Latest News
ਪਾਕਿ ਵੱਲੋਂ ਬਾਲਕੋਟ 'ਚ ਜੰਗਬੰਦੀ ਦੀ ਉਲੰਘਣਾ

Published on 18 Mar, 2018 11:25 AM.


ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)-ਪਾਕਿਸਤਾਨ ਨੇ ਪੁਣਛ ਸੈਕਟਰ ਦੇ ਬਾਲਕੋਟ ਖੇਤਰ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਜੰਮੁ-ਕਸ਼ਮੀਰ ਦੇ ਪੁਲਸ ਮੁਖੀ ਐੱਸ ਪੀ ਵੈਦਿਆ ਮੁਤਾਬਕ ਪਾਕਿ ਵੱਲੋਂ ਕੀਤੀ ਜਾ ਰਹੀ ਭਿਅੰਕਰ ਗੋਲਾਬਾਰੀ 'ਚ ਬਾਲਕੋਟ ਦੇ ਦੇਵਤਾ ਪਿੰਡ 'ਚ ਮੁਹੰਮਦ ਰਮਜ਼ਾਨ ਦੇ ਘਰ 'ਤੇ ਇੱਕ ਗੋਲਾ ਡਿੱਗਿਆ। ਇਸ ਨਾਲ ਘਰ ਦੇ ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ 'ਚ ਤਿੰਨ ਬੱਚੇ ਸ਼ਾਮਲ ਹਨ। ਘਰ ਦੀਆਂ ਦੋ ਬੇਟੀਆਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ। ਉਨ੍ਹਾ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਪੁਣਛ ਜ਼ਿਲ੍ਹੇ 'ਚ ਹੀ ਕੰਟਰੋਲ ਰੇਖਾ ਦੇ ਨਜ਼ਦੀਕ ਵਸੇ ਪਿੰਡਾਂ ਅਤੇ ਮੋਹਰਲੀਆਂ ਚੌਕੀਆਂ 'ਤੇ ਰਾਤ ਭਰ ਗੋਲਾਬਾਰੀ ਕੀਤੀ ਗਈ। ਬਾਲਕੋਟ ਸੈਕਟਰ 'ਚ ਸੀਮਾ ਪਾਰ ਤੋਂ ਦੇਰ ਰਾਤ ਸ਼ੁਰੂ ਹੋਈ ਗੋਲਾਬਾਰੀ 2 ਘੰਟੇ ਤੋਂ ਜ਼ਿਆਦਾ ਸਮਾਂ ਚਲਦੀ ਰਹੀ। ਉਨ੍ਹਾ ਦੱਸਿਆ ਕਿ ਭਾਰਤੀ ਜਵਾਨਾਂ ਨੇ ਇਸ ਗੋਲਾਬਾਰੀ ਦਾ ਮੂੰਹ-ਤੋੜ ਜਵਾਬ ਦਿੱਤਾ ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਵੀ ਜੰਮੂ-ਕਸ਼ਮੀਰ ਦੇ ਹਾਜੀਪੋਰਾ 'ਚ ਐੱਸ ਐੱਸ ਪੀ ਸ਼ੌਪਿਆਂ ਦੀ ਗੱਡੀ 'ਤੇ ਅੱਤਵਾਦੀ ਹਮਲਾ ਕੀਤਾ ਗਿਆ ਸੀ। ਹਾਲਾਂਕਿ ਇਸ ਹਮਲੇ 'ਚ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। 15 ਮਾਰਚ ਨੂੰ ਵੀ ਅੱਤਵਾਦੀਆਂ ਨੇ ਭਾਜਪਾ ਆਗੂ ਅਨਵਰ ਖਾਨ ਦੇ ਕਾਫਲੇ 'ਤੇ ਹਮਲੇ ਦੀ ਕੋਸ਼ਿਸ਼ ਕੀਤੀ ਸੀ। ਖਾਨ ਵੀ ਇਸ ਹਮਲੇ 'ਚ ਵਾਲ਼-ਵਾਲ਼ ਬਚ ਗਏ ਸਨ।
ਇਸ ਸਾਲ ਦੀ ਸ਼ੁਰੂਆਤ ਤੋਂ ਹੀ ਪਾਕਿਸਤਾਨ ਦੀ ਤਰਫੋਂ ਗੋਲੀਬੰਦੀ ਦੀ ਉਲੰਘਣਾ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ। ਗ੍ਰਹਿ ਮੰਤਰਾਲੇ ਨੇ ਆਪਣੇ ਲਿਖਤੀ ਜਵਾਬ 'ਚ ਜਾਣਕਾਰੀ ਦਿੱਤੀ ਸੀ ਕਿ ਫਰਵਰੀ 2018 ਤੱਕ ਗੋਲੀਬੰਦੀ ਦੀ ਉਲੰਘਣਾ ਦੇ 432 ਮਾਮਲੇ ਦਰਜ ਕੀਤੇ ਗਏ। 2015 'ਚ ਜੰਗਬੰਦੀ ਦੀ ਉਲੰਘਣਾ ਦੇ 152, ਸੰਨ 2006 'ਚ 228 ਅਤੇ 2017 'ਚ ਕਰੀਬ ਚਾਰ ਗੁਣਾ ਜ਼ਿਆਦਾ 860 ਮਾਮਲੇ ਸਾਹਮਣੇ ਆਏ।

325 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper