Latest News
ਫਰੇਬ ਸਹਾਰੇ ਬਣੀ ਸਰਕਾਰ ਦੀ ਸਾਲ 'ਚ ਖੁੱਲ੍ਹੀ ਪੋਲ: ਵਿਜੈ ਸਾਂਪਲਾ

Published on 18 Mar, 2018 11:29 AM.


ਜਲੰਧਰ (ਸ਼ੈਲੀ ਐਲਬਰਟ)
ਢੋਲ ਵਜਾ ਕੇ ਪੰਜਾਬ ਸਰਕਾਰ ਦੀਆਂ ਪੋਲਾਂ ਖੋਲ੍ਹਣ ਦੀ ਪੰਜਾਬ ਭਾਜਪਾ ਦੀ ਸੂਬਾ ਪੱਧਰੀ ਮੁਹਿੰਮ ਨੂੰ ਕੇਂਦਰੀ ਰਾਜ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਥਾਨਕ ਗੁਰੂ ਗੋਬਿੰਦ ਸਿੰਘ ਇਨਕਲੇਵ ਵਿੱਚ ਸਾਂਝੇ ਤੌਰ 'ਤੇ ਸੰਬੋਧਨ ਕੀਤਾ 'ਵਜਾਓ ਢੋਲ ਖੋਲ੍ਹੋ ਪੋਲ' ਰੈਲੀ ਨੂੰ ਸੰਬੋਧਿਤ ਕਰਦਿਆਂ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਨੇ ਕਿਹਾ ਕਿ ਝੂਠ ਅਤੇ ਫਰੇਬ ਦੇ ਸਹਾਰੇ ਸੱਤਾ ਵਿੱਚ ਆਈ ਕਾਂਗਰਸ ਸਰਕਾਰ ਦੀ ਪੋਲ ਇੱਕ ਸਾਲ ਵਿੱਚ ਹੀ ਖੁੱਲ੍ਹ ਗਈ ਹੈ। ਸਾਂਪਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਦੇਸ਼ ਦੇ ਇਤਿਹਾਸ ਦੀ ਪਹਿਲੀ ਅਜਿਹੀ ਸਰਕਾਰ ਹੋਵੇਗੀ, ਜਿਸ ਨੇ ਲੋਕ ਫਾਇਦੇ ਦੀਆਂ ਸਹੂਲਤਾਂ ਸ਼ੁਰੂ ਕਰਨ ਦੀ ਥਾਂ ਉਨ੍ਹਾਂ ਨੂੰ ਬੰਦ ਕਰਨਾ ਸ਼ੁਰੂ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਦੌਰਾਨ ਹੀ ਲੋਕਾਂ ਦੀ ਨਫ਼ਰਤ ਹਾਸਿਲ ਕਰ ਲਈ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਹਰ ਸਾਲ ਪੇਸ਼ ਕੀਤਾ ਜਾਂਦਾ ਹੈ, ਪਰ ਸਾਲ ਬੀਤ ਜਾਣ ਦੇ ਬਾਅਦ ਵੀ ਸੂਬਾ ਸਰਕਾਰ ਨਲਾਇਕ ਵਿਦਿਆਰਥੀ ਵਾਂਗ ਅਪਣਾ ਰਿਪੋਰਟ ਕਾਰਡ ਛੁਪਾ ਰਹੀ ਹੈ। ਸਾਂਪਲਾ ਨੇ ਕਿਹਾ ਕਿ ਕੈਪਟਨ ਸਰਕਾਰ ਕੋਲ ਕੋਈ ਵੀ ਅਜਿਹੀ ਰਿਪੋਰਟ ਨਹੀਂ ਹੈ, ਜਿਸ ਨੂੰ ਉਹ ਦਾਅਵੇ ਨਾਲ ਲੋਕ ਕਚਿਹਰੀ ਵਿੱਚ ਪੇਸ਼ ਕਰ ਸਕਦੀ ਹੋਵੇ।
ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਨੂੰ ਪੰਜਾਬ ਦੀ ਇੱਕ ਨੰਬਰ ਦੁਸ਼ਮਣ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਬੀਤੇ ਸਮੇਂ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਐਲਾਨ ਕੇ ਸੂਬੇ ਦਾ ਨਾਮ ਵਿਸ਼ਵ ਭਰ ਵਿੱਚ ਬਦਨਾਮ ਕੀਤਾ ਹੈ। ਉਨ੍ਹਾਂ ਕੈਪਟਨ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਬੀਤੇ ਸਮੇਂ ਦੌਰਾਨ ਪੰਜਾਬ ਦੇ 70 ਫੀਸਦੀ ਨੌਜਵਾਨ ਨਸ਼ੇੜੀ ਸਨ ਤਾਂ ਸਰਕਾਰ ਦੱਸੇ ਕਿ ਉਸਨੇ ਆਪਣੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਕਿੰਨੇ ਨੌਜਵਾਨਾਂ ਨੂੰ ਨਸ਼ਾ ਛੁਡਾਊ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਹੈ ਅਤੇ ਕਿੰਨੇ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਕੀਤੀ ਹੈ।
ਉਨ੍ਹਾਂ ਅਕਾਲੀ-ਭਾਜਪਾ ਗੱਠਜੋੜ ਨੂੰ ਦੇਸ਼ ਦਾ ਅਜਿਹਾ ਪਹਿਲਾ ਗਠਜੋੜ ਦੱਸਿਆ, ਜਿਹੜਾ ਨਿਰਸਵਾਰਥ ਭਾਵਨਾ ਨਾਲ ਇਕ-ਦੂਜੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਵਿੱਤ ਮੰਤਰੀ ਵੱਲੋਂ ਖਜ਼ਾਨਾ ਖਾਲੀ ਹੋਣ ਦਾ ਢਿੰਡੋਰਾ ਪਿੱਟਣਾ ਜਾਇਜ਼ ਨਹੀਂ ਹੈ, ਕਿਉਂਕਿ ਅਜਿਹਾ ਇਸ ਸਰਕਾਰ ਨੇ ਅਜਿਹਾ ਕੋਈ ਵੀ ਕੰਮ ਮੁਫ਼ਤ ਨਹੀਂ ਕੀਤਾ, ਜਿਸ ਤੋਂ ਸਰਕਾਰ ਦੀ ਆਮਦਨ ਘਟੀ ਹੋਵੇ।
ਇਸ ਮੌਕੇ ਬੋਲਦਿਆਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸੀ ਖੁਦ ਮੰਨਦੇ ਹਨ ਕਿ ਸਰਕਾਰ ਆਪਣੀ ਕਾਰਜਸ਼ੈਲੀ ਨਹੀਂ ਦਿਖਾ ਸਕੀ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਅਤੇ ਸਥਾਨਕ ਸਰਕਾਰ ਮੰਤਰੀ ਦੀ ਆਪਾ ਵਿਰੋਧੀ ਬਿਆਨਬਾਜ਼ੀ ਸਾਬਿਤ ਕਰਦੀ ਹੈ ਕਿ ਕੈਪਟਨ ਸਰਕਾਰ ਆਪਣੇ ਹੱਥ ਖੜੇ ਕਰ ਚੁੱਕੀ ਹੈ। ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਆਪਣਾ ਪਹਿਲਾ ਸਾਲ ਐਸ਼ਪ੍ਰਸਤੀ ਵਿੱਚ ਹੀ ਲੰਘਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਬੰਦ ਕਰਨ ਲਈ ਗੁਟਕਾ ਸਾਹਿਬ ਨੂੰ ਹੱਥ ਵਿੱਚ ਲੈ ਕੇ ਸਹੁੰ ਚੁੱਕਣ ਵਾਲੇ ਮੁੱਖ ਮੰਤਰੀ ਇੱਕ ਸਾਲ ਵਿੱਚ ਹੀ ਆਪਣੀ ਸਹੁੰ ਭੁੱਲ ਗਏ।
ਰੈਲੀ ਨੂੰ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ, ਮਦਨ ਮੋਹਨ ਮਿੱਤਲ, ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਕਮਲ ਸ਼ਰਮਾ, ਰਜਿੰਦਰ ਭੰਡਾਰੀ, ਅਸ਼ਵਨੀ ਸ਼ਰਮਾ, ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਵਿਧਾਇਕ ਦਿਨੇਸ਼ ਬੱਬੂ, ਅਰੁਣ ਨਾਰੰਗ ਅਤੇ ਸੋਮ ਪ੍ਰਕਾਸ਼, ਸੂਬਾ ਸਕੱਤਰ ਵਿਨੀਤ ਜੋਸ਼ੀ ਅਤੇ ਸਵਰਨ ਸਲਾਰੀਆ ਆਦਿ ਨੇ ਸੰਬੋਧਿਤ ਕੀਤਾ।

318 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper