ਪੰਜਾਬ ਨੈਸ਼ਨਲ ਬੈਂਕ 'ਚ ਖਰਬਾਂ ਦਾ ਘੁਟਾਲਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦੇਸ਼ ਦੇ ਸਭ ਤੋਂ ਵੱਧ ਵੱਕਾਰੀ ਬੈਂਕਾਂ ਵਿੱਚ ਸ਼ੁਮਾਰ ਪੰਜਾਬ ਨੈਸ਼ਨਲ ਬੈਂਕ ਵਿੱਚ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਦੀ ਮੁੰਬਈ ਬਰਾਂਚ ਵਿੱਚ ਇੱਕ ਖਰਬ 13 ਅਰਬ 51 ਕਰੋੜ 89 ਲੱਖ ਅਤੇ 50 ਹਜ਼ਾਰ ਰੁਪਏ ਦੇ ਲੈਣ-ਦੇਣ ਦਾ ਖੁਲਾਸਾ ਹੋਇਆ ਹੈ। ਇਸ ਖੁਲਾਸੇ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਪੰਜਾਬ ਨੈਸ਼ਨਲ ਬੈਂਕ ਦੇ ਸ਼ੇਅਰਾਂ ਦੀ ਕੀਮਤ ਵਿੱਚ ਭਾਰੀ ਗਿਰਵਾਟ ਦਰਜ ਕੀਤੀ ਗਈ ਹੈ। ਇਸ ਖੁਲਾਸੇ ਤੋਂ ਬਾਅਦ ਬੈਂਕ ਵੱਲੋਂ ਬੰਬਈ ਸਟਾਕ ਐਕਸਚੇਂਜ ਵਿੱਚ ਦਿੱਤੇ ਗਏ ਇਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਲੈਣ-ਦੇਣ ਕੁਝ ਚੁਣੀਂਦਾ ਖਾਤਾਧਾਰਕ ਨੂੰ ਲਾਭ ਪਹੁੰਚਾਉਣ ਲਈ ਉਨ੍ਹਾਂ ਦੀ ਸਹਿਮਤੀ ਨਾਲ ਦਿੱਤਾ ਗਿਆ, ਤਾਂ ਕਿ ਇਸ ਆਧਾਰ 'ਤੇ ਵਿਦੇਸ਼ ਵਿੱਚ ਇਨ੍ਹਾਂ ਗਾਹਕਾਂ ਨੂੰ ਦੂਸਰੇ ਬੈਂਕਾਂ ਤੋਂ ਵੀ ਚੰਗੇ ਪੈਸੇ ਮਿਲਦੇ ਰਹਿਣ।
ਜ਼ਿਰਕਯੋਗ ਹੈ ਕਿ ਪੰਜਾਬ ਨੈਸ਼ਨਲ ਬੈਂਕ ਦੇਸ਼ ਵਿੱਚ ਕਰਜ਼ ਦੇਣ ਵਾਲੀ ਦੂਜੀ ਸਭ ਤੋਂ ਵੱਡੀ ਬੈਂਕ ਹੈ ਅਤੇ ਜਾਇਦਾਦ ਦੇ ਮਾਮਲੇ ਵਿੱਚ ਚੌਥੀ ਸਭ ਤੋਂ ਵੱਡੀ ਬੈਂਕ ਹੈ। ਬੈਂਕ ਨੇ ਅਜੇ ਤੱਕ ਇਸ ਧੋਖਾਧੜੀ ਕਰਨ ਵਾਲੇ ਲੋਕਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ, ਲੇਕਿਨ ਕਿਹਾ ਹੈ ਕਿ ਇਸ ਸੌਦੇਬਾਜ਼ੀ ਦੀ ਸੂਚਨਾ ਇਨਫੋਰਸਮੈਂਟ ਏਜੰਸੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਹੁਣ ਇਸ ਦਾ ਮੁਲਾਂਕਣ ਕੀਤਾ ਜਾਵੇਗਾ ਕਿ ਇਸ ਲੈਣ-ਦੇਣ ਵਿੱਚ ਜਵਾਬਦੇਹੀ ਬਣਦੀ ਹੈ ਕਿ ਨਹੀਂ।
ਪੰਜਾਬ ਨੈਸ਼ਨਲ ਬੈਂਕ ਵੱਲੋਂ ਕਿਹਾ ਗਿਆ ਹੈ ਕਿ ਬੈਂਕ ਵਿੱਚ ਇਸ ਧੋਖਾਧੜੀ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੇਣਦਾਰੀ ਦਾ ਫੈਸਲਾ ਕਾਨੂੰਨ ਦੇ ਆਧਾਰ 'ਤੇ ਕੀਤਾ ਜਾਵੇਗਾ। ਸ਼ੇਅਰ ਬਾਜ਼ਾਰ ਵਿੱਚ ਬੁੱਧਵਾਰ ਸਵੇਰੇ ਕਾਰੋਬਾਰ ਪੱਧਰ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਸ਼ੇਅਰ 4.1 ਫੀਸਦੀ ਗਿਰਾਵਟ ਨਾਲ ਖੁੱਲ੍ਹੇ ਅਤੇ ਇਹ ਡਿੱਗ ਕੇ 5.7 ਫੀਸਦੀ ਤੱਕ ਚਲੇ ਗਏ। ਸ਼ੇਅਰਾਂ ਦੀ ਵਿੱਕਰੀ ਨਾਲ ਬੈਂਕ ਦੇ ਸ਼ੇਅਰ ਕਰੀਬ 8 ਫੀਸਦੀ ਟੁੱਟ ਗਏ। ਕਰੀਬ 12 ਵਜੇ ਬੈਂਕ ਦੇ ਸ਼ੇਅਰ 7.67 ਫੀਸਦੀ ਦੀ ਗਿਰਾਵਟ ਨਾਲ 149 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।
ਇਸ ਗਿਰਾਵਟ ਪਿੱਛੇ ਮੁੱਖ ਵਜ੍ਹਾ ਬੈਂਕ ਦੀ ਮੁੰਬਈ ਬਰਾਂਚ ਵਿੱਚ 177.17 ਕਰੋੜ ਡਾਲਰ ਦਾ ਫਰਾਡ ਦੱਸਿਆ ਜਾ ਰਿਹਾ ਹੈ। ਪੰਜਾਬ ਨੈਸ਼ਨਲ ਬੈਂਕ ਵਿੱਚ ਪਹਿਲਾਂ ਫਰਜ਼ੀ ਲੈਣ-ਦੇਣ ਦੇ ਦੋਸ਼ ਲੱਗਦੇ ਰਹੇ ਹਨ। ਕੇਂਦਰੀ ਜਾਂਚ ਬਿਓਰੋ ਸੀ ਬੀ ਆਈ ਨੇ ਦੱਸਿਆ ਕਿ ਪਿਛਲੇ ਹਫ਼ਤੇ ਦੇਸ਼ ਦੇ ਸਭ ਤੋਂ ਧਨਾਢ ਲੋਕਾਂ ਵਿੱਚ ਸ਼ੁਮਾਰ ਅਰਬਪਤੀ ਜੌਹਰੀ ਨਿਰਵਾਕ ਮੋਦੀ ਵਿਰੁੱਧ ਜਾਂਚ ਸ਼ੁਰੂ ਕੀਤੀ ਗਈ ਹੈ। ਜੌਹਰੀ ਅਤੇ ਕੁਝ ਹੋਰ ਲੋਕਾਂ ਉਪਰ ਪੀ ਐੱਨ ਬੀ ਨਾਲ 44 ਮਿਲੀਅਨ ਡਾਲਰ ਦਾ ਧੋਖਾਧੜੀ ਕਰਨ ਦਾ ਦੋਸ਼ ਹੈ।