ਨਵਾਜ਼ ਸ਼ਰੀਫ਼ ਵੱਲ ਸੁੱਟੀ ਜੁੱਤੀ

ਲਾਹੌਰ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵੱਲ ਲਾਹੌਰ ਵਿੱਚ ਐਤਵਾਰ ਨੂੰ ਇੱਕ ਪ੍ਰੋਗਰਾਮ ਦੌਰਾਨ ਜੁੱਤੀ ਸੁੱਟੀ ਗਈ। ਨਵਾਜ਼ ਸ਼ਰੀਫ ਲਾਹੌਰ ਵਿੱਚ ਜਾਮਿਆ ਨੀਮਿਆਂ ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਸਨ। ਮੀਡੀਆਂ ਰਿਪੋਰਟ ਮੁਤਾਬਕ ਨਵਾਜ਼ ਸ਼ਰੀਫ਼ ਜਿਵੇਂ ਹੀ ਮੰਚ ਉਪਰ ਲੋਕਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ਤਾਂ ਉਥੇ ਮੌਜੂਦ ਦਰਸ਼ਕਾਂ ਵਿੱਚੋਂ ਕਿਸੇ ਨੇ ਉਨ੍ਹਾ ਵੱਲ ਜੁੱਤੀ ਵਗ੍ਹਾ ਮਾਰੀ। ਇਸ ਤੋਂ ਬਾਅਦ ਉਥੇ ਨਾਅਰੇਬਾਜ਼ੀ ਹੋਣ ਲੱਗੀ। ਹਾਲਾਂਕਿ ਇਸ ਘਟਨਾ ਤੋਂ ਬਾਅਦ ਵੀ ਨਵਾਜ਼ ਸਰੀਫ਼ ਨੇ ਆਪਣਾ ਭਾਸ਼ਣ ਜਾਰੀ ਰੱਖਿਆ। ਪੁਲਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਜੁੱਤੀ ਮਾਰਨ ਵਾਲਾ ਨੌਜਵਾਨ ਜਾਮੀਆ ਨੀਮਿਆ ਦਾ ਸਾਬਕਾ ਵਿਦਿਆਰਥੀ ਹੈ। ਘਟਨਾ ਤੋਂ ਬਾਅਦ ਉਥੇ ਮੌਜੂਦ ਭੀੜ ਨੇ ਵੀ ਹਮਲਾਵਰ ਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣ ਪਿਆ।
ਪਾਕਿਸਤਾਨ ਦੇ ਟੀ ਵੀ ਚੈਨਲ ਜੀਓ ਮੁਤਾਬਕ ਨਵਾਜ਼ ਸਰੀਫ਼ ਜਿਵੇਂ ਹੀ ਮੰਚ 'ਤੇ ਚੜ੍ਹੇ ਤਾਂ ਭੀੜ 'ਚੋਂ ਕਿਸੇ ਨੇ ਉਨ੍ਹਾ ਵੱਲ ਇੱਕ ਜੁੱਤੀ ਮਾਰੀ। ਇਹ ਜੁੱਤੀ ਨਵਾਜ਼ ਸਰੀਫ਼ ਦੀ ਛਾਤੀ 'ਤੇ ਲੱਗੀ। ਇਸ ਤੋਂ ਬਾਅਦ ਜੁੱਤੀ ਮਾਰਨ ਵਾਲਾ ਨੌਜਵਾਨ ਮੰਚ 'ਤੇ ਚੜ੍ਹ ਕੇ ਨਾਅਰੇਬਾਜ਼ੀ ਵੀ ਕਰਨ ਲੱਗਾ। ਇਸ ਤੋਂ ਬਾਅਦ ਨਵਾਜ਼ ਸ਼ਰੀਫ ਦੇ ਅੰਗ ਰੱਖਿਆਕ ਅਤੇ ਪਾਰਟੀ ਦੇ ਵਰਕਰ ਉਸ ਨੂੰ ਉਥੋਂ ਦੂਰ ਲੈ ਗਏ ਅਤੇ ਉਸ ਦੀ ਕੁੱਟਮਾਰ ਕੀਤੀ।
ਹਮਲਾਵਰ ਦੀ ਪਛਾਣ ਤਲਹਾ ਮੁਨੱਵਰ ਵਜੋਂ ਹੋਈ ਹੈ, ਜੋ ਕਿ ਇਸੇ ਮਦਰੱਸੇ ਦਾ ਸਾਬਕਾ ਵਿਦਿਆਰਥੀ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਦੇ ਚਿਹਰੇ 'ਤੇ ਉਸ ਵੇਲੇ ਇੱਕ ਵਿਅਕਤੀ ਨੇ ਸਿਆਹੀ ਮਲ ਦਿੱਤੀ ਸੀ. ਜਦੋਂ ਉਹ ਆਪਣੇ ਜੱਦੀ ਸ਼ਹਿਰ ਸਿਆਲਕੋਟ ਵਿੱਚ ਪੀ ਐੱਮ ਐੱਲ ਐੱਨ ਦੇ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾ ਦੇ ਕੋਲ ਖੜ੍ਹੇ ਲੰਮੀ ਦਾੜ੍ਹੀ ਵਾਲੇ ਇੱਕ ਬਜ਼ੁਰਗ ਨੇ ਵਿਦੇਸ਼ ਮੰਤਰੀ ਦੇ ਚਿਹਰੇ 'ਤੇ ਸਿਆਹੀ ਮਲ ਦਿੱਤੀ। ਉਸ ਆਦਮੀ ਦਾ ਕਹਿਣਾ ਸੀ ਕਿ ਆਸਿਫ਼ ਦੀ ਪਾਰਟੀ ਨੇ ਪੈਗੰਬਰ ਮੁਹੰਮਦ ਦੇ ਇਸਲਾਮ ਦੇ ਅੰਤਮ ਨਬੀ ਹੋਣ ਦੀ ਮਾਨਤਾ ਨੂੰ ਸੰਵਿਧਾਨ ਰਾਹੀਂ ਬਦਲਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਉਸ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਪਾਰਟੀ ਵਰਕਰਾਂ ਨੇ ਘਟਨਾ ਤੋਂ ਬਾਅਦ ਬਜ਼ੁਰਗ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਹਾਲਾਂਕਿ ਆਸਿਫ ਨੇ ਪੁਲਸ ਨੂੰ ਅਪੀਲ ਕੀਤੀ ਸੀ ਕਿ ਦੋਸ਼ੀ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਜਾਵੇ।