ਪੰਜਾਬ ਰੋਡਵੇਜ਼ ਕਾਮਿਆਂ ਦੀ ਅੱਜ ਦੀ ਹੜਤਾਲ ਦਾ ਏਟਕ ਵੱਲੋਂ ਸਮੱਰਥਨ

ਪਟਿਆਲਾ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਸਟੇਟ ਕਮੇਟੀ ਏਟਕ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਅਤੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਨੇ 21 ਫਰਵਰੀ ਨੂੰ ਪੰਜਾਬ ਰੋਡਵੇਜ਼ ਵਿੱਚ ਕੰਮ ਕਰਦੀਆਂ ਜਥੇਬੰਦੀਆਂ ਦੇ ਸਾਂਝੇ ਐਕਸ਼ਨ ਵੱਲੋਂ ਆਪਣੇ ਹੱਕਾਂ ਅਤੇ ਅਦਾਰੇ ਦੀ ਬਰਬਾਦੀ ਨੂੰ ਬਚਾਉਣ ਲਈ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਇੱਕ ਰੋਜ਼ਾ ਮੁਕੰਮਲ ਹੜਤਾਲ ਦਾ ਜ਼ੋਰਦਾਰ ਸਮਰਥਨ ਕੀਤਾ ਅਤੇ ਪੰਜਾਬ ਸਰਕਾਰ ਦੀ ਪਬਲਿਕ ਸੈਕਟਰ ਵਿਰੋਧੀ ਨੀਤੀ ਅਤੇ ਮੁਲਾਜ਼ਮਾਂ ਪ੍ਰਤੀ ਅੱਤ ਦਾ ਭੈੜਾ ਰਵੱਈਆ ਅਖਤਿਆਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਜਿਹੜੀ ਕੈਪਟਨ ਸਰਕਾਰ ਇਹ ਦਾਅਵਾ ਕਰਦੀ ਸੀ ਕਿ ਉਹ ਪ੍ਰਾਈਵੇਟ ਟਰਾਂਸਪੋਰਟ ਮਾਫੀਏ ਦਾ ਖਾਤਮਾ ਕਰ ਦੇਵੇਗੀ, ਅੱਜ ਉਸੇ ਸਰਕਾਰ ਦਾ ਸਰਕਾਰੀ ਟਰਾਂਸਪੋਰਟ ਵਿਰੋਧੀ ਚਿਹਰਾ ਨੰਗਾ ਹੋ ਕੇ ਸਾਹਮਣੇ ਆਇਆ ਹੈ, ਜਦੋਂਕਿ ਮਾਫੀਏ ਤੋਂ ਮੁਕਤ ਕਰਾਉਣ ਦੀ ਕੋਈ ਟਰਾਂਸਪੋਰਟ ਨੀਤੀ ਸਾਹਮਣੇ ਨਹੀਂ ਲੈ ਕੇ ਆਈ, ਜਦਕਿ ਅਦਾਲਤਾਂ ਵੱਲੋਂ ਡੇਢ ਸਾਲ ਪਹਿਲਾਂ ਅਕਾਲੀ ਸਰਕਾਰ ਦੀਆਂ ਬਣਾਈਆਂ ਟਰਾਂਸਪੋਰਟ ਨੀਤੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਜੋ ਨਵੀਂ ਨੀਤੀ ਸਰਕਾਰ ਲੈ ਕੇ ਆ ਰਹੀ ਹੈ, ਉਸ ਵਿੱਚ ਵੀ ਪ੍ਰਾਈਵੇਟ ਦਾ ਨੈਸ਼ਨਲ ਹਾਈਵੇਜ 'ਤੇ ਹਿੱਸਾ 25 ਫੀਸਦੀ ਤੋਂ ਵਧਾ ਕੇ 50 ਫੀਸਦੀ ਕਰ ਦਿੱਤਾ ਹੈ, ਜਿਸ ਨਾਲ ਪ੍ਰਾਈਵੇਟ ਬੱਸ ਮਾਫੀਆ ਮਜ਼ਬੂਤ ਹੋਵੇਗਾ। ਧਾਲੀਵਾਲ ਅਤੇ ਬਰਾੜ ਨੇ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਦੀਆਂ ਮੰਗਾਂ ਜਿਵੇਂਕਿ ਕੰਟਰੈਕਟ ਵਰਕਰਾਂ ਨੂੰ ਪੱਕੇ ਕਰਨਾ, ਉਨ੍ਹਾਂ ਨੂੰ ਯੂ.ਟੀ. ਪੈਟਰਨ 'ਤੇ ਤਨਖਾਹ ਦੇਣਾ, ਬੱਸ ਫਲੀਟ ਵਿੱਚ ਘੱਟੋ-ਘੱਟ ਤੁਰੰਤ 500 ਨਵੀਂਆਂ ਬੱਸਾਂ ਪਾਉਣਾ, ਭ੍ਰਿਸ਼ਟਾਚਾਰ ਖਤਮ ਕਰਨਾ, ਟਾਈਮ ਟੇਬਲਾਂ ਵਿੱਚ ਵੱਡੀ ਪੱਧਰ 'ਤੇ ਕੀਤੀ ਜਾ ਰਹੀ ਘਪਲੇਬਾਜ਼ੀ ਬੰਦ ਕਰਾਉਣਾ, ਪਨਬਸ ਦੀਆਂ ਕਰਜ਼ਾ ਮੁਕਤ ਬੱਸਾਂ ਨੂੰ ਰੋਡਵੇਜ਼ ਵਿੱਚ ਸ਼ਾਮਲ ਕਰਨਾ ਆਦਿ ਦੀ ਜ਼ੋਰਦਾਰ ਹਮਾਇਤ ਕਰਦਿਆਂ ਪੰਜਾਬ ਸਰਕਾਰ ਅਤੇ ਪੰਜਾਬ ਰੋਡਵੇਜ਼ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਸਰਕਾਰ ਮੋਦੀ ਵਾਂਗ ਤਬਾਹਕੁਨ ਨੀਤੀਆਂ 'ਤੇ ਨਾ ਚੱਲੇ ਸਗੋਂ ਵਰਕਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਤੁਰੰਤ ਮੰਨ ਕੇ ਵਰਕਰਾਂ ਵਿੱਚ ਪਾਇਆ ਜਾ ਰਿਹਾ ਰੋਸ ਖਤਮ ਕੀਤਾ ਜਾਵੇ।