ਗੁਰਦੁਆਰੇ 'ਤੇ ਕਬਜ਼ੇ ਨੂੰ ਲੈ ਕੇ ਚੱਲੀ ਗੋਲੀ, 7 ਜ਼ਖਮੀ


ਤਰਨ ਤਾਰਨ (ਬਲਦੇਵ ਸਿੰਘ ਪਨੂੰ,
ਸਾਗਰਦੀਪ ਅਰੋੜਾ, ਪਵਨ ਬੁੱਗੀ)
ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮਾਣੋਚਾਹਲ ਵਿਖੇ ਸਥਿਤ ਗੁਰਦੁਆਰਾ ਜੋਗੀਪੀਰ ਦੇ ਕਬਜ਼ੇ ਨੂੰ ਲੈ ਕੇ ਚੱਲੀ ਗੋਲੀ ਨੇ ਜਿਥੇ ਜ਼ਿਲ੍ਹਾ ਪੁਲਸ ਨੂੰ ਭਾਜੜਾਂ ਪਾਈਆਂ, ਉਥੇ ਹੀ ਪੂਰੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਮੌਕੇ ਦੋ ਧਿਰਾਂ ਵਿਚ ਚੱਲੀ ਗੋਲੀ ਦੌਰਾਨ ਕਈ ਗੱਡੀਆਂ ਦੀ ਭੰਨਤੋੜ ਅਤੇ ਵਾਹਨਾਂ ਨੂੰ ਵੀ ਸਾੜਿਆ ਗਿਆ। ਇਸ ਘਟਨਾ ਵਿਚ ਕਰੀਬ ਪਿੰਡ ਵਾਸੀਆਂ ਦੇ 7 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲਾਂ ਵਿਚ ਭੇਜਿਆ ਗਿਆ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਪਿੰਡ ਵਿਚ ਪੁਰਾਤਨ ਅਤੇ ਇਤਿਹਾਸਕ ਬਾਬਾ ਜੋਗੀਪੀਰ ਦਾ ਗੁਰਦੁਆਰਾ ਹੈ, ਜਿਸਨੂੰ ਗੁਰਦੁਆਰਾ ਸਾਹਿਬ ਵੱਲੋ ਬਣਾਈ ਗਈ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀ ਇੱਕ ਵਿਅਕਤੀ ਜੋਧਾ ਸਿੰਘ, ਜੋ ਗੁਰਦੁਆਰੇ ਦਾ ਸੇਵਾਦਾਰ ਸੀ ਅਤੇ ਇਸ ਨੂੰ ਨਸ਼ਿਆਂ ਵਿਚ ਰਹਿਣ ਕਰਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਵਿਚਂੋ ਕੱਢ ਦਿੱਤਾ ਗਿਆ ਸੀ ਅਤੇ ਇਸ ਨੇ ਹਥਿਆਰਬੰਦ ਵਿਅਕਤੀਆਂ ਨਾਲ ਆ ਕੇ ਗੁਰਦੁਆਰਾ ਸਾਹਿਬ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਪਿੰਡ ਵਾਸੀਆਂ ਨੇ ਇਕੱਤਰ ਹੋ ਕੇ ਇਨ੍ਹਾਂ ਨੂੰ ਜਦ ਪਿੰਡ ਵਿਚੋਂ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ 7 ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਜਿਸ ਗੱਡੀ ਵਿਚ ਸਵਾਰ ਹੋ ਕੇ ਇਹ ਆਏ ਸਨ, ਉਨ੍ਹਾਂ ਗੱਡੀਆਂ ਵਿਚ ਭਾਰੀ ਮਾਤਰਾ ਵਿਚ ਹਥਿਆਰ ਸਨ, ਜਿਸ 'ਤੇ ਪਿੰਡ ਵਾਸੀਆਂ ਨੇ ਇਨ੍ਹਾਂ ਨਾਲ ਦੋ ਹੱਥ ਕਰਕੇ ਆਪਣੇ ਕਬਜ਼ੇ ਵਿਚ ਲੈ ਲਏ। ਇਸ ਹਾਦਸੇ ਵਿਚ 3 ਗੱਡੀਆਂ ਅਤੇ 5 ਤੋਂ ਵੱਧ ਮੋਟਰਸਾਇਕਲ ਅੱਗ ਦੀ ਲਪੇਟ ਵਿਚ ਆ ਗਏ। ਜ਼ਿਲ੍ਹਾ ਤਰਨ ਤਾਰਨ ਦੀ ਪੁਲਸ ਨੂੰ ਘਟਨਾ ਦਾ ਪਤਾ ਚੱਲਦਿਆਂ ਹੀ ਪੂਰੀ ਪੁਲਸ ਫੋਰਸ ਪਿੰਡ ਮਾਣੋਚਾਹਲ ਵਿਚ ਆ ਗਈ ਅਤੇ ਪੂਰਾ ਪਿੰਡ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ। ਇਸ ਸੰਬੰਧੀ ਮਾਮਲੇ ਦੀ ਜਾਂਚ ਕਰ ਰਹੇ ਐੱਸ.ਐੱਸ.ਪੀ ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।