ਹਥਿਆਰਬੰਦ ਵਿਅਕਤੀ ਵਪਾਰੀ ਨੂੰ ਗੋਲੀਆਂ ਮਾਰ ਕੇ ਫਰਾਰ

ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ, ਕੁਲਭੂਸ਼ਨ)
ਸਥਾਨਕ ਬਠਿੰਡਾ ਰੋਡ 'ਤੇ ਸਥਿਤ ਨਹਿਰ ਕਲੋਨੀ ਦੇ ਨੇੜੇ ਸਵੇਰੇ ਲੱਗਭੱਗ 8-15 ਵਜੇ ਤਿੰਨ ਹਥਿਆਰਬੰਦ ਵਿਅਕਤੀ ਇੱਕ ਵਪਾਰੀ ਨੂੰ ਸਰੇਆਮ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਜਾਣ ਵਿੱਚ ਕਾਮਯਾਬ ਹੋ ਗਏ। ਜ਼ਖਮੀ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਜ਼ੇਰੇ ਇਲਾਜ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਇੱਕ ਨਾਮਵਰ ਵਿਅਕਤੀ ਗੁਰਦੇਵ ਸਿੰਘ ਅਟਵਾਲ (55) ਪੁੱਤਰ ਰਤਨ ਸਿੰਘ ਵਾਸੀ ਬਰਕੰਦੀ ਰੋਡ ਸ੍ਰੀ ਮੁਕਤਸਰ ਸਾਹਿਬ, ਜੋ ਕਿ ਸਥਾਨਕ ਅਬੋਹਰ ਰੋਡ ਵਿਖੇ ਆਰੇ ਅਤੇ ਲੱਕੜ ਦੇ ਕੋਲਿਆਂ ਦਾ ਕੰਮ ਕਰਦਾ ਹੈ, ਅੱਜ ਸਵੇਰੇ ਉਹ ਆਪਣੇ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਵਾਸਤੇ ਦਿਨੇਸ਼ ਹਸਪਤਾਲ ਬਠਿੰਡਾ ਰੋਡ ਵਿਖੇ ਆਇਆ ਸੀ। ਜਦ ਉਹ ਪਤਾ ਲੈ ਕੇ ਆਪਣੀ ਸਵਿਫਟ ਕਾਰ, ਜਿਸ ਦਾ ਨੰਬਰ ਪੀਬੀ 30 ਟੀ 6850 ਹੈ ਕੋਲ ਪੁੱਜਾ ਤਾਂ ਉਥੇ ਪਹਿਲਾਂ ਤੋਂ ਮੌਜੂਦ ਤਿੰਨ ਵਿਅਕਤੀਆਂ ਨੇ ਉਸ ਨਾਲ ਹੱਥੋਪਾਈ ਹੋਣ ਉਪਰੰਤ ਦੋ ਫਾਇਰ ਕੀਤੇ, ਜਿਨ੍ਹਾਂ ਵਿਚੋਂ ਇੱਕ ਗੋਲੀ ਛਾਤੀ ਵਿੱਚ ਲੱਗੀ। ਉਕਤ ਹਥਿਆਰਬੰਦ ਵਿਅਕਤੀ ਇੱਕ ਨੀਲੇ ਰੰਗ ਦੀ ਆਲਟੋ ਕਾਰ ਰਾਹੀਂ ਫਰਾਰ ਹੋਣ ਵਿੱਚ ਸਫਲ ਹੋ ਗਏ। ਜ਼ਖਮੀ ਗੁਰਦੇਵ ਸਿੰਘ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਖੇ ਇਲਾਜ ਵਾਸਤੇ ਲੈਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ।
ਮੌਕੇ 'ਤੇ ਪਹੁੰਚੇ ਜ਼ਿਲ੍ਹਾ ਪੁਲਿਸ ਮੁਖੀ ਸੁਸ਼ੀਲ ਕੁਮਾਰ, ਬਲਜੀਤ ਸਿੰਘ ਐੱਸ ਪੀ, ਥਾਣਾ ਸਿਟੀ ਇੰਚਾਰਜ ਤੇਜਿੰਦਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਵਾਲੇ ਸਥਾਨ 'ਤੇ ਪੁੱਜੇ। ਉਨ੍ਹਾਂ ਦਿਨੇਸ਼ ਹਸਪਤਾਲ ਦੇ ਬਾਹਰ ਲੱਗੇ ਕੈਮਰਿਆਂ ਦੀ ਜਾਂਚ ਕੀਤੀ। ਜਿਲ੍ਹਾ ਪੁਲਸ ਮੁਖੀ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਸੀ ਸੀ ਟੀ ਵੀ ਕੈਮਰਿਆਂ ਦੇ ਅਧਾਰ 'ਤੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਉਨ੍ਹਾਂ ਦੇ ਸਕੈੱਚ ਜਾਰੀ ਕੀਤੇ ਜਾਣਗੇ, ਪਰੰਤੂ ਪੂਰੇ ਮਾਮਲੇ ਦਾ ਪਤਾ ਜ਼ਖਮੀ ਗੁਰਦੇਵ ਸਿੰਘ ਦੇ ਬਿਆਨ ਦੇਣ ਉਪਰੰਤ ਹੀ ਲੱਗੇਗਾ।
ਇਸ ਸੰਬੰਧੀ ਜ਼ਖਮੀ ਦੇ ਬੇਟੇ ਬੰਟੀ ਦਾ ਕਹਿਣਾ ਹੈ ਅਜੇ ਤੱਕ ਸਾਨੂੰ ਕਿਸੇ ਵਿਅਕਤੀ 'ਤੇ ਸ਼ੱਕ ਨਹੀਂ, ਨਾ ਹੀ ਇਹ ਮਾਮਲਾ ਲੁੱਟਖੋਹ ਦਾ ਲੱਗ ਰਿਹਾ ਹੈ। ਬਾਕੀ ਮੇਰੇ ਪਿਤਾ ਦੇ ਹੋਸ਼ ਆਉਣ ਤੋਂ ਬਾਅਦ ਹੀ ਸਾਰੀ ਗੱਲ ਸਪੱਸ਼ਟ ਹੋਵੇਗੀ।