Latest News
ਇਨਕਲਾਬ ਰੈਲੀ ਦੇ ਪ੍ਰਚਾਰ ਲਈ ਲਿਬਰੇਸ਼ਨ ਨੇ ਕੱਢਿਆ ਮੋਟਰਸਾਈਕਲ ਮਾਰਚ

Published on 18 Mar, 2018 11:23 AM.


ਮਾਨਸਾ, (ਨਵਾਂ ਜ਼ਮਾਨਾ ਸਰਵਿਸ)
23 ਮਾਰਚ ਨੂੰ ਹੋਣ ਵਾਲੀ ਇਨਕਲਾਬ ਰੈਲੀ ਦੀ ਤਿਆਰੀ ਅਤੇ ਪ੍ਰਚਾਰ ਲਈ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਕਾਰਕੁੰਨਾਂ ਨੇ ਅੱਜ ਸ਼ਹਿਰ ਵਿੱਚ ਇੱਕ ਪ੍ਰਭਾਵਸ਼ਾਲੀ ਮੋਟਰਸਾਈਕਲ ਮਾਰਚ ਕੱਢਿਆ। ਇਹ ਮਾਰਚ ਪੂਰੇ ਬਾਜ਼ਾਰ ਦਾ ਚੱਕਰ ਲਾਉਣ ਤੋਂ ਬਾਅਦ ਸ਼ਹੀਦ ਬਾਬਾ ਜੀਵਨ ਸਿੰਘ ਪਾਰਕ ਵਿਖੇ ਪਹੁੰਚ ਕੇ ਇੱਕ ਰੈਲੀ ਵਿੱਚ ਬਦਲ ਗਿਆ। ਇਸ ਮੌਕੇ ਵਾਰਡ ਨੰ. 25 ਦੀਆਂ ਕਿਰਤੀ ਔਰਤਾਂ ਨੇ ਪਾਰਟੀ ਦੀ ਅਗਵਾਈ ਵਿੱਚ ਆਪਣੇ ਹੱਥੀਂ ਉਸਾਰੇ ਇਸ ਪਾਰਕ ਦਾ ਉਦਘਾਟਨ ਵੀ ਕੀਤਾ ਗਿਆ। ਚੇਤੇ ਰਹੇ ਇਸ ਪਾਰਕ ਵਿੱਚ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬੁੱਤ ਸਥਾਪਤ ਕੀਤੇ ਜਾਣੇ ਹਨ।
ਪਾਰਕ ਵਿਖੇ ਹੋਈ ਰੈਲੀ ਦੀ ਪ੍ਰਧਾਨਗੀ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਰਜਿੰਦਰ ਸਿੰਘ, ਕਾਮਰੇਡ ਗੁਰਸੇਵਕ ਮਾਨ, ਕਰਨੈਲ ਕੌਰ ਐੱਮ ਸੀ, ਨਛੱਤਰ ਸਿੰਘ ਖੀਵਾ, ਲਿਬਰੇਸ਼ਨ ਦੇ ਕੇਂਦਰੀ ਆਗੂ ਪ੍ਰਭਾਤ ਕੁਮਾਰ ਅਤੇ ਨਿਹੰਗ ਸਿੰਘ ਤਰਨਾ ਦਲ ਦੇ ਜਥੇਦਾਰ ਗੁਰਜੰਟ ਸਿੰਘ ਕੋਰ ਵਾਲਾ ਨੇ ਕੀਤੀ। ਰੈਲੀ ਨੂੰ ਰਾਜਵਿੰਦਰ ਸਿੰਘ ਰਾਣਾ, ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ, ਪਾਰਕ ਉਸਾਰੀ ਪ੍ਰੋਜੈਕਟ ਦੇ ਪਾਰਟੀ ਇੰਚਾਰਜ ਗੁਰਜੰਟ ਸਿੰਘ ਮਾਨਸਾ ਅਤੇ ਪਾਰਟੀ ਦੀ ਸਿਟੀ ਕਮੇਟੀ ਦੇ ਸਕੱਤਰ ਵਿੰਦਰ ਔਲਖ ਨੇ ਸੰਬੋਧਨ ਕੀਤਾ। ਬੁਲਾਰਿਆਂ ਕਿਹਾ ਕਿ ਪਾਰਟੀ ਨੇ ਵਾਰਡ ਵਾਸੀਆਂ ਖਾਸ ਕਰਕੇ ਔਰਤਾਂ ਅਤੇ ਨੌਜਵਾਨਾਂ ਦੇ ਸਹਿਯੋਗ ਨਾਲ ਪਹਿਲਾਂ ਇਸ ਵਾਰਡ ਵਿੱਚੋਂ ਸ਼ਰਾਬ ਮਾਫੀਏ ਦਾ ਡੰਡਾ-ਡੇਰਾ ਚੁਕਵਾਇਆ ਅਤੇ ਨਿਰੋਲ ਜਨਤਾ ਦੇ ਉੱਦਮ ਅਤੇ ਪੈਸੇ ਨਾਲ ਹੁਣ ਕਚਰੇ ਦਾ ਢੇਰ ਬਣੀ ਇਸ ਜਗ੍ਹਾ ਉੱਤੇ ਇਹ ਸ਼ਾਨਦਾਰ ਸ਼ਹੀਦੀ ਪਾਰਕ ਬਣ ਰਿਹਾ ਹੈ।
ਬੁਲਾਰਿਆਂ ਨੇ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਦਾ ਇਨਕਲਾਬ ਪਾਣੀ ਦਾ ਬੁਲਬੁਲਾ ਸਾਬਤ ਹੋਇਆ ਹੈ, ਉੱਥੇ ਹਕੂਮਤਾਂ ਦੇ ਅਨੇਕਾਂ ਵਹਿਸ਼ੀ ਹਮਲਿਆਂ, ਪਿਛਾਖੜੀ ਤਾਕਤਾਂ ਵੱਲੋਂ ਕੀਤੇ ਜਾਂਦੇ ਹਮਲਿਆਂ, ਕਤਲਾਂ ਅਤੇ ਅਨੇਕਾਂ ਝੂਠੇ ਕੇਸਾਂ ਦੇ ਬਾਵਜੂਦ ਇਨਕਲਾਬੀ ਪਾਰਟੀ ਲਿਬਰੇਸ਼ਨ ਆਪਣੇ ਮਿੱਥੇ ਨਿਸ਼ਾਨੇ ਵੱਲ ਪੂਰੀ ਸਾਬਤ ਕਦਮੀ ਨਾਲ ਅੱਗੇ ਵਧ ਰਹੀ ਹੈ। ਮਾਨਸਾ ਵਿਖੇ ਹੋ ਰਿਹਾ 10ਵਾਂ ਮਹਾਂ-ਸੰਮੇਲਨ ਪਾਰਟੀ ਦੇ ਵਿਕਾਸ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ। ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 23 ਮਾਰਚ ਦੀ ਇਨਕਲਾਬ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ। ਇਸ ਮੌਕੇ ਸੁਖਬੀਰ ਖਾਰਾ, ਕੇਵਲ ਅਕਲੀਆ, ਰਾਮ ਸਿੰਘ ਹਠੂਰ ਅਤੇ ਸੁਖਦੀਪ ਬਹਾਦਰਪੁਰ ਨੇ ਇਨਕਲਾਬੀ ਗੀਤ ਪੇਸ਼ ਕਰਕੇ ਰੰਗ ਬੰਨ੍ਹਿਆ।

234 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper