Latest News
ਸਮਾਜਿਕ ਕੰਮਾਂ 'ਚ ਅਹਿਮ ਭੂਮਿਕਾ ਨਿਭਾਉਣ ਲਈ ਕਮਿਊਨਿਸਟ ਅੱਗੇ ਆਉਣ : ਡਾ. ਦਿਆਲ
ਤਲਵੰਡੀ ਸਾਬੋ (ਜਗਦੀਪ ਗਿੱਲ)
ਪੰਚਾਂ-ਸਰਪੰਚਾਂ ਦੀਆਂ ਤਮਾਮ ਚੋਣਾਂ ਸਮੇਤ ਪੰਜਾਬ ਦੇ ਕਮਿਊਨਿਸਟਾਂ ਨੂੰ ਹਰ ਕਿਸਮ ਦੇ ਸਮਾਜਿਕ ਕੰਮਾਂ ਵਿੱਚ ਵੀ ਆਪਣੀ ਸਰਗਰਮ ਭੂਮਿਕਾ ਨਿਭਾਉਣੀ ਹੋਵੇਗੀ, ਸਰਮਾਏਦਾਰੀ ਦੌਰ ਦੇ ਚੱਲਦਿਆਂ ਮਾਰਕਸਵਾਦੀ ਪਹੁੰਚ ਅਪਨਾਉਣ ਤੋਂ ਸਿਵਾ ਲਾਲ ਝੰਡੇ ਦੀ ਸੂਹੀ ਲਹਿਰ ਨੂੰ ਪ੍ਰਫੁੱਲਿਤ ਨਹੀਂ ਕੀਤਾ ਜਾ ਸਕਦਾ। ਵਿਆਜ 'ਤੇ ਚੱਲਣ ਵਾਲੇ ਸਰਮਾਏ (ਕੈਪੀਟਲ ਫ਼ਾਇਨਾਂਸ) ਕਾਰਨ ਭਾਰਤੀ ਕਿਰਤੀ ਅਵਾਮ ਦੁਆਲੇ ਕੱਸੇ ਜਾ ਚੁੱਕੇ ਗੁਲਾਮੀ ਦੀਆਂ ਜੰਜ਼ੀਰਾਂ ਦੇ ਜਕੜਾਂ ਨੂੰ ਲੋਕ ਘੋਲਾਂ ਅਤੇ ਕਿਰਤੀ ਏਕੇ ਤੋਂ ਬਿਨਾਂ ਨਹੀਂ ਤੋੜਿਆ ਜਾ ਸਕਦਾ, ਖਾਸ ਕਰਕੇ ਅਜੋਕੀਆਂ ਉਹਨਾਂ ਹਾਲਤਾਂ ਵਿੱਚ ਜਦੋਂ ਦੇਸ਼ ਦਾ ਭਾਜਪਾਈ ਹੁਕਮਰਾਨ ਨਰਿੰਦਰ ਮੋਦੀ ਆਪਣਾ ਲੁਕਵਾਂ ਫ਼ਿਰਕੂ ਏਜੰਡਾ ਲਾਗੂ ਕਰਨ ਲਈ ਹਰ ਹੀਲਾ ਵਸੀਲਾ ਵਰਤ ਰਿਹਾ ਹੋਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਠਿੰਡਾ ਜ਼ਿਲ੍ਹੇ ਦੇ ਸਭ ਤੋਂ ਵੱਡੇ ਪਿੰਡ ਕੋਟ ਸ਼ਮੀਰ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਾਰਜਕਾਰਨੀ ਦੇ ਮੈਂਬਰ ਡਾ. ਜੋਗਿੰਦਰ ਦਿਆਲ ਅਤੇ ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਜਗਰੂਪ ਨੇ ਜ਼ਿਲ੍ਹਾ ਸੀ.ਪੀ.ਆਈ. ਬਠਿੰਡਾ ਦੀ 23ਵੀਂ ਜਥੇਬੰਦਕ ਪਾਰਟੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੀਤਾ।
ਪਾਰਟੀ ਕਾਨਫ਼ਰੰਸ ਸ਼ੁਰੂ ਕਰਨ ਤੋਂ ਪਹਿਲਾਂ ਜ਼ਿਲ੍ਹੇ ਦੇ ਇਸ ਮਸ਼ਹੂਰ ਪਿੰਡ ਦੇ ਵੱਡੇ ਖੂਹ ਕੋਲ ਇੱਕ ਰੈਲੀ ਕੀਤੀ ਗਈ, ਜਿਸ ਲਈ ਭਾਵੇਂ ਪ੍ਰਬੰਧਕਾਂ ਵੱਲੋਂ ਆਪਣਾ ਪੂਰਾ ਤਾਣ ਲਾ ਕੇ ਪ੍ਰਬੰਧ ਕੀਤੇ ਦੱਸੇ ਜਾ ਰਹੇ ਸਨ, ਪ੍ਰੰਤੂ ਲੋਕ ਇਕੱਠ ਦੇ ਮੁਕਾਬਲਤਨ ਪ੍ਰਬੰਧ ਛੋਟੇ ਰਹਿ ਗਏ।
ਰੈਲੀ ਨੂੰ ਹੋਰ ਰੌਚਕ ਬਣਾਉਣ ਲਈ ਸੁਖਵਿੰਦਰ ਸਿੰਘ ਚੀਦਾ ਦੀ ਨਾਟਕ ਮੰਡਲੀ ਵੱਲੋਂ ਜਿੱਥੇ ਦੋ ਇਨਕਲਾਬੀ ਨਾਟਕ 'ਕੁਰਸੀ ਨਾਚ ਨਚਾਏ' ਅਤੇ 'ਹੋਰ ਵੀ ਉੱਠਸੀ ਮਰਦ ਕਾ ਚੇਲਾ' ਖੇਡੇ ਗਏ, ਉੱਥੇ ਜਗਦੀਪ ਗਿੱਲ ਅਤੇ ਰੇਸ਼ਮ ਨਥੇਹਾ ਦੀ ਟੀਮ ਵੱਲੋਂ ਗਾਏ ਗੀਤਾਂ ਨੇ ਵੀ ਇਨਕਲਾਬੀ ਮਾਹੌਲ ਬਣਾਈ ਰੱਖਣ ਦੇ ਨਾਲ-ਨਾਲ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਰੈਲੀ ਦੇ ਮੰਚ ਤੋਂ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਪੰਜਾਬ ਸੀ.ਪੀ.ਆਈ. ਸਕੱਤਰੇਤ ਦੇ ਮੈਂਬਰ ਕਾਮਰੇਡ ਜਗਜੀਤ ਸਿੰਘ ਜੋਗਾ ਨੇ ਕਿਹਾ ਕਿ ਤਮਾਮ ਮੁਸ਼ਕਲਾਂ ਅਤੇ ਸੰਕਟਾਂ ਵਿੱਚ ਘਿਰੇ ਪੰਜਾਬ ਦੇ ਲੋਕਾਂ ਨੇ ਬੜੀਆਂ ਆਸਾਂ-ਉਮੀਦਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਅਕਾਲੀ-ਭਾਜਪਾ ਹਕੂਮਤ ਨੂੰ ਇੱਥੋਂ ਦਫ਼ਾ ਕੀਤਾ ਸੀ, ਪਰ ਕੱਢ ਕੇ ਦਿਓ ਆ ਜਾਏ ਉਸ ਦਾ ਵੀ ਪਿਓ ਵਾਲੇ ਅਖਾਣ ਵਾਂਗ ਕੈਪਟਨ ਦੇ ਰਾਜ ਨੇ ਨਾ ਸਿਰਫ਼ ਪੰਜਾਬ ਦੇ ਸਮੁੱਚੇ ਕਿਰਤੀ ਵਰਗ ਦੀਆਂ ਆਸਾਂ ਉੱਪਰ ਪਾਣੀ ਫੇਰ ਦਿੱਤਾ, ਸਗੋਂ ਇੱਕ-ਇੱਕ ਕਰਕੇ ਉਹ ਸਾਰੀਆਂ ਸਰਕਾਰੀ ਸਹੂਲਤਾਂ ਨੂੰ ਬੰਦ ਕਰਨ ਦੇ ਰਾਹ ਪੈ ਗਿਆ, ਜਿਨ੍ਹਾਂ ਨਾਲ ਥੁੜਾਂ ਮਾਰੇ ਲੋਕਾਂ ਦੇ ਕੁੱਝ ਨਾ ਕੁੱਝ ਚੁੱਲ੍ਹੇ ਤਪ ਰਹੇ ਸਨ। ਪਬਲਿਕ ਰੈਲੀ ਕਰਨ ਉਪਰੰਤ ਪਾਰਟੀ ਕਾਨਫ਼ਰੰਸ ਸ਼ੁਰੂ ਹੋਣ ਤੋਂ ਪਹਿਲਾਂ ਪਾਰਟੀ ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਜੋਗਿੰਦਰ ਦਿਆਲ ਨੇ ਅਦਾ ਕੀਤੀ। ਜਿਸ ਰਸਮ ਵਿੱਚ ਕਾਮਰੇਡ ਜਗਰੂਪ, ਕਾਮਰੇਡ ਜਗਜੀਤ ਜੋਗਾ ਤੋਂ ਇਲਾਵਾ ਹੇਠਲੀਆਂ ਪਾਰਟੀ ਇਕਾਈਆਂ ਤੋਂ ਚੁਣ ਕੇ ਆਏ ਪਾਰਟੀ ਦੇ ਪੰਜ ਦਰਜਨ ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ। ਝੰਡਾ ਲਹਿਰਾਉਣ ਦੀ ਰਸਮ ਉਪਰੰਤ ਹੋਏ ਜ਼ਿਲ੍ਹਾ ਅਜਲਾਸ ਵਿੱਚ ਕਾਮਰੇਡ ਜਗਜੀਤ ਸਿੰਘ ਜੋਗਾ ਨੂੰ ਸਰਬ-ਸੰਮਤੀ ਨਾਲ ਜ਼ਿਲ੍ਹਾ ਪਾਰਟੀ ਸਕੱਤਰ ਅਤੇ ਕਾਮਰੇਡ ਸੁਰਜੀਤ ਸਿੰਘ ਸੋਹੀ ਐਡਵੋਕੇਟ ਸਮੇਤ ਕਾਮਰੇਡ ਬਲਕਰਨ ਬਰਾੜ ਨੂੰ ਪਾਰਟੀ ਦਾ ਜ਼ਿਲ੍ਹਾ ਸਹਾਇਕ ਸਕੱਤਰ ਚੁਣਿਆ ਗਿਆ। ਇਸ ਅਜਲਾਸ ਵਿੱਚ ਸੂਬਾ ਪਾਰਟੀ ਕਾਨਫ਼ਰੰਸ ਲਈ ਚੁਣੇ ਗਏ 13 ਪੂਰੇ ਅਤੇ ਦੋ ਬਦਲਵੇਂ ਡੈਲੀਗੇਟਾਂ ਤੋਂ ਇਲਾਵਾ ਪਾਰਟੀ ਜ਼ਿਲ੍ਹਾ ਕੌਂਸਲ ਲਈ ਇਕੱਤੀ ਮੈਂਬਰੀ ਕਮੇਟੀ ਦੀ ਚੋਣ ਵੀ ਸਰਬ-ਸੰਮਤੀ ਨਾਲ ਕੀਤੀ ਗਈ।

166 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper