ਪਾਕਿਸਤਾਨ ਵੱਲੋਂ ਹਾਫਿਜ਼ ਸਈਦ ਅੱਤਵਾਦੀ ਕਰਾਰ


ਇਸਲਾਮਾਬਾਦ
(ਨਵਾਂ ਜ਼ਮਾਨਾ ਸਰਵਿਸ)
ਅਮਰੀਕਾ ਸਮੇਤ ਕਈ ਦੇਸ਼ਾਂ ਦੇ ਦਬਾਅ ਤੋਂ ਪਾਕਿਸਤਾਨ ਨੇ ਆਖਰਕਾਰ ਹਾਫਿਜ਼ ਸਈਦ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਮੰਗਲਵਾਰ ਨੂੰ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਐਂਟੀ ਟੈਰੇਜ਼ਿਮ ਐਕਟ ਨਾਲ ਜੁੜੇ ਆਰਡੀਨੈਂਸ 'ਤੇ ਦਸਤਖ਼ਤ ਕਰ ਦਿੱਤੇ ਹਨ। ਇਸ ਤਹਿਤ ਹੁਣ ਪਾਕਿਸਤਾਨ ਸਰਕਾਰ ਨੂੰ ਉਨ੍ਹਾਂ ਅੱਤਵਾਦੀ ਜਥੇਬੰਦੀਆਂ ਦੇ ਦਫ਼ਤਰ ਅਤੇ ਖਾਤੇ ਬੰਦ ਕਰਨੇ ਹੋਣਗੇ, ਜਿਨ੍ਹਾਂ ਉਪਰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਪਾਬੰਦੀ ਲਾਈ ਹੈ। ਇਸ ਆਰਡੀਨੈਂਸ ਵਿੱਚ ਅੱਤਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ, ਜਮਾਤ ਉਦ ਦਾਵਾ ਅਤੇ ਹਰਕਤ ਉਲ ਮੁਜਾਹਦੀਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਅੱਤਵਾਦੀ ਜਥੇਬੰਦੀਆਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਪਾਬੰਦੀਸ਼ੁਦਾ ਸੂਚੀ ਵਿੱਚ ਸ਼ਾਮਲ ਹਨ। ਸੰਯੁਕਤ ਰਾਸ਼ਟਰ ਦੀ ਇਸ ਸੂਚੀ ਵਿੱਚ 27 ਅੱਤਵਾਦੀ ਜਥੇਬੰਦੀਆਂ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਹੁਣ ਤੱਕ ਪਾਕਿਸਤਾਨ ਇਨ੍ਹਾਂ ਅੱਤਵਾਦੀ ਜਥੇਬੰਦੀਆਂ ਵਿਰੁੱਧ ਮਰਜ਼ੀ ਨਾਲ ਕਾਰਵਾਈ ਕਰਦਾ ਆ ਰਿਹਾ ਹੈ, ਜੋ ਕਿ ਸਿਰਫ਼ ਦਿਖਾਵੇ ਵਜੋਂ ਹੀ ਹੁੰਦੀ ਆ ਰਹੀ ਹੈ।
ਉਧਰ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਲਹਿੰਦੇ ਪੰਜਾਬ ਦੀ ਪੁਲਸ ਨੇ ਅੱਤਵਾਦੀ ਹਾਫਿਜ਼ ਸਈਦ ਨਾਲ ਸੰਬੰਧਿਤ ਅੱਤਵਾਦੀ ਜਥੇਬੰਦੀ ਜਮਾਤ ਉਦ ਦਾਵਾ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਜਮਾਤ ਉਦ ਦਾਵਾ ਦੇ ਹੈੱਡਕੁਆਟਰ ਦੇ ਬਾਹਰ ਲਾਈ ਗਈ ਸੁਰੱਖਿਆ ਵਾਪਸ ਲੈ ਲਈ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸਾਕਿਬ ਨਸਾਰ ਨੇ ਪੰਜਾਬ ਪੁਲਸ ਨੂੰ ਲਾਹੌਰ ਵਿੱਚ ਸੁਰੱਖਿਆ ਦੇ ਨਾਂਅ 'ਤੇ ਲਾਈਆਂ ਗਈਆਂ ਸਾਰੀਆਂ ਰੋਕਾਂ ਖਤਮ ਕਰਨ ਦੇ ਹੁਕਮ ਦਿੱਤੇ ਹਨ। ਕੌਮੀ ਅੱਤਵਾਦ ਰੋਕਥਾਮ ਅਥਾਰਟੀ ਨੇ ਇਨ੍ਹਾਂ ਨਵੇਂ ਫੈਸਲਿਆਂ ਦੀ ਪੁਸ਼ਟੀ ਕੀਤੀ ਹੈ। ਅਥਾਰਟੀ ਮੁਤਾਬਕ ਹੁਣ ਗ੍ਰਹਿ ਮੰਤਰਾਲਾ, ਖਜ਼ਾਨਾ ਮੰਤਰਾਲਾ, ਵਿਦੇਸ਼ ਮੰਤਰਾਲਾ ਅਤੇ ਕੌਮੀ ਅੱਤਵਾਦ ਰੋਕਥਾਮ ਅਥਾਰਟੀ ਅੱਤਵਾਦ ਫੰਡਿੰਗ ਵਿਰੁੱਧ ਮਿਲ ਕੇ ਕੰਮ ਕਰਨਗੇ।
ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਇਸ ਫੈਸਲੇ ਨਾਲ ਅਲ ਕਾਇਦਾ, ਤਹਿਰੀਕ ਏ ਤਾਲਿਬਾਨ ਪਾਕਿਸਤਾਨ, ਲਸ਼ਕਰ ਝੰਗਵੀ, ਜਮਾਤ ਉਦ ਦਾਵਾ, ਫਲਾ-ਏ-ਇਨਸਾਨੀਅਤ ਫਾਊਂਡੇਸ਼ਨ ਅਤੇ ਲਸ਼ਕਰ-ਏ-ਤੋਇਬਾ ਨੂੰ ਵਿਦੇਸ਼ਾਂ ਤੋਂ ਆ ਰਹੀ ਫੰਡਿੰਗ ਬੰਦ ਹੋ ਜਾਵੇਗੀ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਸੀ ਕਿ ਪਾਕਿਸਤਾਨ ਅਰਾਜਕਤਾ, ਹਿੰਸਾ ਅਤੇ ਅੱਤਵਾਦ ਫੈਲਾਉਣ ਵਾਲਿਆਂ ਨੂੰ ਪਨਾਹ ਦਿੰਦਾ ਹੈ। ਇਸ ਤੋਂ ਬਾਅਦ ਦੋਵਾਂ ਮੁਲਕਾਂ ਦੇ ਵਿਚਕਾਰ ਖਟਾਸ ਪੈਦਾ ਹੋ ਗਈ ਸੀ। ਇਸ ਤੋਂ ਬਾਅਦ ਟਰੰਪ ਨੇ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਆਰਥਕ ਸਹਾਇਤ ਬੰਦ ਕਰ ਦਿੱਤੀ ਸੀ।
ਹਾਫ਼ਿਜ਼ ਸਈਦ ਪਾਕਿਸਤਾਨ ਸਥਿਤ ਅੱਤਵਾਦੀ ਜਥੇਬੰਦੀ ਲਸ਼ਕਰ-ਏ-ਤਾਇਬਾ ਦਾ ਬਾਨੀ ਹੈ ਅਤੇ ਬਾਅਦ 'ਚ ਉਸ ਨੇ ਫੱਟਾ ਜਮਾਤ-ਉਦ-ਦਾਵਾ ਬਣਾ ਲਈ ਸੀ। ਹਾਫ਼ਿਜ਼ ਸਈਦ 26 ਨਵੰਬਰ 2008 ਨੂੰ ਭਾਰਤ ਦੀ ਸੰਸਦ 'ਤੇ ਹੋਏ ਅੱਤਵਾਦੀ ਹਮਲੇ ਦਾ ਮੁੱਖ ਸਾਜ਼ਿਸ਼-ਘਾੜਾ ਹੈ। ਅਮਰੀਕਾ ਨੇ 2008 'ਚ ਹਾਫ਼ਿਜ਼ ਸਈਦ ਨੂੰ ਖੂੰਖਾਰ ਅੱਤਵਾਦੀ ਐਲਾਨਿਆ ਸੀ ਅਤੇ ਉਸ ਦੇ ਸਿਰ ਉਪਰ 1 ਕਰੋੜ ਡਾਲਰ ਇਨਾਮ ਰੱਖਿਆ ਸੀ। ਭਾਰਤੀ ਕਰੰਸੀ 'ਚ ਇਹ ਰਕਮ 65 ਕਰੋੜ ਰੁਪਏ ਅਤੇ ਪਾਕਿਸਤਾਨੀ ਕਰੰਸੀ 'ਚ ਇਹ ਰਕਮ 90 ਕਰੋੜ ਬਣਦੀ ਹੈ। ਪਾਕਿਸਤਾਨ ਹੁਣ ਤੱਕ ਹਾਫ਼ਿਜ਼ ਸਈਦ ਵਿਰੁੱਧ ਕਾਰਵਾਈ ਕਰਨ ਤੋਂ ਆਨਾਕਾਨੀ ਕਰਦਾ ਆ ਰਿਹਾ ਹੈ ਅਤੇ ਉਸ ਨੂੰ ਪਾਕਿਸਤਾਨੀ ਫ਼ੌਜ ਅਤੇ ਉਸ ਦੀ ਖੁਫ਼ੀਆ ਏਜੰਸੀ ਆਈ ਐੱਸ ਆਈ ਦੀ ਸਰਪ੍ਰਸਤੀ ਹਾਸਲ ਰਹੀ ਹੈ। ਸਿਰਫ਼ ਦਿਖਾਏ ਵਜੋਂ ਉਸ ਨੂੰ ਸਾਲ 2016-17 ਦਰਮਿਆਨ ਘਰ 'ਚ ਨਜ਼ਰਬੰਦ ਰੱਖਿਆ ਗਿਆ, ਪਰ ਉਹ ਘਰ ਤੋਂ ਹੀ ਆਪਣੀਆਂ ਅੱਤਵਾਦੀ ਸਰਗਰਮੀਆਂ ਚਲਾਉਂਦਾ ਰਿਹਾ।
ਪਾਕਿਸਤਾਨ ਦੀ ਸਮੱਸਿਆ ਇਹ ਰਹੀ ਹੈ ਕਿ ਉਹ ਅਦਾਲਤ 'ਚ ਹਾਫ਼ਿਜ਼ ਵਿਰੁੱਧ ਸਬੂਤ ਅਤੇ ਗਵਾਹ ਹੀ ਪੇਸ਼ ਨਹੀਂ ਕਰ ਸਕਿਆ। ਹਾਫ਼ਿਜ਼ ਸਈਦ ਦਾ ਦਫ਼ਤਰ ਲਾਹੌਰ 'ਚ ਹੈ, ਜਿਸ ਨੂੰ ਜਾਣ ਵਾਲੇ ਸਾਰੇ ਰਸਤਿਆਂ 'ਤੇ ਬੈਰੀਕੇਡ ਲਾਏ ਗਏ ਸਨ, ਉਥੋਂ ਆਮ ਲੋਕਾਂ ਦਾ ਲਾਂਘਾ ਬੰਦ ਹੈ। ਲਾਹੌਰ ਪੁਲਸ ਦਾ ਆਈ ਜੀ ਅਦਾਲਤੀ ਹੁਕਮਾਂ ਮੁਤਾਬਕ ਇਸ ਸੰਬੰਧੀ ਹੁਕਮ ਦਸਤੀ ਲੈ ਕੇ ਗਿਆ ਅਤੇ ਉਥੋਂ ਬੈਰੀਕੇਡ ਹਟਾਏ ਗਏ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਹਾਲ ਹੀ ਵਿੱਚ ਨਿਊ ਯਾਰਕ ਫੇਰੀ ਦੌਰਾਨ ਮੰਨਿਆ ਸੀ ਕਿ ਹਾਫ਼ਿਜ਼ ਉਨ੍ਹਾਂ ਲਈ ਵੱਡੀ ਮੁਸੀਬਤ ਬਣ ਚੁੱਕਿਆ ਹੈ।