ਮੂਰਤੀਆਂ ਤੋੜਨ ਦੀ ਫਾਸ਼ੀਵਾਦੀ ਸੋਚ


ਉੱਤਰ-ਪੂਰਬੀ ਤਿੰਨ ਰਾਜਾਂ ਵਿੱਚ ਚੋਣਾਂ ਤੋਂ ਬਾਅਦ ਬਹੁਮੱਤ ਪ੍ਰਾਪਤ ਕਰਨ ਜਾਂ ਸਹਾਇਕ ਖੇਤਰੀ ਪਾਰਟੀਆਂ ਨਾਲ ਗੱਠਜੋੜ ਤੋਂ ਪਿੱਛੋਂ ਸਰਕਾਰਾਂ ਬਣਨ ਦੀ ਵਿਧਾਨਕ ਜ਼ਿੰਮੇਵਾਰੀ ਲੈਣ ਤੋਂ ਪਹਿਲਾਂ ਹੀ ਤ੍ਰਿਪੁਰਾ ਵਿੱਚ ਹਿੰਸਾ ਸ਼ੁਰੂ ਹੋ ਗਈ। ਇਸ ਹਿੰਸਾ ਪਿੱਛੇ ਆਰ ਐੱਸ ਐੱਸ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਸਮੇਂ ਕੀਤਾ ਪ੍ਰਚਾਰ ਹੈ। ਉਹਨਾਂ ਨੇ 'ਚਲੋ ਪਲਟਈ' ਦਾ ਨਾਹਰਾ ਜ਼ੋਰ-ਸ਼ੋਰ ਨਾਲ ਲਾਇਆ। ਪੱਚੀ ਸਾਲਾਂ ਦੇ ਖੱਬੇ-ਪੱਖੀਆਂ ਦੇ ਰਾਜ ਨੂੰ ਭੰਡਿਆ। ਆਰ ਐੱਸ ਐੱਸ ਨੇ ਆਪਣੀ ਐੱਨ ਜੀ ਓ ਰਾਹੀਂ ਅਖੌਤੀ ਰਾਸ਼ਟਰਵਾਦ ਦਾ ਪ੍ਰਚਾਰ ਕੀਤਾ ਅਤੇ ਖੱਬੇ-ਪੱਖੀ ਪਾਰਟੀਆਂ ਨੂੰ ਬਾਹਰੀ ਸਿਧਾਂਤ ਦੀਆਂ ਪ੍ਰਚਾਰਕ ਬਣਾ ਕੇ ਭੰਡਿਆ। ਇਸ ਅੰਨ੍ਹੇ ਪ੍ਰਚਾਰ ਨੇ ਮਾਣਿਕ ਸਰਕਾਰ ਦੀ ਇਮਾਨਦਾਰੀ ਨੂੰ ਬਹੁਤ ਪਿੱਛੇ ਧੱਕ ਦਿੱਤਾ। ਬਾਕੀ ਦੋ ਰਾਜਾਂ ਵਿੱਚ ਭਾਜਪਾ ਦਾ ਪ੍ਰਚਾਰ ਸਿਰਫ਼ ਸੱਤਾ ਪ੍ਰਾਪਤ ਕਰਨ ਤੱਕ ਸੀ। ਉੱਥੇ ਵਿਚਾਰਧਾਰਾ ਵੱਡਾ ਮਸਲਾ ਨਹੀਂ ਸੀ, ਪ੍ਰੰਤੂ ਤ੍ਰਿਪੁਰਾ ਉਹਨਾਂ ਦੀਆਂ ਅੱਖਾਂ ਵਿੱਚ ਖੱਬੇ-ਪੱਖੀਆਂ ਦੀ ਸਰਕਾਰ ਕਰ ਕੇ ਵਧੇਰੇ ਰੜਕਦਾ ਸੀ। ਇਸ ਲਈ ਉਹਨਾਂ ਨੇ ਤ੍ਰਿਪੁਰਾ ਵਿੱਚ ਇੱਕ ਭੀੜ ਤੰਤਰ ਖੜਾ ਕਰ ਦਿੱਤਾ। ਚੋਣਾਂ ਦੇ ਨਤੀਜੇ ਆਉਂਦੇ ਹੀ ਤ੍ਰਿਪੁਰਾ ਵਿੱਚ ਹਿੰਸਾ ਸ਼ੁਰੂ ਹੋ ਗਈ। ਹਿੰਸਾ ਕਰਦੀ ਭੀੜ ਖੱਬੇ-ਪੱਖੀ ਪਾਰਟੀ ਮੈਂਬਰਾਂ ਦੀਆਂ ਦੁਕਾਨਾਂ ਅਤੇ ਘਰਾਂ ਨੂੰ ਨਿਸ਼ਾਨਾ ਬਣਾ ਰਹੀ ਸੀ। ਪਾਰਟੀ ਦਫ਼ਤਰਾਂ ਉੱਤੇ ਹਮਲੇ ਸ਼ੁਰੂ ਹੋ ਗਏ। ਇਸ ਭੀੜ ਦੀ ਅਗਵਾਈ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਕਰ ਰਹੇ ਸਨ। ਇਸ ਭੀੜ ਦਾ ਨਿਸ਼ਾਨਾ ਸਭ ਤੋਂ ਪਹਿਲਾਂ ਬੈਲੋਨੀਆ ਵਿਖੇ ਰੂਸੀ ਕ੍ਰਾਂਤੀ ਦੇ ਮਹਾਨ ਆਗੂ ਵਲਾਦੀਮੀਰ ਲੈਨਿਨ ਦਾ ਬੁੱਤ ਬਣਿਆ। ਬੁੱਤ ਤੋੜਨ ਦੀ ਖ਼ਬਰ ਸੁਣਦੇ ਹੀ ਬੀ ਜੇ ਪੀ ਦੇ ਆਗੂਆਂ ਨੇ ਇਸ ਕਾਰਵਾਈ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ ਕਿ ਲੈਨਿਨ ਵਿਦੇਸ਼ੀ ਸੀ ਅਤੇ ਉਹ ਹਮੇਸ਼ਾ ਅੱਤਵਾਦੀ ਰਣਨੀਤੀ ਦੀ ਪੈਰਵਾਈ ਕਰਦਾ ਰਿਹਾ। ਇਸ ਵਿੱਚ ਸੁਬਰਾਮਨੀਅਮ ਸੁਆਮੀ ਤੋਂ ਲੈ ਕੇ ਐੱਚ ਰਾਜਾ ਤੱਕ ਸ਼ਾਮਲ ਸਨ।
ਲੈਨਿਨ ਬਾਰੇ ਟਿੱਪਣੀ ਕਰਦੇ ਹੋਏ ਫਾਸ਼ੀਵਾਦੀ ਮਾਨਸਿਕਤਾ ਕਾਰਨ ਇਹ ਭੁੱਲ ਜਾਂਦੇ ਹਨ ਕਿ ਲੈਨਿਨ ਦੁਨੀਆ ਭਰ ਦੇ ਕਿਸਾਨਾਂ, ਮਜ਼ਦੂਰਾਂ, ਬਸਤੀਵਾਦ ਵਿਰੁੱਧ, ਫਾਸ਼ੀਵਾਦ ਵਿਰੁੱਧ ਸੰਘਰਸ਼ ਕਰਨ ਵਾਲੇ ਲੋਕਾਂ ਦਾ ਪ੍ਰੇਰਨਾ ਸਰੋਤ ਸੀ। ਉਹ ਜਿਸ ਰੂਸੀ ਕ੍ਰਾਂਤੀ ਦਾ ਆਗੂ ਸੀ, ਉਸ ਨੇ ਸਾਰੀ ਦੁਨੀਆ ਵਿੱਚ ਚੱਲ ਰਹੀਆਂ ਆਜ਼ਾਦੀ ਦੀਆਂ ਲਹਿਰਾਂ ਨੂੰ ਪ੍ਰਭਾਵਤ ਕੀਤਾ, ਜਿਸ ਨੇ ਅੱਗੇ ਚੱਲ ਕੇ ਜਰਮਨ ਫਾਸ਼ੀਵਾਦ ਨੂੰ ਦੂਜੇ ਸੰਸਾਰ ਯੁੱਧ ਵਿੱਚ ਹਰਾਇਆ। ਭਾਰਤ ਦੀ ਕੌਮੀ ਆਜ਼ਾਦੀ ਦਾ ਪ੍ਰਮੁੱਖ ਨਾਇਕ ਭਗਤ ਸਿੰਘ ਲੈਨਿਨ ਤੋਂ ਇੰਨਾ ਪ੍ਰਭਾਵਤ ਸੀ ਕਿ ਫਾਂਸੀ ਚੜ੍ਹਣ ਤੋਂ ਪਹਿਲਾਂ ਉਹ ਲੈਨਿਨ ਦੀ ਪੁਸਤਕ ਪੜ੍ਹ ਰਿਹਾ ਸੀ। ਸੁਭਾਸ਼ ਚੰਦਰ ਬੋਸ ਅਤੇ ਮਹਾਤਮਾ ਗਾਂਧੀ ਲੈਨਿਨ ਤੋਂ ਪ੍ਰਭਾਵਤ ਸਨ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਆਪਣੀ ਇੱਕ ਚਿੱਠੀ ਵਿੱਚ ਰੂਸੀ ਕ੍ਰਾਂਤੀ, ਬਾਲਸ਼ਵਿਕ ਪਾਰਟੀ ਅਤੇ ਲੈਨਿਨ ਦਾ ਵਿਸ਼ੇਸ਼ ਜ਼ਿਕਰ ਕਰਦੇ ਹਨ। ਉਂਝ ਵੀ ਭਾਰਤੀ ਰਾਜਨੀਤੀ ਅਤੇ ਬਹੁ-ਪਾਰਟੀ ਲੋਕਤੰਤਰ ਵਿੱਚ ਬਹੁ-ਵਿਚਾਰਧਾਰਾਵਾਂ ਮੁੱਖ ਸੁਰ ਹੁੰਦੀਆਂ ਹਨ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਆਰ ਐੱਸ ਐੱਸ ਵਿਸ਼ਵਾਸ ਨਹੀਂ ਕਰਦੀਆਂ। ਆਪਣੇ ਆਗੂਆਂ ਦਾ ਪਹਿਲਾ ਇਸ਼ਾਰਾ ਮਿਲਦਿਆਂ ਹੀ ਸਭ ਤੋਂ ਪਹਿਲਾਂ ਤ੍ਰਿਪੁਰਾ ਦੇ ਗਵਰਨਰ ਨੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਾ ਨਿਭਾਉਂਦੇ ਹੋਏ ਹਿੰਸਾ ਨੂੰ 'ਲੋਕਾਂ ਦਾ ਸੁਭਾਵਕ ਗੁੱਸਾ' ਕਹਿ ਕੇ ਭੀੜ ਨੂੰ ਹੋਰ ਉਕਸਾਉਣ ਦਾ ਕੰਮ ਕੀਤਾ। ਇਸ ਤੋਂ ਬਾਅਦ ਇਸ਼ਾਰਾ ਮਿਲਦੇ ਹੀ ਤਾਮਿਲ ਨਾਡੂ ਵਿੱਚ ਪੈਰੀਆਰ ਅਤੇ ਮੇਰਠ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤਾਂ ਨੂੰ ਤੋੜ ਦਿੱਤਾ। ਇਹ ਉਸੇ ਜਾਤੀਵਾਦੀ ਅਤੇ ਫਾਸ਼ੀਵਾਦੀ ਸੋਚ ਉੱਤੇ ਆਧਾਰਤ ਹਿੰਸਾ ਦੇ ਨਤੀਜੇ ਵਜੋਂ ਹੋਇਆ।
ਤਾਮਿਲ ਨਾਡੂ ਵਿੱਚ ਪੈਰੀਆਰ ਦੇ ਬੁੱਤ ਉੱਤੇ ਹਮਲਾ ਭਾਰਤੀ ਜਨਤਾ ਪਾਰਟੀ ਦੇ ਤਾਮਿਲ ਆਗੂ ਐੱਚ ਰਾਜਾ ਦੇ ਟਵੀਟ ਤੋਂ ਬਾਅਦ ਹੋਇਆ। ਪੈਰੀਆਰ ਤਾਮਿਲ ਨਾਡੂ ਵਿੱਚ ਪੱਛੜੀਆਂ ਸ਼੍ਰੇਣੀਆਂ ਵਿੱਚ ਸਮਾਜ ਸੁਧਾਰ ਦਾ ਵੱਡਾ ਆਗੂ ਸੀ। ਉਸ ਨੇ ਤਾਮਿਲ ਲੋਕਾਂ ਅਤੇ ਭਾਸ਼ਾ ਦੇ ਸਵੈਮਾਣ ਅਤੇ ਬ੍ਰਾਹਮਣਵਾਦੀ ਜਾਤੀ ਪ੍ਰਬੰਧ ਵਿਰੁੱਧ ਲੜਾਈ ਲੜੀ। ਭਾਰਤੀ ਜਨਤਾ ਪਾਰਟੀ ਮੂਲ ਰੂਪ ਵਿੱਚ ਜਾਤੀਗਤ ਬਣਤਰਾਂ ਵਿੱਚ ਵਿਸ਼ਵਾਸ ਰੱਖਦੀ ਹੈ। ਇਸੇ ਸੋਚ ਕਰ ਕੇ ਉਹ ਅੰਬੇਡਕਰ ਦੀ ਵਿਚਾਰਧਾਰਾ ਦਾ ਵਿਰੋਧ ਕਰਦੀ ਹੈ। ਇਸੇ ਲਈ ਪੈਰੀਆਰ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨੂੰ ਨਿਸ਼ਾਨਾ ਬਣਾਇਆ ਗਿਆ। ਜਿਉਂ-ਜਿਉਂ ਸਾਲ 2019 ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਭਾਰਤੀ ਜਨਤਾ ਪਾਰਟੀ ਇੱਕ ਤੋਂ ਬਾਅਦ ਦੂਜੀ ਜ਼ਿਮਨੀ ਚੋਣ ਹਾਰਦੀ ਜਾ ਰਹੀ ਹੈ, ਐੱਨ ਡੀ ਏ ਦੇ ਕੁਝ ਹਿੱਸੇ ਵੀ ਟੁੱਟਣ ਵੱਲ ਵਧ ਰਹੇ ਹਨ, ਅਜਿਹੇ ਸਮੇਂ ਆਰ ਐੱਸ ਐੱਸ ਅਤੇ ਭਾਰਤੀ ਜਨਤਾ ਪਾਰਟੀ ਦਾ ਹਿੰਸਾ ਵਾਲਾ ਚਰਿੱਤਰ ਵਿਕਰਾਲ ਰੂਪ ਧਾਰਨ ਕਰੇਗਾ।
ਇਸ ਫਾਸ਼ੀਵਾਦੀ ਹਿੰਸਾ ਦਾ ਸ਼ਿਕਾਰ ਖੱਬੇ-ਪੱਖੀ ਹੋਣਗੇ। ਬਾਕੀ ਦੂਜੀਆਂ ਸਰਮਾਏਦਾਰੀ ਪਾਰਟੀਆਂ ਨਾਲ ਉਹਨਾਂ ਦੇ ਰਾਜਸੀ ਵਿਰੋਧ ਤਾਂ ਹਨ, ਪ੍ਰੰਤੂ ਵਿਚਾਰਧਾਰਕ ਵਿਰੋਧ ਨਹੀਂ। ਭਾਰਤੀ ਖੱਬੇ-ਪੱਖੀਆਂ ਨੂੰ ਇਸ ਸਥਿਤੀ ਨੂੰ ਸਮਝਣਾ ਹੋਵੇਗਾ। ਉਹ ਇਹਨਾਂ ਦਾ ਇੱਕੋ ਜਿਹਾ ਦੇਸ ਵਿਰੋਧੀ ਅਤੇ ਹਿੰਸਾ ਵਾਲਾ ਬਿੰਬ ਲੋਕਾਂ ਵਿੱਚ ਪ੍ਰਚਾਰਦੇ ਹਨ। ਉਹਨਾਂ ਦੇ ਇਸ ਵਿਚਾਰਧਾਰਕ ਝੂਠੇ ਪ੍ਰਚਾਰ ਅਤੇ ਹਿੰਸਾਤਮਕ ਪ੍ਰਵਿਰਤੀ ਦਾ ਵਿਰੋਧ ਇੱਕਮੁੱਠ ਹੋ ਕੇ ਹੀ ਕੀਤਾ ਜਾ ਸਕਦਾ ਹੈ। ਪਾਰਟੀ ਦਫ਼ਤਰਾਂ ਅਤੇ ਕਾਰਕੁਨਾਂ ਦੇ ਘਰਾਂ ਉੱਤੇ ਹਮਲੇ ਵਿਅਕਤੀਗਤ ਹਿੰਸਾ ਵਿੱਚ ਬਦਲਣ ਵਿੱਚ ਦੇਰ ਨਹੀਂ ਲੱਗਣੀ। ਇਹਨਾਂ ਦੇ ਵਿਰੁੱਧ ਸੰਗਠਨਾਤਮਕ ਅਤੇ ਵਿਚਾਰਧਾਰਕ ਲੜਾਈ ਵਿੱਚ ਆਪਸੀ ਏਕਤਾ ਅਤੇ ਰਾਜਸੀ ਲੜਾਈ ਵਿੱਚ ਸਾਰੀਆਂ ਧਰਮ-ਨਿਰਪੱਖ ਅਤੇ ਲੋਕਤੰਤਰੀ ਧਿਰਾਂ ਨੂੰ ਇੱਕ ਮੰਚ ਉੱਤੇ ਆਉਣਾ ਪਵੇਗਾ। ਇਸ ਵਿੱਚ ਖੱਬੇ-ਪੱਖੀ ਧਿਰਾਂ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ।