ਦਰਦਨਾਕ ਹਾਦਸੇ 'ਚ ਪਰਵਾਰ ਦੇ 3 ਜੀਅ ਹਲਾਕ

ਆਦਮਪੁਰ (ਹਤਿੰਦਰ ਮਹਿਤਾ)
ਇੱਥਂੋ 12 ਕਿਲੋਮੀਟਰ ਦੂਰ ਹੁਸ਼ਿਆਰਪੁਰ ਰੋਡ 'ਤੇ ਇਕ ਕਾਰ ਅਤੇ ਐਕਟਿਵਾ ਦੇ ਦਰਦਨਾਕ ਹਾਦਸੇ ਵਿਚ ਐਕਟਿਵਾ ਸਵਾਰ ਇਕੋ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਹੋਣ ਗਈ। ਇਸ ਸੰਬੰਧੀ ਮਿਲੀ ਜਾਣਕਾਰੀ ਮੁਤਾਬਿਕ ਐੱਸ ਆਈ ਹਰਜਿੰਦਰ ਸਿੰਘ ਚੌਂਕੀ ਇੰਚਾਰਜ ਮੰਡਿਆਲਾਂ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦ ਸਵੇਰੇ ਆਦਮਪੁਰ ਤੋਂ ਇੱਕੋ ਪਰਵਾਰ ਦੇ ਤਿੰਨ ਮੈਂਬਰ ਮੋਹਿਤ ਕੁਮਾਰ ਆਵਲ (35) ਪੁੱਤਰ ਬਲਦੇਵ ਰਾਜ ਆਵਲ (ਨਿਊਜ਼ ਪੇਪਰ ਏਜੰਟ ਆਦਮਪੁਰ), ਉਸ ਦੀ ਪਤਨੀ ਡਿੰਪਲ (32) ਅਤੇ ਇਕ ਉਨ੍ਹਾਂ ਦੀ 4 ਸਾਲਾ ਲੜਕੀ (ਮਾਨਿਆ) ਸਾਰੇ ਵਾਸੀ ਆਦਮਪੁਰ ਮਾਤਾ ਦੇ ਦਰਸ਼ਨਾਂ ਲਈ ਆਪਣੀ ਐਕਟਿਵਾ ਨੰਬਰ ਪੀ ਬੀ 08 ਡੀ ਡਬਲਯੂ 0148 'ਤੇ ਸਵਾਰ ਹੋ ਕੇ ਹੁਸ਼ਿਆਰਪੁਰ ਸਾਈਡ ਨੂੰ ਜਾ ਰਹੇ ਸਨ ਕਿ ਸਾਹਮਣੇ ਤੋਂ ਆ ਰਹੀ ਇਕ ਗੱਡੀ ਨੰਬਰ ਪੀ ਬੀ 02 ਬੀ ਜੀ 4544 ਨਾਲ ਉਨ੍ਹਾਂ ਦੀ ਬੁਰੀ ਤਰ੍ਹਾਂ ਟੱਕਰ ਹੋ ਗਈ।
ਇਹ ਹਾਦਸਾ ਐਨਾ ਭਿਆਨਕ ਸੀ ਕਿ ਦੂਰ ਤੱਕ ਇਸ ਟੱਕਰ ਦਾ ਖੜਾਕਾ ਲੋਕਾਂ ਨੇ ਸੁਣਿਆ ਤੇ ਉਹ ਤੁਰੰਤ ਹਾਦਸੇ ਵਾਲੀ ਥਾਂ 'ਤੇ ਪੁੱਜੇ। ਹਾਦਸਾ ਹੋਣ ਮੌਕੇ ਇਹ ਕਾਰ ਨਾਲ ਲੱਗਦੇ ਖ਼ਤਾਨਾਂ ਵਿਚ ਪਲਟ ਗਈ ਅਤੇ ਐਕਟਿਵਾ ਵੀ ਖ਼ਤਾਨਾਂ ਵਿਚ ਦਰੱਖ਼ਤਾਂ ਨਾਲ ਜਾ ਟਕਰਾਈ। ਇਸ ਹਾਦਸੇ ਮੌਕੇ ਬੱਚੀ ਮਾਨੀਆ ਮੌਕੇ 'ਤੇ ਹੀ ਦਮ ਤੋੜ ਗਈ, ਜਦ ਕਿ ਉਸ ਦੇ ਮੰਮੀ ਪਾਪਾ ਮੋਹਿਤ ਕੁਮਾਰ ਅਤੇ ਡਿੰਪਲ ਵੀ ਸਿਰ ਵਿਚ ਭਿਆਨਕ ਸੱਟਾਂ ਲੱਗਣ ਕਾਰਨ ਹਸਪਤਾਲ ਜਾਂਦੇ ਦਮ ਤੋੜ ਗਏ। ਪੁਲਸ ਸੂਤਰਾਂ ਨੇ ਦੱਸਿਆ ਕਿ ਉਕਤ ਕਾਰ ਜੋ ਆਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਜਾ ਰਹੀ ਸੀ, ਵਿਚ ਦੋ ਔਰਤਾਂ, ਦੋ ਵਿਅਕਤੀ ਚਾਲਕ ਸਮੇਤ ਅਤੇ ਇਕ ਬੱਚਾ ਸਵਾਰ ਸੀ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਉਕਤ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਦੀ ਟੀਮ ਹਾਦਸਾ ਸਥਾਨ 'ਤੇ ਪੁੱਜੀ ਅਤੇ ਸਾਰੀ ਕਾਰਵਾਈ ਆਰੰਭ ਕਰ ਦਿੱਤੀ। ਜ਼ਿਕਰਯੋਗ ਹੈ ਕਿ ਮੋਹਿਤ ਕੁਮਾਰ ਜੋ ਆਦਮਪੁਰ ਵਿਖੇ ਅਖਬਾਰ ਏਜੰਸੀ ਚਲਾਉਂਦਾ ਸੀ, ਦੀ ਪਰਵਾਰ ਸਮੇਤ ਮੌਤ ਹੋਣ ਕਾਰਨ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।