ਸੋਸ਼ਲ ਮੀਡੀਆ 'ਤੇ ਗੈਂਗਸਟਰਾਂ ਤੇ ਅਪਰਾਧੀਆਂ ਦੀਆਂ ਧਮਕੀਆਂ ਦਾ ਹੁਣ ਠੋਕਵਾਂ ਜਵਾਬ ਦੇਵੇਗੀ ਪੰਜਾਬ ਪੁਲਸ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਸੂਬੇ ਦੇ ਪੁਲਸ ਮੁਖੀ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਪੰਜਾਬ ਪੁਲਸ ਨੇ ਗੈਂਗਸਟਰਾਂ ਤੇ ਅਪਰਾਧੀਆਂ ਦੀ ਵਧ ਰਹੀ ਧਮਕੀ ਦਾ ਸਾਹਮਣਾ ਕਰਨ ਲਈ ਸੋਸ਼ਲ ਮੀਡੀਆ 'ਤੇ ਆਪਣਾ ਖਾਤਾ ਖੋਲ੍ਹ ਕੇ ਜਵਾਬੀ ਕਾਰਵਾਈ ਲਈ ਤਿਆਰੀ ਖਿੱਚ ਲਈ ਹੈ। ਇਸ ਆਨਲਾਈਨ ਮੁਹਿੰਮ ਦੀ ਸ਼ੁਰੂਆਤ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ। ਇਸ ਨਾਲ ਪੰਜਾਬ ਪੁਲਸ ਦਾ ਫੇਸਬੁੱਕ ਪੇਜ (www.facebook.com/ PunjabPolice9ndia), ਪੁਲੀਸ ਦੇ ਟਵਿੱਟਰ ਅਕਾਊਂਟ (www.twitter.com/ PunjabPolice), ਡੀ ਜੀ ਪੀ ਦੇ ਟਵਿੱਟਰ ਅਕਾਊਂਟ ਅਤੇ ਪੰਜਾਬ ਪੁਲਸ ਦੇ ਯੂ ਟਿਊਬ ਚੈਨਲ ਨਾਲ ਪੁਲਸ ਨੇ ਸੋਸ਼ਲ ਮੀਡੀਆ 'ਤੇ ਖਾਤਾ ਖੋਲ੍ਹਿਆ ਹੈ। ਰਸਮੀ ਸ਼ੁਰੂਆਤ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੁਲਸ ਦੀ ਸੋਸ਼ਲ ਮੀਡੀਆ ਮੁਹਿੰਮ ਨਾਲ ਜਿੱਥੇ ਪੁਲਸ ਤੇ ਲੋਕਾਂ ਦਰਮਿਆਨ ਦੂਰੀਆਂ ਮਿਟਣਗੀਆਂ, ਉਥੇ ਹੀ ਸੂਬੇ ਵਿੱਚ ਦਹਿਸ਼ਤ ਮਚਾਉਣ ਲਈ ਗੈਂਗਸਟਰਾਂ ਅਤੇ ਅਪਰਾਧੀਆਂ ਵੱਲੋਂ ਸ਼ੋਸਲ ਮੀਡੀਆ 'ਤੇ ਕੀਤੀ ਜਾਂਦੀ ਬਦਜ਼ਬਾਨੀ ਨੂੰ ਵੀ ਨੱਥ ਪਏਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਅਕਾਊਂਟ ਸੂਚਨਾ ਦਾ ਪਾਸਾਰ, ਫੀਡਬੈਕ, ਸ਼ਿਕਾਇਤ ਪ੍ਰਣਾਲੀ ਲਈ ਪ੍ਰਭਾਵਸ਼ਾਲੀ ਮੰਚ ਮੁਹੱਈਆ ਕਰਵਾਉਣਗੇ। ਉਨ੍ਹਾ ਪੁਲਸ ਨੂੰ ਫੋਰਸ ਅਤੇ ਨਾਗਰਿਕਾਂ ਦੇ ਆਪਸੀ ਹਿੱਤ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ ਆਖਿਆ।