ਸ਼ੀ ਜਿੰਨਪਿੰਗ ਦੇ ਉਮਰ ਭਰ ਲਈ ਰਾਸ਼ਟਰਪਤੀ ਬਣੇ ਰਹਿਣ ਦਾ ਰਸਤਾ ਸਾਫ਼

ਬੀਜਿੰਗ (ਨਵਾਂ ਜ਼ਮਾਨਾ ਸਰਵਿਸ)
ਚੀਨ ਦੀ ਸੰਸਦ ਨੇ ਐਤਵਾਰ ਨੂੰ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਦੋ ਕਾਰਜਕਾਲ ਦੀ ਨਿਰਧਾਰਿਤ ਸੀਮਾ ਨੂੰ ਖ਼ਤਮ ਕਰ ਦਿੱਤਾ ਹੈ। ਇਸ ਤੋਂ ਬਾਅਦ ਮੌਜੂਦਾ ਰਾਸ਼ਟਰਪਤੀ ਸ਼ੀ ਜਿੰਨਪਿੰਗ ਦੇ ਜੀਵਨ ਭਰ ਲਈ ਰਾਸ਼ਟਰਪਤੀ ਬਣੇ ਰਹਿਣ ਦਾ ਰਸਤਾ ਸਾਫ਼ ਹੋ ਗਿਆ ਹੈ। ਚੀਨ ਦੀ ਸੰਸਦ ਨੇ ਦੋ ਕਾਰਜਕਾਲ ਦੀ ਨਿਰਧਾਰਤ ਸੀਮਾ ਨੂੰ ਦੋ-ਤਿਹਾਈ ਬਹੁਮਤ ਨਾਲ ਖ਼ਤਮ ਕਰ ਦਿੱਤਾ। ਸੱਤਾਧਾਰੀ ਕਮਿਊਨਿਸਟ ਪਾਰਟੀ ਆਫ਼ ਚਾਇਨਾ ਵੱਲੋਂ ਪ੍ਰਸਤਾਵਿਤ ਸੋਧ ਨੂੰ ਸੰਸਦ ਤੋਂ ਮਨਜ਼ੂਰੀ ਮਿਲਣਾ ਤੈਅ ਹੀ ਮੰਨਿਆ ਜਾ ਰਿਹਾ ਸੀ। ਪਾਰਟੀ ਦੇ ਪ੍ਰਸਤਾਵਾਂ ਦਾ ਸਮਰਥਨ ਕਰਦੇ ਰਹਿਣ ਕਾਰਨ ਕਰੀਬ 3 ਹਜ਼ਾਰ ਮੈਂਬਰਾਂ ਵਾਲੀ ਸੰਸਦ ਨੈਸ਼ਨਲ ਪੀਪਲਜ਼ ਕਾਂਗਰਸ ਨੂੰ ਅਕਸਰ ਹੀ ਰਬੜ ਦੀ ਮੋਹਰ ਵਾਲੀ ਸੰਸਦ ਕਿਹਾ ਜਾਂਦਾ ਹੈ।
ਸੰਸਦ ਦੇ ਸਾਲਾਨਾ ਸੈਸ਼ਨ ਤੋਂ ਪਹਿਲਾਂ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ਼ ਚਾਇਨਾ ਨੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਲਈ ਦੋ ਕਾਰਜਕਾਲ ਦੀ ਸੀਮਾ ਨੂੰ ਖ਼ਤਮ ਕਰਨ ਦਾ ਪ੍ਰਸਤਾਵ ਰੱਖਿਆ ਸੀ। ਜ਼ਿਕਰਯੋਗ ਹੈ ਕਿ ਮਾਓ ਜੇ ਤੁੰਗ ਵਾਂਗ ਅਣਮਿੱਥੇ ਸਮੇਂ ਤੱਕ ਕਿਸੇ ਵੱਲੋਂ ਸੱਤਾ ਹਥਿਆਉਣ ਦੇ ਖ਼ਤਰੇ ਨੂੰ ਦੇਖਦਿਆਂ ਹੋਇਆ ਸਨਮਾਨਤ ਆਗੂ ਡੇਂਗ ਸ਼ਿਓਪਿੰਗ ਨੇ ਚੀਨ ਵਿੱਚ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਲਈ ਦੋ ਕਾਰਜਕਾਲ ਭਾਵ ਦਸ ਸਾਲ ਤੱਕ ਸੱਤਾ ਵਿੱਚ ਰਹਿਣ ਦੀ ਸੀਮਾ ਤੈਅ ਕਰ ਦਿੱਤੀ ਸੀ। ਐਤਵਾਰ ਨੂੰ ਹੋਈ ਸੰਵਿਧਾਨਕ ਸੋਧ ਨਾਲ ਹੀ 64 ਸਾਲਾ ਸ਼ੀ ਦਾ ਜੀਵਨ ਭਰ ਲਈ ਚੀਨ ਦਾ ਰਾਸ਼ਟਰਪਤੀ ਬਣੇ ਰਹਿਣ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਵੇਲੇ ਉਨ੍ਹਾ ਦਾ ਦੂਜਾ ਕਾਰਜਕਾਲ ਚੱਲ ਰਿਹਾ ਹੈ, ਜੋ ਕਿ 2023 ਨੂੰ ਖ਼ਤਮ ਹੋਣਾ ਹੈ।