ਨੇਪਾਲ 'ਚ ਹਵਾਈ ਹਾਦਸੇ 'ਚ 50 ਮੁਸਾਫਰਾਂ ਦੀ ਮੌਤ


ਕਾਠਮੰਡੂ (ਨਵਾਂ ਜ਼ਮਾਨਾ ਸਰਵਿਸ)
ਨੇਪਾਲ ਦੇ ਕਾਠਮੰਡੂ ਹਵਾਈ ਅੱਡੇ 'ਤੇ ਇੱਕ ਜਹਾਜ਼ ਦੇ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਘੱਟੋ-ਘੱਟ 50 ਵਿਅਕਤੀ ਮਾਰੇ ਗਏ ਅਤੇ 17 ਹੋਰ ਜ਼ਖ਼ਮੀ ਹੋ ਗਏ। ਹਾਦਸੇ ਸਮੇਂ 78 ਸੀਟਾਂ ਵਾਲੇ ਇਸ ਜਹਾਜ਼ ਵਿੱਚ 67 ਮੁਸਾਫਰ ਅਤੇ ਜਹਾਜ਼ ਅਮਲੇ ਦੇ ਚਾਰ ਮੈਂਬਰ ਸਵਾਰ ਸਨ।
ਨੇਪਾਲ 'ਚ ਕਾਠਮੰਡੂ ਕੌਮਾਂਤਰੀ ਹਵਾਈ ਅੱਡੇ 'ਤੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ 'ਚ 67 ਯਾਤਰੀ ਸਵਾਰ ਸਨ।ਜਹਾਜ਼ ਢਾਕਾ ਤੋਂ ਕਾਠਮੰਡੂ ਆ ਰਿਹਾ ਸੀ।ਮੀਡੀਆ ਰਿਪੋਰਟ ਮੁਤਾਬਕ ਇਹ ਜਹਾਜ਼ ਬੰਗਲਾਦੇਸ਼ ਦੀ ਯੂ ਐੱਸ-ਬੰਗਲਾ ਏਅਰਲਾਈਨਜ਼ ਦਾ ਸੀ।ਕਾਠਮੰਡੂ ਦੀ ਇਕ ਅਖਬਾਰ ਦੀ ਖਬਰ ਮੁਤਾਬਕ ਜਹਾਜ਼ ਤ੍ਰਿਭੁਵਨ ਕੌਮਾਂਤਰੀ ਹਵਾਈ ਅੱਡੇ ਦੇ ਪੂਰਬੀ ਹਿੱਸੇ 'ਚ ਜਾ ਡਿੱਗਿਆ।ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ ਕਿ ਇਸ ਹਾਦਸੇ ਵਿੱਚ ਘੱਟੋ-ਘੱਟ 50 ਵਿਅਕਤੀ ਮਾਰੇ ਗਏ ਹਨ, ਜਦਕਿ 17 ਮੁਸਫ਼ਰਾਂ ਨੂੰ ਬਚਾ ਲਿਆ ਗਿਆ ਹੈ। ਹਵਾਈ ਅੱਡੇ ਦੇ ਬੁਲਾਰੇ ਪ੍ਰੇਮ ਨਾਥ ਠਾਕੁਰ ਨੇ ਦੱਸਿਆ ਕਿ ਬਚਾਅ ਕਾਰਜਾਂ ਵਿੱਚ ਲੱਗੀਆਂ ਟੀਮਾਂ ਨੂੰ ਜਹਾਜ਼ ਦੇ ਮਲਬੇ ਵਿੱਚੋਂ ਬੁਰੀ ਤਰ੍ਹਾਂ ਖਰਾਬ ਹੋ ਚੁੱਕੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਇਹ ਜਹਾਜ਼ ਹਵਾਈ ਅੱਡੇ 'ਤੇ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। ਨੇਪਾਲ ਦੀ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਸੰਜੀਵ ਗੌਤਮ ਨੇ ਦੱਸਿਆ ਕਿ ਰਨਵੇ 'ਤੇ ਉਤਰਦੇ ਸਮੇਂ ਜਹਾਜ਼ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਨੂੰ ਰਨਵੇ 'ਤੇ ਦੱਖਣ ਵਾਲੇ ਪਾਸੇ ਤੋਂ ਉਤਰਨ ਦੀ ਆਗਿਆ ਦਿੱਤੀ ਗਈ ਸੀ, ਲੇਕਿਨ ਜਹਾਜ਼ ਉਤਰ ਵਾਲੇ ਪਾਸਿਓਂ ਹਵਾਈ ਅੱਡੇ 'ਤੇ ਉਤਰਨ ਲੱਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਜਹਾਜ਼ ਵਿੱਚ ਕੋਈ ਤਕਨੀਕੀ ਨੁਕਸ ਕਾਰਨ ਇਹ ਹਾਦਸਾ ਵਾਪਰਿਆ ਹੈ। ਪ੍ਰੇਮ ਨਾਥ ਠਾਕੁਰ ਮੁਤਾਬਿਕ ਜਹਾਜ਼ ਉਤਰਦੇ ਸਮੇਂ ਝੁਕ ਗਿਆ ਅਤੇ ਉਸ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਜਹਾਜ਼ ਫੁੱਟਬਾਲ ਗਰਾਊਂਡ ਵਿੱਚ ਜਾ ਕੇ ਡਿੱਗ ਗਿਆ। ਇਸ ਹਾਦਸੇ ਤੋਂ ਬਾਅਦ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ। ਸੈਰ-ਸਪਾਟਾ ਮੰਤਰਾਲੇ ਦੇ ਜਾਇੰਟ ਸਕੱਤਰ ਸੁਰੇਸ਼ ਅਚਾਰੀਆ ਨੇ ਦੱਸਿਆ ਕਿ ਬਚਾਏ ਗਏ 17 ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਚਾਅ ਕਾਰਜਾਂ ਵਿੱਚ ਨੇਪਾਲ ਦੀ ਫੌਜ ਵੀ ਜੁਟੀ ਹੋਈ ਹੈ।