ਮੰਗਾਂ ਮੰਨਵਾਉਣ ਲਈ 35 ਹਜ਼ਾਰ ਤੋਂ ਵੱਧ ਕਿਸਾਨ ਮੁੰਬਈ ਪਹੁੰਚੇ

ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ਤੋਂ ਨਿਕਲਿਆ ਹਜ਼ਾਰਾਂ ਕਿਸਾਨਾਂ ਦਾ ਮੋਰਚਾ ਐਤਵਾਰ ਨੂੰ ਮੁੰਬਈ ਪਹੁੰਚ ਗਿਆ। ਠਾਣੇ ਤੋਂ ਹੁੰਦੇ ਹੋਏ ਕਿਸਾਨ ਮੁੰਬਈ ਵਿੱਚ ਵਿਧਾਨ ਸਭਾ ਪਹੁੰਚਣ ਦੀ ਤਿਆਰੀ ਕਰ ਰਹੇ ਹਨ। ਕਿਸਾਨਾਂ ਵੱਲੋਂ ਸੋਮਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਯੋਜਨਾ ਹੈ। ਆਪਣੀਆਂ ਮੰਗਾਂ ਮੰਨਵਾਉਣ ਲਈ ਮੁੰਬਈ ਪਹੁੰਚੇ ਕਿਸਾਨਾਂ ਨੂੰ ਸਿਆਸੀ ਪਾਰਟੀਆਂ ਵੱਲੋਂ ਵੀ ਹਮਾਇਤ ਦਿੱਤੀ ਜਾ ਰਹੀ ਹੈ। ਕਾਂਗਰਸ ਤੋਂ ਬਾਅਦ ਸ਼ਿਵ ਸੈਨਾ ਨੇ ਵੀ ਕਿਸਾਨ ਮੰਗਾਂ ਦੀ ਹਮਾਇਤ ਕੀਤੀ ਹੈ। ਖੱਬੀਆਂ ਪਾਰਟੀਆਂ ਨਾਲ ਸੰਬੰਧਤ ਕਿਸਾਨ ਜਥੇਬੰਦੀਆਂ ਦੇ ਬੈਨਰ ਹੇਠ ਕਿਸਾਨਾਂ ਵੱਲੋਂ ਇਹ ਅੰਦੋਲਨ ਛੇੜਿਆ ਗਿਆ ਹੈ। ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਦੇ ਬੇਟੇ ਅਤੇ ਯੁਵਾ ਸੈਨਾ ਦੇ ਪ੍ਰਧਾਨ ਅਦਿੱਤਿਆ ਠਾਕਰੇ ਨੇ ਐਤਵਾਰ ਨੂੰ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਬਾਰੇ ਗੱਲਬਾਤ ਕੀਤੀ। ਕਾਂਗਰਸ ਪਹਿਲਾਂ ਹੀ ਕਿਸਾਨ ਮੋਰਚੇ ਦੀ ਹਮਾਇਤ ਕਰ ਚੁੱਕੀ ਹੈ। ਐੱਮ ਐੱਨ ਐੱਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਕਿਸਾਨ ਆਗੂਆਂ ਨਾਲ ਉਨ੍ਹਾਂ ਦੀਆਂ ਮੰਗਾਂ ਬਾਰੇ ਗੱਲਬਾਤ ਕਰ ਚੁੱਕੇ ਹਨ। ਅੰਦੋਲਨਕਾਰੀ ਕਿਸਾਨ ਸੋਮਵਾਰ ਨੂੰ ਵਿਧਾਨ ਸਭਾ ਭਵਨ ਵਿੱਚ ਜਾ ਕੇ ਆਪਣੀਆਂ ਮੰਗਾਂ ਰੱਖਣਗੇ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਆਜ਼ਾਦ ਮੈਦਾਨ 'ਤੇ ਹੀ ਰੋਕ ਦਿੱਤਾ ਜਾਵੇਗਾ। ਉੱਧਰ ਕਿਸਾਨਾਂ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਤਿਆਰੀ ਤੇਜ਼ ਕਰ ਦਿੱਤੀ ਹੈ। ਕਿਸਾਨ ਅੰਦੋਲਨ ਨੂੰ ਦੇਖਦਿਆਂ ਮੁੰਬਈ ਪੁਲਸ ਨੇ ਆਵਾਜਾਈ ਦੇ ਰੂਟ ਬਦਲ ਦਿੱਤੇ ਹਨ। ਸਵੇਰੇ 9 ਵਜੇ ਤੋਂ ਰਾਤ 10 ਵਜੇ ਤੱਕ ਆਵਾਜਾਈ ਦੇ ਰੂਟਾਂ ਵਿੱਚ ਤਬਦੀਲੀ ਕੀਤੀ ਗਈ ਹੈ।
ਈਸਟਰਨ ਐਕਸਪ੍ਰੈੱਸ ਹਾਈਵੇ ਤੋਂ ਦੱਖਣ ਨੂੰ ਜਾਣ ਵਾਲੇ ਮਾਰਗ 'ਤੇ ਆਨੰਦ ਨਗਰ ਟੋਲ ਨਾਕਾ, ਮੁਲੰਡ ਤੋਂ ਸੁਮਾਇਆ ਮੈਦਾਨ ਅਤੇ ਸਾਇਨ ਤੱਕ ਵੱਡੀਆਂ ਮੋਟਰ ਗੱਡੀਆਂ ਦੇ ਦਾਖਲੇ ਨੂੰ ਬੰਦ ਕਰ ਦਿੱਤਾ ਗਿਆ ਹੈ। ਠਾਣੇ ਤੋਂ ਮੁੰਬਈ ਸ਼ਹਿਰ ਤੱਕ ਆਉਣ ਵਾਲੀਆਂ ਵੱਡੀਆਂ ਮੋਟਰ ਗੱਡੀਆਂ ਅਤੇ ਢੋਆ-ਢੁਆਈ ਵਾਲੇ ਵਾਹਨਾਂ ਨੂੰ ਕਲਵਾ, ਵਿਟਾਵਾ, ਏਰੋਲੀ ਅਤੇ ਵਾਸੀਖਾੜੀ ਪੁਲ ਮਾਰਗ ਰਾਹੀਂ ਡਾਇਵਰਟ ਕੀਤਾ ਗਿਆ ਹੈ। ਕਿਸਾਨ ਸਭਾ ਦੇ ਪ੍ਰਧਾਨ ਡਾ. ਅਸ਼ੋਕ ਢਲਵੇ ਨੇ ਦੱਸਿਆ ਕਿ ਕਿਸਾਨ ਮੋਰਚੇ ਨੂੰ ਸ਼ਿਵ ਸੈਨਾ, ਐੱਮ ਐੱਨ ਐੱਸ, ਆਮ ਆਦਮੀ ਪਾਰਟੀ, ਰਿਪਬਲੀਕਨ ਪਾਰਟੀ, ਕੁਨਬੀ ਸੈਨਾ ਅਤੇ ਆਗਰੀ ਸੈਨਾ ਦਾ ਸਮੱਰਥਨ ਹਾਸਲ ਹੈ।
ਕਿਸਾਨ ਕਰਜ਼ਾ ਮੁਆਫ਼ੀ ਅਤੇ ਬਿਜਲੀ ਦੇ ਬਿੱਲਾਂ ਦੀ ਮੁਆਫ਼ੀ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਕਿਸਾਨਾਂ ਦੇ ਇਸ ਅੰਦੋਲਨ ਦੀ ਸ਼ਿਵ ਸੈਨਾ, ਕਾਂਗਰਸ ਅਤੇ ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਮਨਸੇ) ਵੱਲੋਂ ਹਮਾਇਤ ਕੀਤੀ ਗਈ ਹੈ। ਸੀ ਪੀ ਆਈ ਅਤੇ ਸੀ ਪੀ ਐੱਮ ਦੇ ਕਿਸਾਨ ਮੋਰਚੇ ਸਰਬ ਭਾਰਤੀ ਕਿਸਾਨ ਸਭਾ ਦੀ ਅਗਵਾਈ 'ਚ ਇਹ ਵਿਰੋਧ ਮਾਰਚ ਮੰਗਲਵਾਰ ਨੂੰ ਨਾਸਿਕ ਤੋਂ ਮੁੰਬਈ ਲਈ ਰਵਾਨਾ ਹੋਇਆ ਸੀ। ਕਿਸਾਨਾ ਦੀ 180 ਕਿਲੋਮੀਟਰ ਲੰਮੀ ਪੈਦਲ ਯਾਤਰਾ ਦੇ ਸ਼ੁਰੂ 'ਚ 12 ਹਜ਼ਾਰ ਕਿਸਾਨਾਂ ਦਾ ਕਾਫ਼ਲਾ ਨਿਕਲਿਆ ਸੀ ਅਤੇ ਇਸ ਕਾਫ਼ਲੇ 'ਚ ਹੁਣ ਤੱਕ 35 ਹਜ਼ਾਰ ਕਿਸਾਨ ਸ਼ਾਮਲ ਹੋ ਚੁੱਕੇ ਹਨ। ਪੈਦਲ ਯਾਤਰਾ ਕਾਰਨ ਕਈ ਕਿਸਾਨਾਂ ਦੀ ਹਾਲਤ ਵਿਗੜ ਗਈ ਹੈ। ਪੈਦਲ ਯਾਤਰਾ ਕਾਰਨ ਕਈ ਕਿਸਾਨਾਂ ਦੇ ਪੈਰ ਫੁੱਲ ਗਏ ਹਨ। ਡਾਕਟਰੀ ਸਹੂਲਤ ਲਈ ਇੱਕ ਸਰਕਾਰੀ ਐਂਬੂਲੈਂਸ ਕਿਸਾਨਾਂ ਦੇ ਕਾਫ਼ਲੇ ਨਾਲ ਚੱਲ ਰਹੀ ਹੈ। ਇਸ ਦੇ ਨਾਲ ਹੀ ਕਿਸਾਨਾਂ ਦੇ ਅੰਦੋਲਨ ਨੂੰ ਦੇਖਦਿਆਂ ਮੁੰਬਈ 'ਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ। ਫੜਨਵੀਸ ਸਰਕਾਰ 'ਚ ਸ਼ਾਮਲ ਮੰਤਰੀ ਏਕਨਾਥ ਸ਼ਿੰਦੇ ਨੇ ਐਤਵਾਰ ਨੂੰ ਅੰਦੋਲਨਕਾਰੀ ਕਿਸਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾ ਕਿਸਾਨਾਂ ਨੂੰ ਦੱਸਿਆ ਕਿ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਨੇ ਇਸ ਸੰਬੰਧ 'ਚ ਮੁੱਖ ਮੰਤਰੀ ਦਵੇਂਦਰ ਫੜਨਵੀਸ ਨਾਲ ਮੁਲਾਕਾਤ ਕੀਤੀ ਹੈ।
ਸ਼ਨੀਵਾਰ ਨੂੰ 5 ਕਿਸਾਨਾਂ ਦੀ ਤਬੀਅਤ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਇਹਨਾਂ ਕਿਸਾਨਾਂ ਨੂੰ ਪਾਣੀ ਦੀ ਕਮੀ ਅਤੇ ਬਲੱਡ ਪ੍ਰੈਸ਼ਰ ਘਟਣ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਅੰਦੋਲਨ ਕਰ ਰਹੇ ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਦਾ ਪੂਰਾ ਕਰਜ਼ਾ ਮੁਆਫ਼ ਕੀਤਾ ਜਾਵੇ, ਕਿਉਂਕਿ ਕਰਜ਼ਾ ਕਿਸਾਨਾਂ ਲਈ ਬੋਝ ਬਣ ਚੁੱਕਿਆ ਹੈ। ਕਿਸਾਨ ਜਥੇਬੰਦੀਆਂ ਦੀ ਮੰਗ ਹੈ ਕਿ ਫ਼ਸਲ ਬਰਬਾਦ ਹੋਣ ਕਰਕੇ ਕਿਸਾਨ ਬਿਜਲੀ ਦੇ ਬਿੱਲ ਨਹੀਂ ਭਰ ਸਕੇ, ਇਸ ਲਈ ਉਨ੍ਹਾਂ ਦਾ ਬਿਜਲੀ ਬਿੱਲ ਮੁਆਫ਼ ਕੀਤਾ ਜਾਵੇ। ਫ਼ਸਲਾਂ ਦਾ ਵਾਜਬ ਭਾਅ ਨਾ ਮਿਲਣ ਕਾਰਨ ਵੀ ਕਿਸਾਨ ਨਰਾਜ਼ ਹਨ। ਕਿਸਾਨ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੀ ਵੀ ਮੰਗ ਕਰ ਰਹੇ ਹਨ।