ਫੌਜ 'ਤੇ ਦਿੱਤੇ ਭਾਗਵਤ ਦੇ ਬਿਆਨ ਨੂੰ ਰਾਹੁਲ ਨੇ ਦੱਸਿਆ ਸ਼ਰਮਨਾਕ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ ਐੱਸ ਐੱਸ) ਮੁਖੀ ਮੋਹਨ ਭਾਗਵਤ ਦੇ ਬਿਆਨ ਨੂੰ ਦੇਸ਼ ਦੇ ਹਰ ਨਾਗਰਿਕ ਦਾ ਅਪਮਾਨ ਦੱਸਿਆ ਹੈ, ਕਿਉਂਕਿ ਉਨ੍ਹਾ ਦਾ ਬਿਆਨ ਉਨ੍ਹਾਂ ਲੋਕਾਂ ਦਾ ਅਪਮਾਨ ਕਰਦਾ ਹੈ, ਜਿਨ੍ਹਾਂ ਦੇਸ਼ ਲਈ ਕੁਰਬਾਨੀ ਦਿੱਤੀ ਹੈ। ਰਾਹੁਲ ਨੇ ਭਾਗਵਤ ਦੇ ਬਿਆਨ ਨੂੰ ਸ਼ਰਮਨਾਕ ਦੱਸਦੇ ਹੋਏ ਮੁਆਫ਼ੀ ਮੰਗਣ ਦੀ ਗੱਲ ਕਹੀ ਹੈ। ਉਨ੍ਹਾ ਭਾਗਵਤ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਾਡੇ ਦੇਸ਼ ਦੇ ਸ਼ਹੀਦਾਂ ਅਤੇ ਫੌਜ ਦਾ ਅਪਮਾਨ ਕਰਨ ਕਾਰਨ ਭਾਗਵਤ 'ਤੇ ਸ਼ਰਮ ਆਉਂਦੀ ਹੈ।
ਜ਼ਿਕਰਯੋਗ ਹੈ ਕਿ ਮੋਹਨ ਭਾਗਵਤ ਨੇ ਕਿਹਾ ਸੀ ਕਿ ਜੇਕਰ ਲੋੜ ਪਈ ਤਾਂ ਦੇਸ਼ ਲਈ ਲੜਨ ਦੀ ਖਾਤਰ ਆਰ ਐੱਸ ਐੱਸ ਕੋਲ ਤਿੰਨ ਦਿਨ ਦੇ ਅੰਦਰ ਫੌਜ ਤਿਆਰ ਕਰਨ ਦੀ ਸਮਰੱਥਾ ਹੈ। 6 ਦਿਨਾ ਮੁਜ਼ੱਫਰਪੁਰ ਯਾਤਰਾ ਦੇ ਸੋਮਵਾਰ ਨੂੰ ਆਖਰੀ ਦਿਨ ਦੀ ਸਵੇਰ ਜ਼ਿਲ੍ਹਾ ਸਕੂਲ ਮੈਦਾਨ 'ਚ ਆਰ ਐੱਸ ਐੱਸ ਦੇ ਸੋਇਮ ਸੇਵਕਾਂ ਨੂੰ ਸੰਬੋਧਨ ਕਰਦੇ ਹੋਏ ਭਾਗਵਤ ਨੇ ਕਿਹਾ ਕਿ ਫੌਜ ਨੂੰ ਕਰਮਚਾਰੀਆਂ ਨੂੰ ਤਿਆਰ ਕਰਨ 'ਚ 6-7 ਮਹੀਨੇ ਲੱਗ ਜਾਣਗੇ, ਪਰ ਸੰਘ ਦੇ ਸੋਇਮ ਸੇਵਕਾਂ ਨੂੰ ਲੈ ਕੇ ਇਹ ਤਿੰਨ ਦਿਨ 'ਚ ਤਿਆਰ ਹੋ ਜਾਵੇਗੀ।