ਦੁਨੀਆ 'ਚ ਸਭ ਤੋਂ ਵੱਧ ਹਥਿਆਰ ਖਰੀਦਦਾ ਹੈ ਭਾਰਤ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤ ਦੁਨੀਆ ਦਾ ਸਭ ਤੋਂ ਵੱਧ ਹਥਿਆਰ ਖਰੀਦਣ ਵਾਲਾ ਦੇਸ਼ ਹੈ। ਦੇਸ਼ ਦੀਆਂ ਰੱਖਿਆ ਲੋੜਾਂ ਨੂੰ ਪੂਰਾ ਕਰਨ ਅਤੇ ਫੌਜ ਨੂੰ ਮਜ਼ਬੂਤ ਕਰਨ ਲਈ ਭਾਰਤ ਨੇ ਸਾਲ 2013-17 ਦੌਰਾਨ ਵਿਸ਼ਵ ਵਿੱਚ ਖਰੀਦੇ ਜਾਣ ਵਾਲੇ ਹਥਿਆਰਾਂ ਵਿੱਚ ਸਭ ਤੋਂ ਵੱਧ 12 ਫੀਸਦੀ ਹਥਿਆਰ ਖਰੀਦੇ। ਇਹ ਦਾਅਵਾ ਸਟਾਕਹੋਮ ਦੇ ਥਿੰਕ ਟੈਂਕ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਨੇ ਆਪਣੀ ਰਿਪੋਰਟ ਵਿੱਚ ਕੀਤਾ ਹੈ।
ਸਾਲ 2008-12 ਅਤੇ ਸਾਲ 2013-17 ਦੌਰਾਨ ਭਾਰਤ ਦੀ ਹਥਿਆਰਾਂ ਦੀ ਦਰਾਮਦ 24ਫੀਸਦੀ ਵਧੀ ਹੈ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਹਥਿਆਰ ਖਰੀਦਣ ਦੇ ਮਾਮਲੇ ਵਿੱਚ ਭਾਰਤ ਤੋਂ ਬਾਅਦ ਦੂਜਾ ਸਥਾਨ ਸਾਊਦੀ ਅਰਬ ਦਾ ਆਉਂਦਾ ਹੈ। ਮਿਸਰ ਅਤੇ ਸੰਯੁਕਤ ਅਰਬ ਅਮੀਰਾਤ ਇਸ ਮਾਮਲੇ ਵਿੱਚ ਕ੍ਰਮਵਾਰ ਤੀਜੇ ਅਤੇ ਚੌਥੇ ਨੰਬਰ 'ਤੇ ਹਨ। ਚੀਨ ਭਾਰਤ ਨਾਲ ਸਰਹੱਦੀ ਵਿਵਾਦ ਨੂੰ ਵਧਾਉਣ ਵਾਲਾ ਇਸ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਹੈ। ਆਸਟਰੇਲੀਆ ਅਤੇ ਅਲਜੀਰੀਆ ਇਸ ਮਾਮਲੇ ਵਿੱਚ ਛੇਵੇਂ ਅਤੇ ਸੱਤਵੇਂ ਸਥਾਨ 'ਤੇ ਆਉਂਦੇ ਹਨ। ਇਸ ਸੂਚੀ ਵਿੱਚ ਇਰਾਕ ਦਾ 8ਵਾਂ ਸਥਾਨ ਹੈ। ਭਾਰਤ ਵਿੱਚ ਅੱਤਵਾਦ ਨੂੰ ਹਵਾ ਦੇਣ ਵਾਲਾ ਪਾਕਿਸਤਾਨ ਇਸ ਸੂਚੀ ਵਿੱਚ 9ਵੇਂ ਸਥਾਨ 'ਤੇ ਹੈ।
ਭਾਰਤ ਨੂੰ ਹਥਿਆਰ ਸਪਲਾਈ ਕਰਨ ਵਾਲੇ ਦੇਸ਼ਾਂ ਵਿੱਚ ਪਹਿਲਾ ਸਥਾਨ ਰੂਸ ਦਾ ਹੈ। ਸਾਲ 2013-17 ਦੌਰਾਨ ਭਾਰਤ ਨੇ ਰੂਸ ਤੋਂ ਸਭ ਤੋਂ ਵੱਧ ਹਥਿਆਰ ਖਰੀਦੇ। ਭਾਰਤ ਨੂੰ ਹਥਿਆਰ ਵੇਚਣ ਵਿੱਚ ਰੂਸ ਦੀ ਸਭ ਤੋਂ ਵੱਧ ਫੀਸਦੀ ਹਿੱਸੇਦਾਰੀ ਹੈ। ਉਧਰ 15 ਫੀਸਦੀ ਨਾਲ ਅਮਰੀਕਾ ਦੂਜੇ ਅਤੇ ਇਜ਼ਰਾਇਲ 11 ਫੀਸਦੀ ਹਿੱਸੇ ਨਾਲ ਤੀਜੇ ਸਥਾਨ 'ਤੇ ਹੈ। ਰਿਪੋਰਟ ਮੁਤਾਬਕ ਭਾਰਤ ਨੇ ਪਿਛਲੇ 10 ਸਾਲਾਂ 'ਚ ਹਥਿਆਰ ਖਰੀਦਣ 'ਤੇ 100 ਅਰਬ ਡਾਲਰ ਖਰਚ ਕੀਤੇ ਹਨ। ਭਾਰਤ ਨੇ ਸਾਲ 2008-17 ਦਰਮਿਆਨ ਇਸ ਰਕਮ ਨਾਲ ਨਵੇਂ ਹਥਿਆਰ ਅਤੇ ਰੱਖਿਆ ਪ੍ਰਣਾਲੀਆਂ ਖਰੀਦੀਆਂ। ਇਹ ਦੇਸ਼ ਵਿੱਚ ਕੁੱਲ ਫੌਜੀ ਲੋੜਾਂ ਦਾ 60 ਫੀਸਦੀ ਤੋਂ 65 ਫੀਸਦੀ ਬਣਦਾ ਹੈ।
ਪਿਛਲੇ ਇੱਕ ਦਹਾਕੇ ਦੌਰਾਨ ਭਾਰਤ ਨੇ ਲੜਾਕੂ ਜਹਾਜ਼, ਸਪੈਸ਼ਲ ਅਪਰੇਸ਼ਨਲ ਏਅਰ ਕਰਾਫਟ, ਪਣਡੁਬੀਆਂ ਨਸ਼ਟ ਕਰਨ ਵਾਲੇ ਜਹਾਜ਼, ਹਲਕੀ ਹੋਲਤੀਜ਼ਰ ਤੋਪਾਂ ਸਮੇਤ ਹੋਰ ਹਥਿਆਰ ਖਰੀਦਣ ਵਿੱਚ ਦਿਲਚਸਪੀ ਦਿਖਾਈ ਹੈ।
ਭਾਵੇਂ ਭਾਰਤ ਨੇ ਰੂਸ ਤੋਂ ਵੱਧ ਹਥਿਆਰ ਖਰੀਦੇ ਹਨ, ਪਰ ਭਾਰਤ ਨੂੰ ਹਥਿਆਰ ਵੇਚਣ ਵਿੱਚ ਦੂਜੇ ਸਥਾਨ 'ਤੇ ਰਹਿਣ ਵਾਲੇ ਅਮਰੀਕਾ ਤੋਂ ਵੀ ਭਾਰਤ ਦੀ ਹਥਿਆਰ ਖਰੀਦ ਵਧੀ ਹੈ।
ਪਿਛਲੇ ਇੱਕ ਦਹਾਕੇ ਵਿੱਚ ਅਮਰੀਕਾ ਨੇ ਭਾਰਤ ਨੂੰ 15 ਅਰਬ ਡਾਲਰ ਕੀਮਤ ਦੇ ਹਥਿਆਰ ਵੇਚੇ ਹਨ।
ਸਾਲ 2008-12 ਅਤੇ ਸਾਲ 2013-17 ਦੌਰਾਨ ਇਸ ਵਿੱਚ 557 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਅਜਿਹਾ ਅਮਰੀਕਾ ਨੇ ਆਪਣੀ ਵਿਦੇਸ਼ ਨੀਤੀ ਨੂੰ ਮਜ਼ਬੂਤ ਕਰਨ ਅਤੇ ਰੂਸ ਨੂੰ ਹਥਿਆਰ ਸਪਲਾਈ ਵਿੱਚ ਪਿਛਾੜਨ ਦੀ ਰਣਨੀਤੀ ਤਹਿਤ ਕੀਤਾ ਹੈ। ਰਿਪੋਰਟ ਮੁਤਾਬਕ ਹਥਿਆਰ ਵੇਚਣ ਦੇ ਖੇਤਰ ਵਿੱਚ ਚੀਨ ਲਗਾਤਾਰ ਅੱਗੇ ਵਧਣ ਦੇ ਰਸਤੇ ਲੱਭ ਰਿਹਾ ਹੈ।
ਦੁਨੀਆ ਭਰ ਵਿੱਚ ਹਥਿਆਰ ਵੇਚਣ ਵਾਲੇ ਵੱਡੇ ਚਾਰ ਦੇਸ਼ਾਂ ਅਮਰੀਕਾ ਰੂਸ, ਫਰਾਂਸ ਅਤੇ ਜਰਮਨੀ ਤੋਂ ਬਾਅਦ ਚੀਨ ਪੰਜਵੇਂ ਸਥਾਨ 'ਤੇ ਆਉਣਾ ਚਾਹੁੰਦਾ ਹੈ। ਚੀਨ ਕੋਲ ਹਥਿਆਰ ਦੇ ਦੋ ਹੀ ਖਰੀਦਦਾਰ ਹਨ ਇੱਕ ਪਾਕਿਸਤਾਨ ਹੈ, ਜੋ 35 ਫੀਸਦੀ ਚੀਨੀ ਹਥਿਆਰ ਖਰੀਦਦਾ ਹੈ ਅਤੇ ਦੂਜੇ ਸਥਾਨ 'ਤੇ ਬੰਗਲਾਦੇਸ਼ ਆਉਂਦਾ ਹੈ, ਜੋ 19 ਫੀਸਦੀ ਚੀਨੀ ਹਥਿਆਰ ਖਰੀਦਦਾ ਹੈ। ਉਧਰ ਹਥਿਆਰ ਵੇਚਣ ਵਾਲੇ 4 ਦੇਸ਼ਾਂ ਅਮਰੀਕਾ, ਰੂਸ ਫਰਾਂਸ ਅਤੇ ਜਰਮਨੀ ਦੀ ਹਿੱਸੇਦਾਰੀ 74 ਫੀਸਦੀ ਹੈ।