Latest News
ਭਾਜਪਾ ਤੇ ਸੰਘ ਕੌਰਵਾਂ ਦੀ ਤਰ੍ਹਾਂ : ਰਾਹੁਲ

Published on 18 Mar, 2018 11:09 AM.

ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਦੇ 84ਵੇਂ ਮਹਾਂ-ਸੰਮੇਲਨ 'ਚ ਬੋਲਦਿਆਂ ਰਾਹੁਲ ਗਾਂਧੀ ਨੇ ਭਾਜਪਾ ਅਤੇ ਆਰ ਐੱਸ ਐੱਸ 'ਤੇ ਤਿੱਖਾ ਹਮਲਾ ਬੋਲਦਿਆਂ ਉਨ੍ਹਾਂ ਦੀ ਤੁਲਨਾ ਕੌਰਵਾਂ ਨਾਲ ਕੀਤੀ ਹੈ। ਰਾਹੁਲ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੂੰ ਵੀ ਨਿਸ਼ਾਨੇ 'ਤੇ ਲਿਆ। ਕਾਂਗਰਸ ਦੀ ਤੁਲਨਾ ਪਾਂਡਵਾਂ ਨਾਲ ਕਰਦਿਆਂ ਰਾਹੁਲ ਨੇ ਕਿਹਾ ਕਿ ਇੱਕ ਪਾਸੇ ਉਹ (ਭਾਜਪਾ) ਤਾਕਤ ਦੇ ਨਸ਼ੇ ਵਿੱਚ ਸੱਤਾ ਦੀ ਲੜਾਈ ਰਹੇ ਹਨ ਅਤੇ ਅਸੀਂ ਸੱਚਾਈ ਦੀ ਲੜਾਈ ਲੜ ਰਹੇ ਹਾਂ। ਕਾਂਗਰਸ ਪ੍ਰਧਾਨ ਨੇ ਬੈਂਕਿੰਗ ਘਪਲੇ, ਐਗਜ਼ਾਮ ਘਪਲੇ, ਕਿਸਾਨਾਂ ਦੀਆਂ ਖੁਦਕੁਸ਼ੀਆਂ 'ਤੇ ਪ੍ਰਧਾਨ ਮੰਤਰੀ ਨੂੰ ਘੇਰਦਿਆਂ ਅਮਿਤ ਸ਼ਾਹ 'ਤੇ ਵੀ ਤਿੱਖਾ ਹਮਲਾ ਕੀਤਾ। ਰਾਹੁਲ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੇ ਇੱਕ ਕਤਲ ਦੇ ਮੁਲਜ਼ਮ ਨੂੰ ਆਪਣੀ ਪਾਰਟੀ ਦਾ ਪ੍ਰਧਾਨ ਬਣਾ ਲਿਆ ਹੈ।
ਰਾਹੁਲ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਮਹਾਂਭਾਰਤ ਦੀ ਮਿਸਾਲ ਨਾਲ ਕੀਤੀ। ਉਨ੍ਹਾ ਕਿਹਾ, 'ਹਜ਼ਾਰਾਂ ਸਾਲ ਪਹਿਲਾਂ ਇੱਕ ਵੱਡਾ ਯੁੱਧ ਲੜਿਆ ਗਿਆ ਸੀ, ਕੁਰੂਕਸ਼ੇਤਰ ਦਾ ਯੁੱਧ। ਕੌਰਵ ਸ਼ਕਤੀਸ਼ਾਲੀ ਸਨ, ਤਾਕਤ ਦੇ ਨਸ਼ੇ ਵਿੱਚ ਸਨ, ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਮਹਾਨ ਹਨ। ਪਾਂਡਵ ਉਦਾਰ ਸਨ, ਜ਼ਿਆਦਾ ਨਹੀਂ ਬੋਲਦੇ ਸਨ। ਪੰਜ ਭਰਾ ਸਨ, ਜਿਨ੍ਹਾਂ ਸਭ ਕੁਝ ਗੁਆ ਦਿੱਤਾ ਸੀ, ਪਰ ਕੌਰਵਾਂ ਦੇ ਉਲਟ ਉਨ੍ਹਾਂ ਸੱਚਾਈ ਦੀ ਲੜਾਈ ਲੜੀ। ਭਾਜਪਾ ਅਤੇ ਆਰ ਐੱਸ ਐੱਸ ਕੌਰਵਾਂ ਦੀ ਤਰ੍ਹਾਂ ਹੀ ਤਾਕਤ ਲਈ ਲੜਾਈ ਵਾਸਤੇ ਬਣੀਆਂ ਹਨ। ਪਾਂਡਵਾ ਦੀ ਤਰ੍ਹਾਂ ਕਾਂਗਰਸ ਸੱਚਾਈ ਵਾਸਤੇ ਲੜਾਈ ਲੜਨ ਲਈ ਬਣੀ ਹੈ।'
ਰਾਹੁਲ ਗਾਂਧੀ ਨੇ ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘਪਲੇ ਦੇ ਦੋਸ਼ੀ ਅਤੇ ਕ੍ਰਿਕਟ 'ਚ ਸੱਟੇਬਾਜ਼ੀ ਦੇ ਦੋਸ਼ੀ ਲਲਿਤ ਮੋਦੀ ਦੇ ਉਪ ਨਾਂਅ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਉਪ-ਨਾਂਅ ਨੂੰ ਲੈ ਕੇ ਟਕੋਰਾਂ ਕੀਤੀਆਂ। ਰਾਹੁਲ ਨੇ ਕਿਹਾ ਕਿ ਇੱਕ ਨੀਰਵ ਮੋਦੀ ਹੈ, ਜਿਸ ਨੇ ਸਭ ਤੋਂ ਵੱਡੀ ਚੋਰੀ ਕੀਤੀ ਹੈ, ਇੱਕ ਲਲਿਤ ਮੋਦੀ ਹੈ, ਜਿਸ ਨੇ ਫਿਕਸਿੰਗ ਕੀਤੀ। ਇਸ ਤਰ੍ਹਾਂ ਮੋਦੀ ਨਾਂਅ ਕੁਰੱਪਸ਼ਨ ਦਾ ਪ੍ਰਤੀਕ ਬਣ ਗਿਆ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ, 'ਮੋਦੀ ਨੇ ਮੋਦੀ ਨੂੰ 33000 ਹਜ਼ਾਰ ਕਰੋੜ ਰੁਪਏ ਦਿੱਤੇ, ਬਦਲੇ 'ਚ ਮੋਦੀ ਨੇ ਮੋਦੀ ਨੂੰ ਪੈਸੇ ਦਿੱਤੇ ਅਤੇ ਮੋਦੀ ਨੇ ਚੋਣਾਂ ਜਿੱਤ ਲਈਆਂ।'
ਰਾਹੁਲ ਨੇ ਨੀਰਵ ਮੋਦੀ ਅਤੇ ਲਲਿਤ ਮੋਦੀ ਨੂੰ ਦੇਸ਼ 'ਚੋਂ ਭਜਾਉਣ ਨੂੰ ਲੈ ਕੇ ਵੀ ਪ੍ਰਧਾਨ ਮੰਤਰੀ ਮੋਦੀ 'ਤੇ ਤਨਜ਼ ਕੀਤਾ। ਰਾਹੁਲ ਨੇ ਕਿਹਾ ਕਿ 4 ਸਾਲ ਪਹਿਲਾਂ ਨੌਜਵਾਨਾਂ ਨੇ ਮੋਦੀ 'ਤੇ ਭਰੋਸਾ ਜਤਾਇਆ। ਨੌਜਵਾਨਾਂ ਨੇ ਮੋਦੀ ਦੀ ਗੱਡੀ ਨੂੰ ਧੱਕਾ ਦਿੱਤਾ। ਮੋਦੀ ਜੀ ਦੀ ਗੱਡੀ 'ਚ ਇੱਕ ਪਾਸੇ ਨੀਰਵ ਮੋਦੀ ਤੇ ਇੱਕ ਪਾਸੇ ਲਲਿਤ ਮੋਦੀ ਸਨ। ਮੋਦੀ ਜੀ ਨੌਜਵਾਨਾਂ ਨੂੰ ਛੱਡ ਕੇ ਉਨ੍ਹਾਂ ਲੈ ਕੇ ਅੱਗੇ ਨਿਕਲ ਗਏ। ਰਾਹੁਲ ਨੇ ਰਾਫੇਲ ਡੀਲ 'ਤੇ ਸਵਾਲ ਉਠਾਉਂਦਿਆਂ ਅਮਿਤ ਸ਼ਾਹ ਦੇ ਬੇਟੇ ਦੀ ਜਾਇਦਾਦ ਵਧਣ 'ਤੇ ਵੀ ਤਿੱਖੀ ਟਕੋਰ ਕੀਤੀ।
ਕਾਂਗਰਸ ਪ੍ਰਧਾਨ ਨੇ ਕਿਹਾ, 'ਕਤਲ ਦੇ ਮੁਲਜ਼ਮ ਨੂੰ ਭਾਜਪਾ ਦਾ ਪ੍ਰਧਾਨ ਬਣਾਇਆ, ਪਰ ਕਾਂਗਰਸ ਪਾਰਟੀ 'ਚ ਅਜਿਹਾ ਸਵੀਕਾਰ ਨਹੀਂ ਕੀਤਾ ਜਾ ਸਕਦਾ। ਅਸੀਂ ਗਹਿਰਾਈ ਨਾਲ ਸਮਝਦੇ ਹਾਂ ਕਿ ਕਾਂਗਰਸ ਪਾਰਟੀ ਦਾ ਸੰਗਠਨ ਸੱਚਾਈ ਦਾ ਸੰਗਠਨ ਹੈ। ਕਾਂਗਰਸ ਤੋਂ ਭਾਰਤ ਨੂੰ ਕਾਫ਼ੀ ਉਮੀਦਾਂ ਹਨ। ਭਾਜਪਾ ਇੱਕ ਸੰਗਠਨ ਦੀ ਆਵਾਜ਼ ਹੈ, ਕਾਂਗਰਸ ਦੇਸ਼ ਦੀ ਆਵਾਜ਼ ਹੈ। ਗਾਂਧੀ ਜੀ ਨੇ 50 ਸਾਲ ਜੇਲ੍ਹ 'ਚ ਬਿਤਾਏ ਅਤੇ ਭਾਰਤ ਲਈ ਜਾਨ ਦਿੱਤੀ। ਭਾਰਤ ਕਦੇ ਨਹੀਂ ਭੁੱਲ ਸਕਦਾ ਕਿ ਜੇ ਸਾਡੇ ਆਗੂ ਬ੍ਰਿਟਿਸ਼ ਜੇਲ੍ਹਾਂ ਦੀ ਜ਼ਮੀਨ 'ਤੇ ਸੌਂ ਰਹੇ ਸਨ ਤਾਂ ਉਨ੍ਹਾਂ ਦੇ ਆਗੂ ਸਾਵਰਕਰ ਬਰਤਾਨਵੀ ਹਾਕਮਾਂ ਨੂੰ ਖਤ ਲਿਖ ਕੇ ਮੁਆਫ਼ੀ ਮੰਗ ਰਹੇ ਸਨ। ਦੇਸ਼ ਦੇ ਹਰ ਕੋਨੇ ਦੀ ਜ਼ਮੀਨ ਸਾਡੇ ਵਰਕਰਾਂ ਦੇ ਖੂਨ ਨਾਲ ਰੰਗੀ ਹੈ। ਸਾਡੇ 16000 ਹਜ਼ਾਰ ਵਰਕਰ ਕੇਵਲ ਪੰਜਾਬ 'ਚ ਮਾਰੇ ਗਏ। ਇਸ ਦੇਸ਼ ਦੇ ਹਰ ਸੂਬੇ 'ਚ ਅਜਿਹੇ ਵਰਕਰਾਂ ਦੀ ਲਿਸਟ ਹੈ, ਜਿਹੜੇ ਦੇਸ਼ ਲਈ ਮਾਰੇ ਗਏ।'
ਉਹਨਾ ਨਾ ਕੇਵਲ ਭਾਜਪਾ, ਆਰ ਐੱਸ ਐੱਸ 'ਤੇ ਹਮਲਾ ਬੋਲਿਆ, ਸਗੋਂ ਆਪਣੀ ਪਾਰਟੀ ਦੀਆਂ ਗਲਤੀਆਂ ਵੀ ਸਵੀਕਾਰੀਆਂ। ਇਸ ਦੇ ਨਾਲ ਹੀ ਉਨ੍ਹਾ ਪਾਰਟੀ ਸੰਗਠਨ ਨੂੰ ਵੀ ਇੱਕਮੁੱਠ ਰਹਿਣ ਦੀ ਗੱਲ ਕਰਦਿਆਂ ਤਬਦੀਲੀ ਦੇ ਸੰਦੇਸ਼ ਵੀ ਦਿੱਤੇ। ਰਾਹੁਲ ਨੇ ਕਿਹਾ, 'ਪਿਛਲੇ ਸਰਕਾਰ ਦੇ ਕੁਝ ਸਾਲਾਂ 'ਚ ਅਸੀਂ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਨਹੀਂ ਕੀਤਾ। ਇਸ ਦੀ ਸਜ਼ਾ ਲੋਕਾਂ ਨੇ ਸਾਨੂੰ ਦਿੱਤੀ। ਕੁਰੁਕਸ਼ੇਤਰ ਦੀ ਲੜਾਈ ਸੱਚਾਈ ਲਈ ਹੋਈ ਸੀ। ਅੱਜ ਹਜ਼ਾਰਾਂ ਸਾਲ ਬਾਅਦ ਵੀ ਇਹੀ ਹਾਲ ਹੈ ਕਿ ਕੀ ਭਾਰਤ ਝੂਠ ਦਾ ਸਾਥ ਦੇਵੇਗਾ ਜਾਂ ਫਿਰ ਸੱਚਾਈ ਦਾ।'
ਪਾਰਟੀ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ 'ਚ ਪਾੜੇ ਦੀ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਸਾਡੇ ਵਰਕਰਾਂ 'ਚ ਊਰਜਾ ਹੈ, ਦੇਸ਼ ਨੂੰ ਬਦਲਣ ਦੀ ਤਾਕਤ ਹੈ, ਪਰ ਉਨ੍ਹਾਂ ਦੇ ਅਤੇ ਸਾਡੇ ਆਗੂਆਂ ਵਿਚਾਲੇ ਇੱਕ ਦੀਵਾਰ ਖੜ੍ਹੀ ਹੈ। ਮੇਰਾ ਪਹਿਲਾ ਕੰਮ ਉਸ ਦੀਵਾਰ ਨੂੰ ਤੋੜਨ ਦਾ ਹੋਵੇਗਾ। ਗੁੱਸੇ ਨਾਲ ਨਹੀਂ ਪਿਆਰ ਨਾਲ, ਜਿਹੜੇ ਸਾਡੇ ਸੀਨੀਅਰ ਆਗੂ ਹਨ, ਉਨ੍ਹਾਂ ਦਾ ਸਨਮਾਨ ਰੱਖਦਿਆਂ ਅਸੀਂ ਇਹ ਦੀਵਾਰ ਤੋੜਾਂਗੇ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਜੇ ਜੋ ਵੀ ਆਪਸੀ ਲੜਾਈ ਹੈ, ਚੋਣਾਂ ਬਾਅਦ ਲੜਾਂਗੇ, ਪਹਿਲਾਂ ਪਾਰਟੀ ਲਈ ਕੰਮ ਕਰਾਂਗੇ।
ਰਾਹੁਲ ਨੇ ਪਾਰਟੀ ਸੰਗਠਨ 'ਚ ਤਬਦੀਲੀ ਦਾ ਸੰਕੇਤ ਦਿੰਦਿਆਂ ਕਿਹਾ ਕਿ ਹੁਣ ਪੈਰਾਸ਼ੂਟ ਆਗੂਆਂ ਨੂੰ ਨਹੀਂ, ਵਰਕਰਾਂ ਨੂੰ ਟਿਕਟ ਮਿਲੇਗਾ। ਉਨ੍ਹਾ ਕਿਹਾ ਕਿ ਹਿੰਦੁਸਤਾਨ ਦੇ ਨੌਜਵਾਨਾਂ ਅਤੇ ਰਾਜਨੀਤਕ ਸਿਸਟਮ ਦੇ ਵਿਚਾਲੇ ਇੱਕ ਦੀਵਾਰ ਹੈ, ਜਿਸ ਨੂੰ ਪਿਆਰ ਨਾਲ ਡੇਗਣਾ ਹੈ। ਜੇ ਹਿੰਦੁਸਤਾਨ ਨੂੰ ਬਦਲਣਾ ਹੈ ਤਾਂ ਹਰ ਜਾਤੀ ਅਤੇ ਧਰਮ ਦੇ ਲੜਕੇ-ਲੜਕੀਆਂ ਨੂੰ ਬਦਲਣਾ ਹੋਵੇਗਾ, ਤੁਸੀਂ ਹੀ ਬਦਲ ਸਕਦੇ ਹੋ, ਹੋਰ ਕੋਈ ਨਹੀਂ ਬਦਲ ਸਕਦਾ।
ਬੇਰੁਜ਼ਗਾਰੀ ਦੀ ਗੱਲ ਕਰਦਿਆਂ ਰਾਹੁਲ ਨੇ ਕਿਹਾ ਕਿ ਅੱਜ ਦਾ ਨੌਜਵਾਨ ਕਹਿੰਦਾ ਹੈ ਕਿ ਮੈਂ ਕੁਝ ਨਹੀਂ ਕਰਦਾ, ਇੱਕ ਪਾਸੇ ਤੇਜ਼ੀ ਨਾਲ ਵਧਦੀ ਸਾਡੀ ਅਰਥ-ਵਿਵਸਥਾ ਹੈ ਅਤੇ ਦੂਸਰੇ ਪਾਸੇ ਕਰੋੜਾਂ ਨੌਜਵਾਨਾਂ ਕੋਲ ਰੁਜ਼ਗਾਰ ਨਹੀਂ ਹਨ। ਇਹ ਹਿੰਦੁਸਤਾਨ ਦੀ ਸੱਚਾਈ ਹੈ। ਕਿਸੇ ਵੀ ਬਾਜ਼ਾਰ 'ਚ ਜਾਓ, ਕਿਸੇ ਵੀ ਚੀਜ਼ ਨੂੰ ਦੇਖੋ ਸਭ ਮੇਡ ਇਨ ਚਾਈਨਾ, ਚੀਨ ਹਰ ਥਾਂ ਹੈ। ਸਾਡੇ ਬਾਜ਼ਾਰ, ਡੋਕਲਾਮ, ਬਰਮਾ, ਨੇਪਾਲ, ਪਾਕਿਸਤਾਨ, ਸ੍ਰੀਲੰਕਾ ਹਰ ਜਗ੍ਹਾ ਹੈ। ਸਾਡੇ ਪ੍ਰਧਾਨ ਮੰਤਰੀ ਸੱਚ ਸਵੀਕਾਰਨ ਦੀ ਥਾਂ ਕਾਲਪਨਿਕ ਦੁਨੀਆ ਦੀ ਸੈਰ ਕਰਵਾ ਰਹੇ ਹਨ। ਸਾਡੇ ਕਿਸਾਨ ਮਰ ਰਹੇ ਹਨ, ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਚਲੋ ਇੰਡੀਆ ਗੇਟ ਸਾਹਮਣੇ ਯੋਗ ਕਰਦੇ ਹਾਂ। ਵਿੱਤ ਮੰਤਰੀ ਅਰੁਣ ਜੇਤਲੀ 'ਤੇ ਤਿੱਖੀ ਹਮਲਾ ਬੋਲਦਿਆਂ ਰਾਹੁਲ ਨੇ ਕਿਹਾ ਕਿ ਤੁਸੀਂ 33000 ਹਜ਼ਾਰ ਕਰੋੜ ਰੁਪਏ ਬੈਂਕ ਤੋਂ ਚੁਰਾਓ ਅਤੇ ਭਾਜਪਾ ਸਰਕਾਰ ਤੁਹਾਨੂੰ ਬਚਾਏਗੀ। ਵਿੱਤ ਮੰਤਰੀ ਸ਼ਾਂਤ ਰਹਿਣਗੇ, ਕਿਉਂਕਿ ਉਹ ਅਤੇ ਉਨ੍ਹਾ ਦੀ ਬੇਟੀ ਅਜਿਹੇ ਲੋਕਾਂ ਲਈ ਕੰਮ ਕਰਦੇ ਹਨ। ਅੱਛੇ ਦਿਨ, ਸਵੱਛ ਭਾਰਤ ਅਤੇ 15 ਲੱਖ ਰੁਪਏ ਤੁਹਾਡੇ ਬੈਂਕ ਖਾਤੇ 'ਚ ਵਰਗੇ ਕਾਲਪਨਿਕ ਦਿਨਾਂ 'ਚ ਤੁਹਾਨੂੰ ਜਿਊਣਾ ਪੈ ਰਿਹਾ ਹੈ। ਸੰਘ 'ਤੇ ਵਾਰ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੰਘ ਵਿਤਕਰੇ 'ਤੇ ਅਧਾਰਤ ਹੈ। ਉਹ ਆਦਿਵਾਸੀਆਂ ਨੂੰ ਕਹਿੰਦੇ ਹਨ ਕਿ ਜੰਗਲ ਤੁਹਾਡਾ ਨਹੀਂ ਹੈ। ਉਹ ਕਰੋੜਾਂ ਮੁਸਲਮਾਨਾਂ ਨੂੰ ਕਹਿੰਦੇ ਹਨ ਕਿ ਪਾਕਿਸਤਾਨ ਚਲੇ ਜਾਓ, ਉਹ ਉਤਰ-ਪੂਰਬ ਦੇ ਲੋਕਾਂ ਨੂੰ ਕਹਿੰਦੇ ਹਨ ਕਿ ਤੁਹਾਡਾ ਖਾਣਾ ਪਸੰਦ ਨਹੀਂ ਹੈ, ਤਾਮਿਲ ਲੋਕਾਂ ਨੂੰ ਕਹਿੰਦੇ ਹਨ ਕਿ ਤੁਹਾਡੀ ਭਾਸ਼ਾ ਪਸੰਦ ਨਹੀਂ ਹੈ, ਉਹ ਪੂਨਾ 'ਚ ਦਲਿਤ ਨੌਜਵਾਨਾਂ ਨੂੰ ਕੁਟਦੇ ਹਨ। ਅੰਬੇਡਕਰ ਨਾਲ ਹੋਈ ਬੇਇਨਸਾਫ਼ੀ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਸੰਘ ਦੀ ਵਿਚਾਰਧਾਰਾ ਇਨ੍ਹਾਂ ਚੀਜ਼ਾਂ ਦਾ ਸਮਰੱਥਨ ਕਰਦੀ ਹੈ।

235 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper