Latest News
ਆਪ ਦੇ 11 ਵਿਧਾਇਕਾਂ ਵੱਲੋਂ ਬਗਾਵਤ, ਖਹਿਰਾ ਨਾਲ ਡਟੇ

Published on 18 Mar, 2018 11:10 AM.


ਚੰਡੀਗੜ੍ਹ, (ਨਵਾਂ ਜ਼ਮਾਨਾ ਸਰਵਿਸ)
ਆਮ ਆਦਮੀ ਪਾਰਟੀ ਦੋਫਾੜ ਹੋ ਗਈ ਹੈ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਸੱਦਾ ਦੇਣ ਦੇ ਬਾਵਜੂਦ ਸੁਖਪਾਲ ਸਿੰਘ ਖਹਿਰਾ ਦੀ ਬਿਰਗੇਡ 'ਚੋਂ 11 ਵਿਧਾਇਕ ਦਿੱਲੀ ਨਹੀਂ ਗਏ।
ਖਰੜ ਤੋਂ ਵਿਧਾਇਕ ਕੰਵਰ ਸੰਧੂ ਵੱਲੋਂ ਕੇਜਰੀਵਾਲ ਦੇ ਦਿੱਲੀ ਦੇ ਸੱਦੇ 'ਤੇ ਲਿਖੀ ਚਿੱਠੀ ਨਾਲ ਪਾਰਟੀ ਦੇ 11 ਵਿਧਾਇਕ ਡਟੇ ਹਨ। ਆਪ ਦੇ ਵੱਡੇ ਚਿਹਰੇ ਹਰਵਿੰਦਰ ਸਿੰਘ ਫੂਲਕਾ, ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ ਸਮੇਤ 11 ਵਿਧਾਇਕਾਂ ਨੇ ਕੇਜਰੀਵਾਲ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ। ਆਪ ਦੀ ਉਪ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਵਾਲੇ ਅਮਨ ਅਰੋੜਾ ਸਮੇਤ 9 ਵਿਧਾਇਕ ਦਿੱਲੀ ਲਈ ਰਵਾਨਾ ਹੋਏ। ਹਾਲਾਂਕਿ ਸੂਤਰਾਂ ਨੇ ਦੱਸਿਆ ਕਿ ਦਿੱਲੀ ਨੂੰ ਰਵਾਨਾ ਹੋਏ 9 ਵਿਧਾਇਕਾਂ 'ਚੋਂ ਕੋਈ ਖਹਿਰਾ ਦਾ ਵਿਰੋਧ ਨਹੀਂ ਕਰਕੇ ਗਿਆ। ਕੇਜਰੀਵਾਲ ਨਾਲ ਬਗਾਵਤ ਕਰਨ ਵਾਲਿਆਂ 'ਚ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਮੀਤ ਹੇਰ, ਕੁਲਵੰਤ ਸਿੰਘ ਪੰਡੋਰੀ, ਪਿਰਮਲ ਸਿੰਘ, ਮਾਸਟਰ ਬਲਦੇਵ ਸਿੰਘ, ਅਮਰਜੀਤ ਸਿੰਘ, ਜੈ ਕਿਸ਼ਨ ਸਿੰਘ ਤੇ ਜਗਦੇਵ ਸਿੰਘ ਸ਼ਾਮਲ ਹਨ। ਇਹ ਵਿਧਾਇਕ ਕੰਵਰ ਸੰਧੂ ਤੇ ਸੁਖਪਾਲ ਖਹਿਰਾ ਦੇ ਇਸ ਫੈਸਲੇ ਨਾਲ ਖੜ੍ਹੇ ਹਨ।
ਸੂਤਰਾਂ ਮੁਤਾਬਕ ਖਹਿਰਾ ਤੇ ਕੰਵਰ ਸੰਧੂ ਦੀ ਅਗਵਾਈ ਹੇਠ 14 ਵਿਧਾਇਕ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਨਵੀਂ ਪਾਰਟੀ ਦੇ ਹੱਕ ਵਿੱਚ ਹਨ। ਦੂਜੇ ਪਾਸੇ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ, ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨਵੀਂ ਪਾਰਟੀ ਬਣਾਉਣ ਦੇ ਹੱਕ ਵਿੱਚ ਨਹੀਂ ਹਨ। ਕੁਝ ਵਿਧਾਇਕ ਅਜੇ ਦੋਚਿੱਤੀ ਵਿੱਚ ਹਨ।

481 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper