ਮੁਕਾਬਲੇ 'ਚ ਤਿੰਨ ਅੱਤਵਾਦੀ ਹਲਾਕ


ਸ੍ਰੀਨਗਰ (ਨਵਾਂ ਜ਼ਮਾਨਾ ਸਰਵਿਸ)
ਦੱਖਣ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਸਵੇਰੇ ਸੁਰੱਖਿਆ ਦਸਤਿਆਂ ਨਾਲ ਹੋਏ ਇੱਕ ਜ਼ਬਰਦਸਤ ਮੁਕਾਬਲੇ ਵਿੱਚ ਤਿੰਨ ਅੱਤਵਾਦੀ ਮਾਰੇ ਗਏ। ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਸਰਗਰਮੀ ਦੀ ਸੂਚਨਾ ਮਿਲਣ ਤੋਂ ਬਾਅਦ ਰਾਸ਼ਟਰੀ ਰਾਈਫ਼ਲਜ਼, ਪੁਲਸ ਦੇ ਵਿਸ਼ੇਸ਼ ਦਸਤੇ ਅਤੇ ਸੀ ਆਰ ਪੀ ਐੱਫ਼ ਵੱਲੋਂ ਅਨੰਤਨਾਗ ਜ਼ਿਲ੍ਹੇ ਦੇ ਹਕੋਰਾ ਇਲਾਕੇ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਤੜਕੇ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਸੁਰੱਖਿਆ ਦਸਤੇ ਉਸ ਇਲਾਕੇ ਵੱਲ ਵੱਧ ਰਹੇ ਸੀ ਤਾਂ ਅੱਤਵਾਦੀਆਂ ਨੇ ਸਵੈ-ਚਾਲਕ ਹਥਿਆਰਾਂ ਨਾਲ ਉਨ੍ਹਾਂ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਇਸ ਦੌਰਾਨ ਹੋਏ ਮੁਕਾਬਲੇ ਵਿੱਚ ਤਿੰਨ ਅੱਤਵਾਦੀ ਮਾਰੇ ਗਏ। ਉਨ੍ਹਾਂ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਵਿੱਚੋਂ ਦੋ ਸਥਾਨਕ ਅੱਤਵਾਦੀ ਹਨ ਅਤੇ ਇੱਕ ਅੱਤਵਾਦੀ ਵਿਦੇਸ਼ੀ ਸਮਝਿਆ ਜਾ ਰਿਹਾ ਹੈ। ਉਨ੍ਹਾ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਤੋਂ ਵੱਡੀ ਗਿਣਤੀ ਵਿੱਚ ਅਸਲਾ ਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ। ਇਸੇ ਦੌਰਾਨ ਤਣਾਅ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਅਨੰਤਨਾਗ ਵਿੱਚ ਮੋਬਾਇਲ ਇੰਟਰਨੈੱਟ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਅਤੇ ਸ੍ਰੀਨਗਰ ਦੀਆਂ ਅੱਠ ਪੁਲਸ ਚੌਕੀਆਂ ਦੇ ਖੇਤਰ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਹੈ ਕਿ ਦੋਵੇਂ ਸਥਾਨਕ ਅੱਤਵਾਦੀਆਂ ਦੀ ਸ਼ਨਾਖ਼ਤ ਹੋ ਗਈ ਹੈ, ਜੋ ਆਨੰਤਨਾਗ ਦੇ ਰਹਿਣ ਵਾਲੇ ਸਨ ਅਤੇ ਉਹ ਪੁਲਸ ਨੂੰ ਅੱਤਵਾਦੀ ਕਾਰਵਾਈਆਂ 'ਚ ਲੋੜੀਂਦੇ ਸਨ। ਤੀਜੇ ਵਿਦੇਸ਼ੀ ਅੱਤਵਾਦੀ ਦੀ ਅਜੇ ਸ਼ਨਾਖ਼ਤ ਨਹੀਂ ਹੋ ਸਕੀ।