ਫੜਨਵੀਸ ਵੱਲੋਂ ਕਿਸਾਨ ਮੰਗਾਂ ਬਾਰੇ ਲਿਖਤੀ ਭਰੋਸਾ


ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਮਹਾਰਾਸ਼ਟਰ ਸਰਕਾਰ ਨੇ ਕਰਜ਼ਾ ਮੁਆਫ਼ੀ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਮੁੰਬਈ ਵਿੱਚ ਡਟੇ ਕਿਸਾਨਾਂ ਨੂੰ ਲਿਖਤੀ ਭਰੋਸਾ ਦੇ ਮਨਾ ਲਿਆ ਹੈ। ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਸੋਮਵਾਰ ਦੁਪਹਿਰ ਨੂੰ ਵਿਧਾਨ ਸਭਾ ਵਿੱਚ ਕਿਸਾਨਾਂ ਦੇ ਵਫ਼ਦ ਨਾਲ ਇੱਕ ਮੀਟਿੰਗ ਕੀਤੀ। ਕਰੀਬ ਤਿੰਨ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਸਰਕਾਰ ਨੇ ਕਿਸਾਨਾਂ ਨੂੰ ਮੰਗਾਂ ਮੰਨਣ ਬਾਰੇ ਲਿਖਤੀ ਭਰੋਸਾ ਦਿੱਤਾ। ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਕਿਸਾਨ ਵਾਪਸ ਪਰਤਣ ਲਈ ਰਾਜ਼ੀ ਹੋ ਗਏ ਹਨ। ਦੇਰ ਰਾਤ ਦੀਆਂ ਰਿਪੋਰਟਾਂ ਮੁਤਾਬਕ ਕਿਸਾਨ ਭਰੋਸੇ ਮਗਰੋਂ ਵਾਪਸ ਪਰਤਣੇ ਸ਼ੁਰੂ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ 40 ਹਜ਼ਾਰ ਤੋਂ ਵੱਧ ਕਿਸਾਨ ਵਿਧਾਨ ਸਭਾ ਨੂੰ ਘੇਰਨ ਲਈ ਆਜ਼ਾਦ ਮੈਦਾਨ ਵਿੱਚ ਡਟੇ ਹੋਏ ਸਨ। ਮਹਾਰਾਸ਼ਟਰ ਦੇ ਸਿੰਚਾਈ ਮੰਤਰੀ ਗਿਰੀਸ਼ ਮਹਾਜਨ ਨੇ ਇਸ ਮੀਟਿੰਗ ਨੂੰ ਸਕਾਰਾਤਮਕ ਦੱਸਦਿਆਂ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਬਾਰੇ ਚਰਚਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀਆਂ 12-13 ਮੰਗਾਂ ਸਨ, ਜਿਨ੍ਹਾਂ 'ਚੋਂ ਕੁਝ ਨੂੰ ਮੰਨ ਲਿਆ ਗਿਆ ਹੈ ਅਤੇ ਇਸ ਬਾਰੇ ਕਿਸਾਨਾਂ ਨੂੰ ਲਿਖਤੀ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਸਰਕਾਰ ਦੇ ਫੈਸਲੇ ਤੋਂ ਸੰਤੁਸ਼ਟ ਹਨ। ਇਸ ਗੱਲਬਾਤ ਦੌਰਾਨ ਕਿਸਾਨਾਂ ਦੀਆਂ ਮੱਤਹਵਪੂਰਨ ਮੰਗਾਂ ਵਿੱਚੋਂ ਜੰਗਲਾਤ ਮਹਿਕਮੇ ਦੀ ਜ਼ਮੀਨ ਕਿਸਾਨਾਂ ਦੇ ਨਾਂਅ ਕਰਨ ਦੀ ਮੰਗ ਮੰਨ ਲਈ ਹੈ।
ਆਦਿਵਾਸੀ ਵਿਕਾਸ ਅਤੇ ਲੋਕ ਭਲਾਈ ਮੰਤਰੀ ਵੀ ਸਾਵਰਾ ਨੇ ਦੱਸਿਆ ਹੈ ਕਿ ਕਿਸਾਨਾਂ ਦੀ ਸ਼ਿਕਾਇਤ ਹੈ ਕਿ ਜਿਹੜੀ ਉਨ੍ਹਾਂ ਦੀ ਜ਼ਮੀਨ ਹੈ, ਉਸ ਨੂੰ ਘੱਟੋ-ਘੱਟ ਉਨ੍ਹਾਂ ਦੇ ਨਾਂਅ 'ਤੇ ਕਰ ਦਿੱਤੀ ਜਾਵੇ, ਜਿਸ ਉਪਰ ਉਹ ਲੰਮੇ ਸਮੇਂ ਤੋਂ ਖੇਤੀ ਕਰਦੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਹ ਮੰਗ ਮੰਨ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਸਕੱਤਰ ਇਸ ਮਾਮਲੇ ਨੂੰ ਦੇਖਣਗੇ ਅਤੇ 6 ਮਹੀਨੇ ਅੰਦਰ ਇਸ ਫੈਸਲੇ ਨੂੰ ਲਾਗੂ ਕੀਤਾ ਜਾਵੇਗਾ। ਮੀਟਿੰਗ ਤੋਂ ਪਹਿਲਾਂ ਫੜਨਵੀਸ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਸਕਾਰਾਤਮਕ ਹੈ ਅਤੇ ਸਰਕਾਰ ਕਿਸਾਨ ਮੋਰਚੇ ਦੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੀਆਂ ਮੰਗਾਂ ਬਾਰੇ ਚਰਚਾ ਕਰ ਰਹੀ ਹੈ। ਇਸੇ ਦੌਰਾਨ ਕਿਸਾਨਾਂ ਦੇ ਮਾਰਚ ਦਾ ਮਸਲਾ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਵੀ ਉਠਿਆ ਵਿਰੋਧੀ ਧਿਰ ਦੇ ਆਗੂ ਰਾਧਾ ਕ੍ਰਿਸ਼ਨ ਵਿਖੇ ਪਾਟਿਲ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਮੰਨੇ ਜਾਣ ਦੀ ਗੱਲ ਕੀਤੀ। ਜੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਨ੍ਹਾਂ ਦੇ ਸ਼ਰਾਪ ਨਾਲ ਸਰਕਾਰ ਭਸਮ ਹੋ ਜਾਵੇਗੀ। ਉਧਰ ਕਿਸਾਨ ਆਗੂ ਅਜੀਤ ਨਲਵੇ ਨੇ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ 'ਚੋਂ ਇੱਕ ਵੀ ਮੰਗ ਨਾ ਮੰਨੀ ਗਈ ਤਾਂ ਕਿਸਾਨ ਆਜ਼ਾਦ ਮੈਦਾਨ ਵਿੱਚ ਹੀ ਭੁੱਖ ਹੜਤਾਲ ਸ਼ੁਰੂ ਕਰ ਦੇਣਗੇ। ਉਧਰ ਮਹਾਰਾਸ਼ਟਰ ਸਰਕਾਰ ਦੇ ਪਾਣੀ ਵਸੀਲਿਆਂ ਬਾਰੇ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀਆਂ 80-90 ਫੀਸਦੀ ਮੰਗਾਂ ਮੰਨ ਲਈਆਂ ਹਨ।