ਐੱਨ ਡੀ ਏ ਵਿੱਚ ਉੱਭਰਨ ਲੱਗੀਆਂ ਤਰੇੜਾਂ

ਉੱਤਰ-ਪੂਰਬ ਦੇ ਤਿੰਨ ਰਾਜਾਂ; ਨਾਗਾਲੈਂਡ, ਮੇਘਾਲਿਆ ਤੇ ਤ੍ਰਿਪੁਰਾ ਵਿੱਚ ਸੱਤਾ ਦੇ ਗਲਿਆਰਿਆਂ ਤੱਕ ਪਹੁੰਚਣ ਮਗਰੋਂ ਭਾਜਪਾ ਆਗੂ ਅੱਛੇ ਦਿਨ ਆਉਣ ਦੇ ਜਸ਼ਨ ਮਨਾ ਹੀ ਰਹੇ ਸਨ ਕਿ ਪਹਿਲਾਂ ਵੱਖ-ਵੱਖ ਥਾਂਵਾਂ 'ਤੇ ਅਹਿਮ ਸ਼ਖਸੀਅਤਾਂ; ਵੀ ਆਈ ਲੈਨਿਨ, ਡਾਕਟਰ ਅੰਬੇਡਕਰ, ਈ ਵੀ ਰਾਮਾਸਾਮੀ ਪੇਰੀਆਰ ਦੀਆਂ ਮੂਰਤੀਆਂ ਦੇ ਤੋੜੇ ਜਾਣ ਨੇ ਉਨ੍ਹਾਂ ਦੇ ਰੰਗ ਵਿੱਚ ਭੰਗ ਪਾ ਦਿੱਤਾ ਤੇ ਹੁਣ ਤੇਲਗੂ ਦੇਸਮ ਦੇ ਆਗੂ ਚੰਦਰ ਬਾਬੂ ਨਾਇਡੂ ਵੱਲੋਂ ਆਂਧਰਾ ਨੂੰ ਵਿਸ਼ੇਸ਼ ਦਰਜਾ ਨਾ ਦਿੱਤੇ ਜਾਣ ਕਾਰਨ ਐੱਨ ਡੀ ਏ ਨਾਲ ਸੀਮਤ ਹੱਦ ਤੱਕ ਤੋੜ-ਵਿਛੋੜਾ ਕਰਨ ਦੇ ਫ਼ੈਸਲੇ ਨੇ ਭਾਜਪਾ ਤੇ ਖ਼ਾਸ ਕਰ ਕੇ ਮੋਦੀ-ਅਮਿਤ ਸ਼ਾਹ ਜੋੜੀ ਲਈ ਧਰਮ ਸੰਕਟ ਪੈਦਾ ਕਰ ਦਿੱਤਾ ਹੈ। ਚੰਦਰ ਬਾਬੂ ਨਾਇਡੂ ਦੇ ਆਦੇਸ਼ 'ਤੇ ਤੇਲਗੂ ਦੇਸਮ ਦੇ ਦੋ ਕੇਂਦਰੀ ਮੰਤਰੀਆਂ; ਅਸ਼ੋਕ ਗਜਪਤੀ ਰਾਜੂ ਤੇ ਵਾਈ ਐੱਸ ਚੌਧਰੀ ਨੇ ਆਪਣੇ ਅਸਤੀਫ਼ੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੌਂਪ ਦਿੱਤੇ। ਭਾਜਪਾ ਵੀ ਇਸ ਮਾਮਲੇ ਵਿੱਚ ਕਦੋਂ ਪਿੱਛੇ ਰਹਿਣ ਵਾਲੀ ਸੀ, ਉਸ ਨੇ ਚੰਦਰ ਬਾਬੂ ਨਾਇਡੂ ਦੀ ਵਜ਼ਾਰਤ ਵਿੱਚੋਂ ਆਪਣੇ ਦੋ ਮੰਤਰੀਆਂ ਤੋਂ ਅਸਤੀਫ਼ੇ ਦਿਵਾ ਕੇ ਇਹ ਪ੍ਰਭਾਵ ਦੇਣ ਦਾ ਜਤਨ ਕੀਤਾ ਹੈ ਕਿ ਉਹ ਆਪਣੇ ਰਾਜਸੀ ਭਵਿੱਖ ਲਈ ਕੇਵਲ ਚੰਦਰ ਬਾਬੂ ਨਾਇਡੂ ਉੱਤੇ ਹੀ ਨਿਰਭਰ ਨਹੀਂ।
ਚੰਦਰ ਬਾਬੂ ਨਾਇਡੂ ਨੇ ਚਾਹੇ ਇਹ ਐਲਾਨ ਕੀਤਾ ਹੈ ਕਿ ਉਹ ਹਾਲ ਦੀ ਘੜੀ ਐੱਨ ਡੀ ਏ ਨਾਲ ਬਣੇ ਰਹਿਣਗੇ, ਪਰ ਜਿਵੇਂ ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਇਹ ਕਿਹਾ ਹੈ ਕਿ 14ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਆਂਧਰਾ ਨੂੰ ਵਿਸ਼ੇਸ਼ ਰਾਜ ਦਾ ਦਰਜਾ ਨਹੀਂ ਦਿੱਤਾ ਜਾ ਸਕਦਾ, ਉਸ ਨੇ ਚੰਦਰ ਬਾਬੂ ਨਾਇਡੂ ਲਈ ਅਜਿਹਾ ਫ਼ੈਸਲਾ ਲੈਣ ਤੋਂ ਸਿਵਾ ਕੋਈ ਰਾਹ ਬਾਕੀ ਨਹੀਂ ਸੀ ਰਹਿਣ ਦਿੱਤਾ। ਉਸ ਦੇ ਰਾਜਸੀ ਵਿਰੋਧੀ ਵਾਈ ਐੱਸ ਜਗਨਮੋਹਨ ਰੈਡੀ ਦੀ ਅਗਵਾਈ ਵਾਲੀ ਵਾਈ ਐੱਸ ਆਰ ਕਾਂਗਰਸ ਨੇ ਰਾਜ ਨੂੰ ਵਿਸ਼ੇਸ਼ ਦਰਜਾ ਦਿਵਾਉਣ ਦੇ ਨਾਂਅ ਉੱਤੇ ਜਿਹੜਾ ਸੰਘਰਸ਼ ਸ਼ੁਰੂ ਕਰ ਰੱਖਿਆ ਹੈ ਤੇ ਜਿਸ ਢੰਗ ਨਾਲ ਉਸ ਨੂੰ ਲੋਕਾਂ ਦਾ ਸਮੱਰਥਨ ਮਿਲ ਰਿਹਾ ਹੈ, ਉਸ ਤੋਂ ਸ਼ਾਇਦ ਮਜਬੂਰ ਹੋ ਕੇ ਹੀ ਚੰਦਰ ਬਾਬੂ ਨਾਇਡੂ ਨੂੰ ਇਹ ਕਦਮ ਪੁੱਟਣਾ ਪਿਆ ਹੈ।
ਆਂਧਰਾ ਦੀ ਵੰਡ ਮਗਰੋਂ ਤਿਲੰਗਾਨਾ ਦੇ ਹਿੱਸੇ ਵਿੱਚ ਹੈਦਰਾਬਾਦ ਦਾ ਉਹ ਖੇਤਰ ਆ ਗਿਆ ਸੀ, ਜਿਹੜਾ ਰਾਜ ਨੂੰ ਸਭ ਤੋਂ ਵੱਧ ਮਾਲੀਆ ਹਾਸਲ ਕਰਵਾਉਂਦਾ ਸੀ। ਮਾਲੀ ਵਸੀਲਿਆਂ ਦੇ ਘੱਟ ਹੋਣ ਕਾਰਨ ਆਂਧਰਾ ਲਈ ਆਰਥਕ ਮੁਸ਼ਕਲਾਂ ਪੈਦਾ ਹੋ ਗਈਆਂ ਸਨ। ਉਸ ਦੀ ਆਰਥਕਤਾ ਕੇਵਲ ਖੇਤੀ ਉੱਤੇ ਹੀ ਨਿਰਭਰ ਹੋ ਕੇ ਰਹਿ ਗਈ ਸੀ। ਅਮਰਾਵਤੀ ਨਾਂਅ ਦੀ ਨਵੀਂ ਰਾਜਧਾਨੀ ਬਣਾਉਣ 'ਤੇ ਭਾਰੀ ਖ਼ਰਚਾ ਆਉਣ ਕਾਰਨ ਰਾਜ ਦੀ ਮਾਲੀ ਹਾਲਤ ਦਿਨੋ-ਦਿਨ ਖਸਤਾ ਹੁੰਦੀ ਜਾ ਰਹੀ ਸੀ।
ਭਾਜਪਾ ਨੇ ਜਿਸ ਢੰਗ ਨਾਲ ਤੇਲਗੂ ਦੇਸਮ ਦੀ ਰਾਜਸੀ ਮਜਬੂਰੀ ਦਾ ਲਾਭ ਉਠਾ ਕੇ ਜਗਨਮੋਹਨ ਰੈਡੀ ਦੀ ਅਗਵਾਈ ਵਾਲੀ ਵਾਈ ਐੱਸ ਆਰ ਕਾਂਗਰਸ ਨਾਲ ਅੰਦਰਖਾਤੇ ਸੰਪਰਕ ਸਾਧਣ ਦਾ ਪੈਂਤੜਾ ਮੱਲਿਆ ਹੋਇਆ ਹੈ, ਉਸ ਕਾਰਨ ਚੰਦਰ ਬਾਬੂ ਨਾਇਡੂ ਨੂੰ ਅਜਿਹਾ ਫ਼ੈਸਲਾ ਲੈਣਾ ਪਿਆ ਹੈ। ਇਹੋ ਨਹੀਂ, ਤਿਲੰਗਾਨਾ ਦੇ ਮੁੱਖ ਮੰਤਰੀ ਚੰਦਰ ਸ਼ੇਖਰ ਰਾਓ ਨੇ ਵੀ ਭਾਜਪਾ ਨੂੰ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਤੀਜੇ ਫ਼ਰੰਟ ਦੇ ਗਠਨ ਦਾ ਨਾਹਰਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਐੱਨ ਡੀ ਏ ਦੀ ਸਭ ਤੋਂ ਪੁਰਾਣੀ ਭਾਈਵਾਲ ਸ਼ਿਵ ਸੈਨਾ ਨੇ ਵੀ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਅਗਲੀਆਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਇਕੱਲੇ ਤੌਰ ਉੱਤੇ ਲੜੇਗੀ ਤੇ ਐੱਨ ਡੀ ਏ ਨਾਲ ਕੋਈ ਸੰਬੰਧ ਨਹੀਂ ਰੱਖੇਗੀ। ਐੱਨ ਡੀ ਏ ਵਿੱਚ ਸ਼ਾਮਲ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਵੀ ਇਹ ਅਹਿਸਾਸ ਹੋ ਰਿਹਾ ਹੈ ਕਿ ਜਿਵੇਂ ਭਾਜਪਾ ਨੂੰ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਹਿਲਾਂ ਵਾਲੀ ਚੜ੍ਹਤ ਹਾਸਲ ਨਹੀਂ ਹੋਈ ਤੇ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਕੁਝ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ ਹੈ, ਉਸ ਕਾਰਨ ਉਨ੍ਹਾਂ ਦੇ ਮਨਾਂ ਵਿੱਚ ਐੱਨ ਡੀ ਏ ਦੇ ਅਜਿੱਤ ਹੋਣ ਪ੍ਰਤੀ ਸ਼ੰਕੇ ਵਧੇ ਹਨ। ਇਹੋ ਕਾਰਨ ਹੈ ਕਿ ਚੰਦਰ ਬਾਬੂ ਨਾਇਡੂ ਤੋਂ ਲੈ ਕੇ ਊਧਵ ਠਾਕਰੇ ਤੱਕ ਭਾਜਪਾ ਨੂੰ ਅੱਖਾਂ ਦਿਖਾਉਣ ਲੱਗੇ ਹਨ। ਸੰਨ 2019 ਦੇ ਆਉਂਦਿਆਂ-ਆਉਂਦਿਆਂ ਐੱਨ ਡੀ ਏ ਆਪਣੇ ਅਜੋਕੇ ਸਰੂਪ ਵਿੱਚ ਕਾਇਮ ਰਹਿੰਦਾ ਹੈ ਜਾਂ ਨਹੀਂ, ਇਸ 'ਤੇ ਸੁਆਲੀਆ ਨਿਸ਼ਾਨ ਲੱਗਣੇ ਸ਼ੁਰੂ ਹੋ ਗਏ ਹਨ।