ਸੁਪਰੀਮ ਕੋਰਟ ਵੱਲੋਂ ਆਧਾਰ ਲਿੰਕ ਕਰਨ ਬਾਰੇ ਲੋਕਾਂ ਨੂੰ ਵੱਡੀ ਰਾਹਤ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਨੇ ਆਧਾਰ ਲਿੰਕ ਕਰਨ ਦੇ ਮਾਮਲੇ ਵਿੱਚ ਆਮ ਆਦਮੀ ਨੂੰ ਵੱਡੀ ਰਾਹਤ ਦਿੱਤੀ ਹੈ। ਸਰਵ ਉੱਚ ਅਦਾਲਤ ਨੇ ਆਧਾਰ ਲਿੰਕ ਸਮਾਂ-ਸੀਮਾ ਨੂੰ ਫੈਸਲਾ ਸੁਣਾਏ ਜਾਣ ਤੱਕ ਵਧਾ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਫੈਸਲਾ ਆਉਣ ਤੱਕ ਬੈਂਕ ਅਕਾਊਂਟ, ਮੋਬਾਇਲ ਫੋਨ ਅਤੇ ਪਾਸਪੋਰਟ ਦੀ ਲਾਜ਼ਮੀ ਆਧਾਰ ਲਿਕਿੰਗ ਦੀ ਸਮਾਂ-ਸੀਮਾ ਨੂੰ ਵਧਾਇਆ ਜਾ ਰਿਹਾ ਹੈ।
ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ 'ਚ ਪੰਜ ਜੱਜਾਂ ਵਾਲੇ ਸੰਵਿਧਾਨਕ ਬੈਂਕ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਲਾਜ਼ਮੀ ਆਧਾਰ ਲਈ ਜ਼ੋਰ ਨਹੀਂ ਪਾ ਸਕਦੀ। ਸੁਪਰੀਮ ਕੋਰਟ ਦਾ ਇਹ ਤਾਜ਼ਾ ਫੈਸਲਾ ਵਕੀਲ ਵਰਿੰਦਾ ਗਰੋਵਰ ਵੱਲੋਂ ਦਾਖ਼ਲ ਪਟੀਸ਼ਨ ਉਪਰ ਸੁਣਵਾਈ ਦੌਰਾਨ ਆਇਆ ਹੈ, ਜੋ ਉਨ੍ਹਾਂ ਪਾਸਪੋਰਟ ਲਈ ਆਧਾਰ ਨੂੰ ਲਾਜ਼ਮੀ ਬਣਾਏ ਜਾਣ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ। ਜ਼ਿਕਰਯੋਗ ਹੈ ਕਿ ਸਰਕਾਰ ਨੇ ਬੈਂਕ ਅਕਾਊਂਟ ਅਤੇ ਮੋਬਾਇਲ ਨੰਬਰ ਨਾਲ ਆਧਾਰ ਨੂੰ ਜੋੜਨ ਲਈ 31 ਮਾਰਚ ਦੀ ਸਮਾਂ-ਸੀਮਾ ਤੈਅ ਕੀਤੀ ਸੀ। ਸਰਕਾਰ ਲੱਗਭੱਗ ਸਾਰੀਆਂ ਭਲਾਈ ਯੋਜਨਾਵਾਂ ਨੂੰ ਵੀ ਆਧਾਰ ਨਾਲ ਜੋੜ ਚੁੱਕੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਜਨਵਰੀ 2018 ਵਿੱਚ ਜਾਰੀ ਪਾਸਟਪੋਰਟ ਨਿਯਮਾਂ ਵਿੱਚ ਤੱਤਕਾਲ ਯੋਜਨਾ ਵਿੱਚ ਨਵਾਂ ਪਾਸਪੋਰਟ ਬਣਾਉਣ ਜਾਂ ਨਵੀਨੀਕਰਨ ਲਈ ਆਧਾਰ ਨੂੰ ਲਾਜ਼ਮੀ ਬਣਾ ਦਿੱਤਾ ਗਿਆ ਹੈ। ਉਨ੍ਹਾਂ ਤਤਕਾਲ ਵਿੱਚ ਪਾਸਪੋਰਟ ਨਵਿਆਉਣ ਲਈ ਅਰਜ਼ੀ ਦਿੱਤੀ ਸੀ ਤਾਂ ਉਨ੍ਹਾਂ ਦਾ ਪੁਰਾਣਾ ਪਾਸਪੋਰਟ ਰੱਦ ਕਰ ਦਿੱਤਾ ਗਿਆ।
ਹੁਣ ਨਵੇਂ ਪਾਸਪੋਰਟ ਲਈ ਆਧਾਰ ਨੰਬਰ ਦੇਣ ਲਈ ਆਖਿਆ ਜਾ ਰਿਹਾ ਸੀ। ਪਾਸਪੋਰਟ ਅਧਿਕਾਰੀਆਂ ਨੇ ਆਧਾਰ ਤੋਂ ਪਾਸਪੋਰਟ ਨਵਿਆਉਣ ਤੋਂ ਇਨਕਾਰ ਕਰ ਦਿੱਤਾ ਹੈ, ਜਦਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਆਧਾਰ ਸਿਰਫ਼ ਲੋਕ ਭਲਾਈ ਯੋਜਨਾਵਾਂ ਲਈ ਹੀ ਲਾਜ਼ਮੀ ਹੈ। ਵਕੀਲ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਉਸ ਨੂੰ ਤਿੰਨ ਦਿਨਾਂ ਅੰਦਰ ਪਾਸਪੋਰਟ ਚਾਹੀਦਾ ਹੈ, ਕਿਉਂਕਿ ਉਸ ਨੇ ਇੱਕ ਸੈਮੀਨਾਰ ਵਿੱਚ ਹਿੱਸਾ ਲੈਣ ਲਈ ਢਾਕਾ ਜਾਣਾ ਹੈ। ਇਸ ਤੋਂ ਪਹਿਲਾਂ ਆਧਾਰ ਐਕਟ ਦੀ ਵੈਧਤਾ ਨੂੰ ਵੀ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾ ਚੁੱਕੀ ਹੈ। ਪਟੀਸ਼ਨਕਰਤਿਆਂ ਦਾ ਤਰਕ ਹੈ ਕਿ ਯੂਨੀਕ ਆਈਡੈਂਟਿਟੀ ਨੰਬਰ ਦੀ ਵਰਤੋਂ ਨਾਲ ਨਾਗਰਿਕ ਅਧਿਕਾਰ ਸਮਾਪਤ ਹੋ ਜਾਣਗੇ ਅਤੇ ਨਾਗਰਿਕਤਾ ਸਿਮਟ ਕੇ ਰਹਿ ਜਾਵੇਗੀ। ਆਧਾਰ ਮਾਮਲੇ ਬਾਰੇ ਇਹ ਬਹੁ-ਚਰਚਿਤ ਸੁਣਵਾਈ ਪਿਛਲੇ ਪੰਜ ਸਾਲਾਂ ਤੋਂ ਚੱਲ ਰਹੀ ਹੈ।
ਕਈ ਸਮਾਜਕ ਕਾਰਕੁਨਾਂ ਅਤੇ ਹਾਈ ਕੋਰਟ ਦੇ ਇੱਕ ਸਾਬਕਾ ਜੱਜ ਨੇ ਆਧਾਰ ਸਕੀਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।
ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ ਕੇ ਸ਼ੀਕਰੀ, ਜਸਟਿਸ ਏ ਐੱਮ ਖਾਨਵਿਲਕਰ, ਜਸਟਿਸ ਵੀ ਵਾਈ ਚੰਦਰਚੂੜ ਅਤੇ ਜਸਟਿਸ ਅਸ਼ੋਕ ਭੂਸ਼ਨ 'ਤੇ ਅਧਾਰਤ ਬੈਂਚ ਵੱਲੋਂ ਇਸ ਮਾਮਲੇ ਦੀ ਸੁਣਵਾਈ ਕੀਤੀ ਜਾ ਰਹੀ ਹੈ।