ਬਿਨਾਂ ਦੁਆ ਸਲਾਮ ਕੀਤੇ ਅੱਗੇ ਨਿਕਲੇ ਅਮਿਤ ਸ਼ਾਹ ਤੇ ਰਾਹੁਲ ਗਾਂਧੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਿਚਾਲੇ ਤਰਾਰ ਦਾ ਦੌਰ ਜਾਰੀ ਹੈ ਅਤੇ ਸੋਮਵਾਰ ਨੂੰ ਇਹ ਸੰਸਦ ਭਵਨ ਵਿੱਚ ਵੀ ਦੇਖਣ ਨੂੰ ਮਿਲਿਆ। ਇਹ ਦੋਵੇਂ ਆਗੂ ਸੰਸਦ ਭਵਨ ਵਿੱਚ ਇੱਕ-ਦੂਜੇ ਦੇ ਆਹਮਣੇ-ਸਾਹਮਣੇ ਆਏ, ਲੇਕਿਨ ਇੱਕ-ਦੂਜੇ ਨੂੰ ਕੋਈ ਦੁਆ-ਸਲਾਮ ਨਹੀਂ ਕੀਤੀ। ਦੇਸ਼ ਦੀਆਂ ਦੋ ਵੱਡੀਆਂ ਪਾਰਟੀਆਂ ਦੇ ਕੌਮੀ ਪ੍ਰਧਾਨ ਸੰਸਦ ਭਵਨ ਵਿੱਚ ਇੱਕ-ਦੂਜੇ ਤੋਂ ਉਲਟ ਦਿਸ਼ਾ ਵਿੱਚ ਜਾ ਰਹੇ ਸਨ। ਇਹ ਦੋਵੇਂ ਆਗੂ ਇੱਕ-ਦੂਜੇ ਤੋਂ ਨਜ਼ਰਾਂ ਚਰਾਉਂਦੇ ਹੋਏ ਅੱਗੇ ਵੱਧ ਗਏ, ਲੇਕਿਨ ਉਥੇ ਮੌਜੂਦ ਫੋਟੋਗ੍ਰਾਫ਼ਰਾਂ ਨੇ ਇਸ ਦ੍ਰਿਸ਼ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰ ਲਿਆ। ਵੀਡਿਓ ਵਿੱਚ ਸਾਫ਼ ਦਿਖ ਰਿਹਾ ਹੈ ਕਿ ਦੋਵੇਂ ਆਗੂ ਇੱਕ-ਦੂਜੇ ਨੂੰ ਨਜ਼ਰ-ਅੰਦਾਜ਼ ਕਰਦੇ ਹੋਏ ਅੱਗੇ ਲੰਘ ਗਏ। ਵੀਡਿਓ ਵਿੱਚ ਰਾਹੁਲ ਗਾਂਧੀ ਸੰਸਦ ਭਵਨ ਤੋਂ ਬਾਹਰ ਨਿਕਲਦੇ ਦਿਖਾਈ ਦੇ ਰਹੇ ਹਨ, ਜਦਕਿ ਭਾਜਪਾ ਪ੍ਰਧਾਨ ਸੰਸਦ ਅੰਦਰ ਦਾਖ਼ਲ ਹੁੰਦੇ ਹੋਏ ਦਿਸ ਰਹੇ ਹਨ।
ਅਮਿਤ ਸ਼ਾਹ ਦੇ ਲੰਘ ਜਾਣ ਤੋਂ ਬਾਅਦ ਪੱਤਰਕਾਰਾਂ ਨੇ ਰਾਹੁਲ ਗਾਂਧੀ ਨਾਲ ਗੱਲ ਕਰਨੀ ਚਾਹੀ, ਪਰ ਉਹ ਬਿਨਾਂ ਕੋਈ ਗੱਲ ਕੀਤੇ ਉਥੋਂ ਨਿਕਲ ਗਏ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਅਤੇ ਅਮਿਤ ਸ਼ਾਹ ਵਿਚਾਲੇ ਕਾਫ਼ੀ ਸਮੇਂ ਤੋਂ ਜ਼ੁਬਾਨੀ ਜੰਗ ਚੱਲ ਰਹੀ ਹੈ। ਦੋਵੇਂ ਆਗੂ ਸਮੇਂ-ਸਮੇਂ 'ਤੇ ਇੱਕ-ਦੂਜੇ ਦੀਆਂ ਪਾਰਟੀਆਂ ਦੀਆਂ ਨੀਤੀਆਂ ਵਿਰੁੱਧ ਹਮਲੇ ਬੋਲਦੇ ਰਹਿੰਦੇ ਹਨ। ਇਸ ਘਟਨਾ ਨੂੰ ਵੀ ਇਸੇ ਤਲਖੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।