ਸੁੰਜਵਾਂ ਹਮਲੇ 'ਚ 7 ਸ਼ਹੀਦ ਜਵਾਨਾਂ 'ਚ 5 ਕਸ਼ਮੀਰੀ ਮੁਸਲਮਾਨ ਸ਼ਾਮਲ : ਓਵੈਸੀ

ਹੈਦਰਾਬਾਦ (ਨਵਾਂ ਜ਼ਮਾਨਾ ਸਰਵਿਸ)
ਏ ਆਈ ਐੱਮ ਆਈ ਐੱਮ ਮੁਖੀ ਅਸਦੁਦੀਨ ਓਵੈਸੀ ਨੇ ਜੰਮੂ ਦੇ ਸੁੰਜਵਾਂ ਆਰਮੀ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਅੱਤਵਾਦੀ ਹਮਲੇ ਵਿੱਚ ਸ਼ਹੀਦ ਜਵਾਨਾਂ ਦੇ ਬਹਾਨੇ ਇਸ ਮੁੱਦੇ ਨੂੰ ਸਿਆਸੀ ਰੰਗ ਦਿੰਦੇ ਹੋਏ ਓਵੈਸੀ ਨੇ ਕਿਹਾ ਕਿ ਸੱਤ ਵਿੱਚੋਂ ਪੰਜ ਲੋਕ ਕਸ਼ਮੀਰੀ ਮੁਸਲਮਾਨ ਸਨ, ਜੋ ਮਾਰੇ ਗਏ ਹਨ। ਓਵੈਸੀ ਨੇ ਕਿਹਾ ਜੋ ਮੁਸਲਮਾਨਾਂ ਨੂੰ ਅੱਜ ਵੀ ਪਾਕਿਸਤਾਨੀ ਸਮਝਦੇ ਹਨ, ਉਨ੍ਹਾਂ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈ। ਇਸ ਦੌਰਾਨ ਉਹਨਾ ਜੰਮੂ-ਕਸ਼ਮੀਰ ਵਿੱਚ ਸੱਤਾਧਾਰੀ ਪੀ ਡੀ ਪੀ-ਭਾਜਪਾ ਗੱਠਜੋੜ 'ਤੇ ਵੀ ਨਿਸ਼ਾਨਾ ਲਗਾਇਆ। ਓਵੈਸੀ ਨੇ ਕਿਹਾ ਕਿ ਦੋਵੇਂ ਮਿਲ ਕੇ ਡਰਾਮਾ ਕਰ ਰਹੇ ਹਨ ਅਤੇ ਬੈਠ ਕੇ ਖਾ ਰਹੇ ਹਨ। ਜ਼ਿਕਰਯੋਗ ਹੈ ਕਿ ਸੁੰਜਵਾਂ ਆਰਮੀ ਕੈਂਪ 'ਤੇ ਹੋਏ ਅੱਤਵਾਦੀ ਹਮਲੇ ਵਿੱਚ 6 ਜਵਾਨ ਸ਼ਹੀਦ ਹੋ ਚੁੱਕੇ ਹਨ, ਜਦਕਿ ਇੱਕ ਆਮ ਨਾਗਰਿਕ ਦੀ ਵੀ ਮੌਤ ਹੋਈ ਹੈ। ਇਲਾਕੇ ਵਿੱਚ ਸੈਨਾ ਦਾ ਸਰਚ ਆਪਰੇਸ਼ਨ ਜਾਰੀ ਹੈ ਅਤੇ ਕੇਂਦਰ ਨੇ ਐੱਨ ਆਈ ਏ ਜਾਂਚ ਦੇ ਹੁਕਮ ਦਿੱਤੇ ਹਨ।
ਓਵੈਸੀ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਲੋਕਾਂ ਨੂੰ ਸਬਕ ਹਾਸਲ ਕਰਨਾ ਹੋਵੇਗਾ, ਜੋ ਮੁਸਲਮਾਨਾਂ ਦੀ ਵਫ਼ਾਦਾਰੀ 'ਤੇ ਸ਼ੱਕ ਕਰਦੇ ਹਨ। ਜੋ ਉਨ੍ਹਾਂ ਨੂੰ ਪਾਕਿਸਤਾਨੀ ਕਹਿ ਰਹੇ ਹਨ। ਉਹਨਾ ਕਿਹਾ ਪੀ ਡੀ ਪੀ-ਭਾਜਪਾ ਵਾਲੇ ਇਕੱਠੇ ਬੈਠ ਕੇ ਮਲਾਈ ਖਾ ਰਹੇ ਹਨ। ਇਹ ਲੋਕ ਕਦੋਂ ਤੱਕ ਡਰਾਮਾ ਕਰਦੇ ਰਹਿਣਗੇ। ਅੱਤਵਾਦੀ ਹਮਲੇ ਨੂੰ ਸਰਕਾਰ ਦੀ ਨਾਕਾਮੀ ਦੱਸਦੇ ਹੋਏ ਓਵੈਸੀ ਨੇ ਕਿਹਾ ਕਿ ਇਹ ਇਨ੍ਹਾਂ ਲੋਕਾਂ ਦੀ ਨਾਕਾਮੀ ਹੈ, ਹੁਣ ਇਹ ਸੋਚਣਾ ਹੈ ਕਿ ਇਸ ਦੀ ਜ਼ਿੰਮੇਵਾਰੀ ਕਿਸ ਸਿਰ ਹੋਵੇਗੀ।