ਸ਼ੋਪਿਆਂ ਫਾਇਰਿੰਗ ਮਾਮਲਾ; ਮੇਜਰ ਆਦਿੱਤਿਆ ਖਿਲਾਫ ਐੱਫ ਆਈ ਆਰ 'ਤੇ ਸੁਪਰੀਮ ਕੋਰਟ ਨੇ ਰੋਕ ਲਾਈ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਜੰਮੂ-ਕਸ਼ਮੀਰ ਦੇ ਸ਼ੋਪਿਆਂ 'ਚ ਫੌਜ ਦੀ ਗੋਲੀਬਾਰੀ 'ਚ ਪੱਥਰਬਾਜ਼ਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸ 'ਚ 10 ਗੜਵਾਲ ਰਾਈਫ਼ਲਜ਼ ਦੇ ਮੇਜਰ ਆਦਿੱਤਿਆ ਕੁਮਾਰ ਖਿਲਾਫ਼ ਵੀ ਐੱਫ ਆਈ ਆਰ ਦਰਜ ਹੋਈ ਸੀ, ਜਿਸ ਖਿਲਾਫ਼ ਮੇਜਰ ਦੇ ਪਿਤਾ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਮੇਜਰ ਆਦਿੱਤਿਆ ਦੇ ਪਿਤਾ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ, ਜਿਸ 'ਚ ਕੋਰਟ ਨੇ ਮੇਜਰ ਆਦਿੱਤਿਆ ਖਿਲਾਫ਼ ਐੱਫ ਆਈ ਆਰ 'ਤੇ ਅੰਤ੍ਰਿਮ ਰੋਕ ਲਾਉਣ ਦਾ ਆਦੇਸ਼ ਦਿੱਤਾ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰ ਤੋਂ ਇਸ ਮਾਮਲੇ 'ਤੇ ਜਵਾਬ ਵੀ ਮੰਗਿਆ ਹੈ। ਮੇਜਰ ਆਦਿੱਤਿਆ ਕੁਮਾਰ ਦੇ ਪਿਤਾ ਲੈਫਟੀਨੈਂਟ ਕਰਨਲ ਕਰਮਵੀਰ ਸਿੰਘ ਨੇ ਸੁਪਰੀਮ ਕੋਰਟ 'ਚ ਦਾਖਲ ਪਟੀਸ਼ਨ 'ਚ ਕਿਹਾ ਹੈ ਕਿ ਰਾਸ਼ਟਰੀ ਝੰਡੇ ਦੇ ਸਨਮਾਨ ਦੀ ਰੱਖਿਆ ਲਈ ਅਤੇ ਜਾਨ ਦੀ ਬਾਜ਼ੀ ਲਾਉਣ ਵਾਲੇ ਭਾਰਤੀ ਫੌਜੀ ਜਵਾਨਾਂ ਦੇ ਮਨੋਬਲ ਦੀ ਰੱਖਿਆ ਕੀਤੀ ਜਾਵੇ।
27 ਜਨਵਰੀ ਨੂੰ ਜੰਮੂ ਕਸ਼ਮੀਰ ਦੇ ਸ਼ੋਪਿਆਂ 'ਚ ਪੱਥਰਬਾਜ਼ਾਂ 'ਤੇ ਫੌਜ ਦੀ ਫਾਇਰਿੰਗ 'ਚ ਦੋ ਪੱਥਰਬਾਜ਼ਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਨੂੰ ਲੈ ਕੇ ਕਾਫ਼ੀ ਵਿਰੋਧ ਪ੍ਰਦਰਸ਼ਨ ਹੋਏ ਸਨ। ਇਸ ਫਾਇਰਿੰਗ ਦਾ ਆਦੇਸ਼ ਦੇਣ ਨੂੰ ਲੈ ਕੇ ਮੇਜਰ ਆਦਿੱਤਿਆ ਖਿਲਾਫ਼ ਕੇਸ ਦਰਜ ਕੀਤਾ ਗਿਆ। ਰਾਜ ਸਰਕਾਰ ਦੀ ਇਸ ਕਾਰਵਾਈ ਨੂੰ ਲੈ ਕੇ ਪੂਰੇ ਦੇਸ਼ 'ਚ ਵਿਰੋਧ ਹੋਇਆ ਸੀ।
ਇਸ ਤੋਂ ਬਾਅਦ ਆਦਿੱਤਿਆ ਦੇ ਪਿਤਾ ਨੇ ਖੁਦ ਮੋਰਚਾ ਸੰਭਾਲਿਆ ਅਤੇ ਉਨ੍ਹਾਂ ਨੇ ਸੁਪਰੀਮ ਕੋਰਟ 'ਚ ਜਨਹਿਤ ਪਟੀਸ਼ਨ ਦਾਖ਼ਲ ਕੀਤੀ। ਪਟੀਸ਼ਨ 'ਚ ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਪੁਲਸ ਨੇ ਇਸ ਮਾਮਲੇ 'ਚ ਉਨ੍ਹਾਂ ਦੇ ਅਧਿਕਾਰੀ ਬੇਟੇ ਨੂੰ ਦੋਸ਼ੀ ਬਣਾ ਕੇ ਮਨਮਰਜ਼ੀ ਤੋਂ ਕੰਮ ਲਿਆ। ਇਹ ਜਾਣਦਿਆਂ ਵੀ ਕਿ ਉਹ ਘਟਨਾ ਸਮੇਂ ਉਥੇ ਮੌਜੂਦ ਨਹੀਂ ਸੀ ਅਤੇ ਸੈਨਾ ਸ਼ਾਂਤੀਪੂਰਵਕ ਕੰਮ ਰਹੀ ਸੀ, ਜਦਕਿ ਹਿੰਸਕ ਭੀੜ ਦੀ ਵਜ੍ਹਾ ਨਾਲ ਉਹ ਸਰਕਾਰੀ ਸੰਪਤੀ ਨੂੰ ਬਚਾਉਣ ਲਈ ਕਾਨੂੰਨੀ ਤੌਰ 'ਤੇ ਕਾਰਵਾਈ ਕਰਨ ਲਈ ਭੀੜ ਨੂੰ ਮਜਬੂਰ ਕੀਤਾ। ਫੌਜ ਦਾ ਇਹ ਕਾਫ਼ਲਾ ਕੇਂਦਰ ਸਰਕਾਰ ਦੇ ਆਦੇਸ਼ਾਂ 'ਤੇ ਜਾ ਰਿਹਾ ਸੀ ਅਤੇ ਉਨ੍ਹਾਂ ਦੇ ਹੁਕਮਾਂ ਦੀ ਪਾਲਣ ਕਰ ਰਹੇ ਸਨ।