Latest News
ਭਾਜਪਾ ਦੇ 'ਸ਼ਤਰੂ' ਨੇ ਪੜ੍ਹੇ ਕਾਂਗਰਸੀ ਆਗੂਆਂ ਦੀ ਸ਼ਾਨ 'ਚ ਕਸ਼ੀਦੇ
ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)
ਕਾਫ਼ੀ ਸਮੇਂ ਤੋਂ ਆਪਣੀ ਪਾਰਟੀ ਨਾਲ ਨਾਰਾਜ਼ ਚੱਲ ਰਹੇ ਭਾਜਪਾ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੇ ਕਾਂਗਰਸੀ ਆਗੂਆਂ ਦੀ ਰੱਜ ਕੇ ਤਾਰੀਫ਼ ਕੀਤੀ। ਸ਼ਤਰੂ ਨੇ ਐਤਵਾਰ ਨੂੰ ਇੱਕ ਤੋਂ ਬਾਅਦ ਇੱਕ ਕੁੱਲ ਚਾਰ ਟਵੀਟ ਕੀਤੇ, ਜਿਨ੍ਹਾਂ 'ਚ ਭਾਜਪਾ ਲਈ ਆਉਣ ਵਾਲੇ ਦਿਨਾਂ 'ਚ ਮੁਸ਼ਕਲ ਘੜੀ ਦੀ ਭਵਿੱਖਬਾਣੀ ਸੀ ਅਤੇ ਦੂਸਰੇ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਾਂਗਰਸੀ ਆਗੂਆਂ ਦੇ ਸ਼ੋਹਲੇ ਗਾਏ ਗਏ ਸਨ।
ਸ਼ਤਰੂ ਨੇ ਟਵੀਟ ਕਰਕੇ ਭਾਜਪਾ ਨੂੰ ਸਲਾਹ ਦਿੱਤੀ ਕਿ ਆਉਣ ਵਾਲਾ ਸਮਾਂ ਉਸ ਲਈ ਕਾਫ਼ੀ ਉਥਲ-ਪੁਥਲ ਭਰਿਆ ਰਹਿਣ ਵਾਲਾ ਹੈ। ਇਸ ਲਈ ਉਹ ਉਸ ਵਾਸਤੇ ਤਿਆਰ ਰਹੇ। ਸਿਨਹਾ ਨੇ ਲਿਖਿਆ ਕਿ ਇਸ ਗੱਲ ਦੀ ਪਹਿਲਾਂ ਹੀ ਭਵਿੱਖਬਾਣੀ ਕਰ ਚੁੱਕੇ ਸਨ ਕਿ ਮਾਰਚ 'ਚ ਸੰਸਦ ਨਹੀਂ ਚੱਲੇਗੀ। ਉਨ੍ਹਾ ਆਪਣੀ ਪਾਰਟੀ ਨੂੰ ਚੌਕਸ ਕਰਦਿਆਂ ਲਿਖਿਆ ਕਿ ਸੰਸਦ ਸਮਾਗਮ ਨੂੰ ਆਪਣੇ ਹੀ ਲੋਕਾਂ ਵੱਲੋਂ ਰੁਕਾਵਟਾਂ ਪਾਏ ਜਾਣ ਦੇ ਨਾਲ ਹੀ ਸਾਡੇ 'ਤੇ ਮੁਸ਼ਕਲਾਂ ਦੇ ਦਿਨਾਂ ਦਾ ਪਰਛਾਵਾਂ ਪੈ ਚੁੱਕਿਆ ਹੈ। ਉਨ੍ਹਾ ਲਿਖਿਆ ਹੈ ਕਿ ਬਹੁਤ ਲੋਕਾਂ ਨੂੰ ਲੱਗਦਾ ਹੈ ਕਿ ਇਹ ਮੌਜੂਦਾ ਲੋਕ ਸਭਾ ਦਾ ਸੰਭਾਵਤ ਤੌਰ 'ਤੇ ਆਖਰੀ ਸਮਾਗਮ ਹੈ, ਪਰ ਮੇਰੀ ਦੁਆ ਹੈ ਕਿ ਇਹ ਆਪਣਾ ਕਾਰਜਕਾਲ ਪੂਰਾ ਕਰੇ।
ਭਾਜਪਾ ਲਈ ਮੁਸ਼ਕਲ ਹਾਲਾਤ ਦਾ ਜ਼ਿਕਰ ਕਰਦਿਆਂ ਸਿਨਹਾ ਨੇ ਕਾਂਗਰਸੀ ਆਗੂਆਂ ਦੀ ਰੱਜ ਕੇ ਤਾਰੀਫ਼ ਕੀਤੀ। ਉਨ੍ਹਾ ਕਿਹਾ ਕਿ ਕਿਸਾਨਾਂ ਦੇ ਮੁੱਦੇ, ਨੋਟਬੰਦੀ ਦੇ ਮਾੜੇ ਨਤੀਜੇ, ਗੁੰਝਲਦਾਰ ਜੀ ਐੱਸ ਟੀ ਅਤੇ ਸੀਲਿੰਗ ਵਰਗੇ ਮੁੱਦਿਆਂ ਦੇ ਨਾਲ-ਨਾਲ ਕਾਂਗਰਸ ਦੇ ਨਵੇਂ-ਨਵੇਂ ਪ੍ਰਧਾਨ ਬਣੇ ਰਾਹੁਲ ਗਾਂਧੀ ਦਾ ਨਵਾਂ ਅਵਤਾਰ ਵਿਰੋਧੀ ਧਿਰ ਲਈ ਕਾਫ਼ੀ ਫਾਇਦੇਮੰਦ ਹੈ। ਭਾਜਪਾ ਦੇ ਸ਼ਤਰੂ ਸੋਨੀਆ ਗਾਂਧੀ, ਮਨਮੋਹਨ ਸਿੰਘ, ਮਲਿਕਾਅਰੁਜਨ ਖੜਗੇ, ਪੀ ਚਿਦੰਬਰਮ, ਰਣਦੀਪ ਸੂਰਜੇਵਾਲਾ, ਨਵਜੋਤ ਸਿੱਧੂ ਵਰਗੇ ਕਾਂਗਰਸੀ ਆਗੂਆਂ ਦੀ ਅਗਵਾਈ-ਸਮਰੱਥਾ ਦੇ ਕਾਇਲ ਨਜ਼ਰ ਆਏ।

168 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper