ਯੂਨੀਟੈਕ ਦੀ ਜਾਇਦਾਦ ਵੇਚ ਕੇ ਖਰੀਦਦਾਰਾਂ ਨੂੰ ਮੋੜਿਆ ਜਾਵੇਗਾ ਪੈਸਾ : ਸੁਪਰੀਮ ਕੋਰਟ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਘਰ ਖਰੀਦਣ ਵਾਲਿਆਂ ਦਾ ਪੈਸਾ ਮੋੜੇ ਜਾਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਇੱਕ ਵਾਰ ਰਿਅਲ ਅਸਟੇਟ ਕੰਪਨੀ ਯੂਨੀਟੈਕ ਨੂੰ ਝਾੜ ਪਾਈ ਹੈ। ਸਰਵ ਉਚ ਅਦਾਲਤ ਨੇ ਇਸ ਦੇ ਨਾਲ ਹੀ ਕੰਪਨੀ ਨੂੰ ਆਪਣੀ ਗੈਰ-ਵਿਵਾਦਤ ਜਾਇਦਾਦ ਦੀ ਜਾਣਕਾਰੀ ਦੇਣ ਲਈ ਆਖਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕੰਪਨੀ ਦੀ ਇਸ ਜਾਇਦਾਦ ਨੂੰ ਘਰ ਖਰੀਦਣ ਵਾਲਿਆਂ ਦਾ ਪੈਸਾ ਮੋੜਨ ਲਈ ਨਿਲਾਮ ਕੀਤਾ ਜਾਵੇਗਾ। ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਇਸ ਦੇ ਨਾਲ ਹੀ ਜੇ ਐੱਮ ਫਾਈਨਾਂਸ ਲਿਮਟਿਡ ਨੂੰ ਵੀ 25 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਹੈ।
ਕੰਪਨੀ ਵੱਲੋਂ ਇਸ ਮਾਮਲੇ ਨੂੰ ਘੁਮਾਉਣ ਦੀ ਕੋਸ਼ਿਸ਼ ਕੀਤੇ ਜਾਣ ਨੂੰ ਲੈ ਕੇ ਅਦਾਲਤ ਨੇ ਇਹ ਕਾਰਵਾਈ ਕੀਤੀ ਹੈ। ਜ਼ਿਕਰਯੋਗ ਹੈ ਕਿ ਜੇ ਐੱਮ ਫਾਇਨਾਂਸ ਲਿਮਟਿਡ ਨੇ ਯੂਨੀਟੈਕ ਦੇ ਕਰਜ਼ੇ ਨੂੰ ਟੇਕਓਵਰ ਕੀਤਾ ਹੈ। ਅਦਾਲਤ ਨੇ ਕੰਪਨੀ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਬੇਲੋੜੇ ਹੀ ਮਾਮਲੇ ਨੂੰ ਨਵਾਂ ਮੋੜ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਹੋਈ। ਇਸ ਦੌਰਾਨ ਯੂਨੀਟੈਕ ਨੇ ਆਪਣੀ ਜਾਇਦਾਦ ਦੀ ਜਾਣਕਾਰੀ ਅਦਾਲਤ ਵਿੱਚ ਜਮ੍ਹਾ ਕਰਵਾਈ। ਹਾਲਾਂਕਿ ਅਦਾਲਤ ਨੇ ਕੰਪਨੀ ਦੀ ਇਸ ਸੂਚੀ ਨੂੰ ਅਧੂਰਾ ਦੱਸਿਆ। ਅਦਾਲਤ ਨੇ ਕੰਪਨੀ ਨੂੰ ਹੁਕਮ ਦਿੱਤਾ ਹੈ ਕਿ ਅਗਲੀ ਸੁਣਵਾਈ ਤੱਕ ਜਾਇਦਾਦ ਦੀ ਪੂਰੀ ਸੂਚੀ ਸੌਂਪੀ ਜਾਵੇ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੀ ਬਿਹਤਰ ਜਾਂਚ ਲਈ ਮਾਹਰ ਵੀ ਨਿਯੁਕਤ ਕੀਤਾ ਜਾ ਸਕਦਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 26 ਮਾਰਚ ਨੂੰ ਹੋਵੇਗੀ।