ਐੱਸ ਬੀ ਆਈ ਨੇ 20 ਹਜ਼ਾਰ ਕਰੋੜ ਤੋਂ ਵੱਧ ਦਾ ਕਰਜ਼ ਵੱਟੇ-ਖਾਤੇ ਪਾਇਆ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦੇਸ਼ ਦੀਆਂ ਲਗਭੱਗ ਸਾਰੀਆਂ ਸਰਕਾਰੀ ਬੈਂਕਾਂ ਡੁੱਬੇ ਹੋਏ ਕਰਜ਼ੇ ਦੀ ਮਾਰ ਝੱਲ ਰਹੀਆਂ ਹਨ। ਹਾਲਾਂਕਿ ਭਾਰਤੀ ਸਟੇਟ ਬੈਂਕ 'ਤੇ ਇਸ ਦੀ ਮਾਰ ਸਭ ਤੋਂ ਜ਼ਿਆਦਾ ਪਈ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸ ਬੀ ਆਈ ਨੇ 2016-17 ਵਿੱਚ 20,339 ਕਰੋੜ ਰੁਪਏ ਦੀ ਕਰਜ਼ ਰਾਸ਼ੀ (ਐੱਨ ਪੀ ਏ) ਨੂੰ ਵੱਟੇ ਖਾਤੇ ਵਿੱਚ ਪਾ ਦਿੱਤਾ ਹੈ। ਇਹ ਸਾਰੀਆਂ ਸਰਕਾਰੀ ਬੈਂਕਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਰਾਸ਼ੀ ਹੈ, ਜੋ ਵੱਟੇ-ਖਾਤੇ ਵਿੱਚ ਪਾਈ ਗਈ ਹੈ।
2016-17 ਵਿੱਚ ਇਸ ਤਰ੍ਹਾਂ ਕੁਝ ਮਿਲਾ ਕੇ ਸਰਕਾਰੀ ਬੈਂਕਾਂ ਵੱਲੋਂ 81,683 ਕਰੋੜ ਰੁਪਏ ਦੀ ਰਾਸ਼ੀ ਵੱਟੇ-ਖਾਤੇ ਵਿੱਚ ਪਾਈ ਗਈ। ਇਹ ਅੰਕੜੇ ਉਦੋਂ ਦੇ ਹਨ, ਜਦੋਂ ਭਾਰਤੀ ਸਟੇਟ ਬੈਂਕ ਦੇ ਸਹਿਯੋਗੀ ਬੈਂਕਾਂ ਦਾ ਉਸ ਵਿੱਚ ਰਲੇਵਾਂ ਨਹੀਂ ਹੋਇਆ ਸੀ। ਇਸ ਤੋਂ ਪਹਿਲਾਂ ਵਿੱਤੀ ਸਾਲ 2012-13 ਵਿੱਚ ਇਹ ਸਥਿਤੀ ਇਸ ਤੋਂ ਘੱਟ ਮਾੜੀ ਸੀ। ਇਸ ਦੌਰਾਨ ਬੈਂਕਾਂ ਦਾ 27, 231 ਕਰੋੜ ਰੁਪਏ ਵੱਟੇ ਖਾਤੇ ਵਿੱਚ ਸ਼ਾਮਲ ਸੀ। ਕੇਵਲ 5 ਸਾਲ ਦੌਰਾਨ ਵੱਟੇ-ਖਾਤੇ ਵਿੱਚ ਪਾਈ ਗਈ ਰਾਸ਼ੀ ਵਿੱਚ ਤਿੰਨ ਗੁਣਾਂ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਸ ਤਰ੍ਹਾਂ ਵਿੱਤੀ ਸਾਲ 2013-14 ਵਿੱਚ ਸਰਕਾਰੀ ਬੈਂਕਾਂ ਨੇ 34,409 ਕਰੋੜ ਰੁਪਏ ਦੇ ਫਸੇ ਕਰਜ਼ੇ ਨੂੰ ਵੱਟੇ-ਖਾਤੇ ਵਿੱਚ ਪਾਇਆ ਸੀ। ਵਿੱਤੀ ਸਾਲ 2013-14 ਦੇ ਮੁਕਾਬਲੇ 2014-15 ਵਿੱਚ ਇਹ ਰਾਸ਼ੀ ਵਧ ਗਈ। ਇਸ ਦੌਰਾਨ ਇਹ 49,018 ਕਰੋੜ ਰੁਪਏ ਤੱਕ ਪਹੁੰਚ ਗਈ। 2015-16 ਵਿੱਚ ਇਹ 57,585 ਕਰੋੜ ਹੋਈ। ਇਸ ਦੇ ਬਾਅਦ ਮਾਰਚ 2017 ਨੂੰ ਖਤਮ ਹੋਏ ਵਿੱਤੀ ਸਾਲ ਵਿੱਚ ਇਸ ਰਾਸ਼ੀ ਨੇ 81, 683 ਕਰੋੜ ਰੁਪਏ ਦਾ ਅੰਕੜਾ ਛੂਹ ਲਿਆ। ਚਾਲੂ ਵਿੱਤੀ ਸਾਲ ਦੀ ਗੱਲ ਕਰੀਏ ਤਾਂ ਇਸ ਵਿੱਚ ਡੁੱਬੇ ਹੋਏ ਕਰਜ਼ੇ ਨੂੰ ਵੱਟੇ-ਖਾਤੇ ਪਾਉਣ ਦਾ ਸਿਲਸਿਲਾ ਜਾਰੀ ਹੈ। ਸਤੰਬਰ ਛਿਮਾਹੀ ਤੱਕ ਸਰਕਾਰੀ ਬੈਂਕ ਨੇ 53,625 ਕਰੋੜ ਦੇ ਕਰਜ਼ ਨੂੰ ਵੱਟੇ-ਖਾਤੇ ਵਿੱਚ ਪਾਇਆ। ਰਾਈਟ ਆਫ ਜਾਂ ਵੱਟੇ-ਖਾਤੇ ਵਿੱਚ ਬੈਂਕ ਉਸੇ ਕਰਜ਼ਾ ਰਾਸ਼ੀ ਨੂੰ ਪਾਉਂਦਾ ਹੈ, ਜੋ ਡੁੱਬ ਜਾਂਦੀ ਹੈ। ਰਾਈਟ ਆਫ ਕਰਨ ਦਾ ਮਤਲਬ ਹੈ ਕਿ ਬੈਂਕ ਇਸ ਨੂੰ ਆਪਣੀ ਬੈਂਲੈਂਸ ਸ਼ੀਟ ਤੋਂ ਹਟਾ ਦਿੰਦਾ ਹੈ, ਹਾਂਲਾਕਿ ਇਸ ਨੂੰ ਰਿਕਵਰ ਕਰਨ ਦੇ ਯਤਨ ਜਾਰੀ ਰਹਿੰਦੇ ਹਨ।