਆਂ ਤੋਂ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਮੁਕਾਬਲੇ ਵਿੱਚ ਸ਼ਾਮਲ ਦੋਵੇਂ ਅੱਤਵਾਦੀ ਦੋ ਵੱਖ-ਵੱਖ ਇਮਾਰਤਾਂ ਵਿੱਚ ਲੁਕੇ ਹੋਏ ਹਨ। ਇਨ੍ਹਾਂ ਦੋਵਾਂ ਅੱਤਵਾਦੀਆਂ ਨੂੰ ਸੋਮਵਾਰ ਸਵੇਰੇ ਹਥਿਆਰਾਂ ਸਮੇਤ ਸੀ ਆਰ ਪੀ ਐੱਫ ਦੇ ਕੈਂਪ ਨੇੜੇ ਦੇਖਿਆ ਗਿਆ। ਆਖਰੀ ਖ਼ਬਰਾਂ ਵੇਲੇ ਦੋਵਾਂ ਧਿਰਾਂ ਵਿੱਚ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਸੀ।