Latest News
ਕਰੁਗਮੈਨ ਵਾਲੀ ਗੱਲ 2 ਸਾਲ ਤੋਂ ਕਰਦੇ ਆ ਰਹੇ ਹਾਂ; ਰਾਹੁਲ ਨੇ ਕਿਹਾ
ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਨੋਬੇਲ ਪੁਰਸਕਾਰ ਨਾਲ ਸਨਮਾਨਤ ਅਰਥ ਸ਼ਾਸਤਰੀ ਪਾਲ ਕਰੁਗਮੈਨ ਨੇ ਭਾਰਤ 'ਚ ਵਿਆਪਕ ਬੇਰੁਜ਼ਗਾਰੀ ਬਾਰੇ ਉਹੀ ਗੱਲਾਂ ਕਹੀਆਂ ਹਨ, ਜੋ ਪਾਰਟੀ ਪਿਛਲੇ ਦੋ ਸਾਲਾਂ ਤੋਂ ਕਹਿ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਇਨਕਾਰ ਕਰਦੇ ਆਏ ਹਨ।
ਰਾਹੁਲ ਨੇ ਸੋਮਵਾਰ ਨੂੰ ਟਵੀਟ ਕਰਦਿਆਂ ਕਿਹਾ, 'ਨੋਬੇਲ ਪੁਰਸਕਾਰ ਨਾਲ ਸਨਮਾਨਿਤ ਅਰਥ ਸ਼ਾਸਤਰੀ ਪਾਲ ਕਰੁਗਮੈਨ ਨੇ ਉਸ ਗੱਲ ਦੀ ਪੁਸ਼ਟੀ ਕੀਤੀ ਹੈ, ਜਿਸ ਨੂੰ ਅਸੀਂ ਪਿਛਲੇ ਦੋ ਸਾਲ ਤੋਂ ਕਹਿੰਦੇ ਆ ਰਹੇ ਹਾਂ। ਭਾਰਤ ਅੱਗੇ ਵਿਆਪਕ ਬੇਰੁਜ਼ਗਾਰੀ ਸਭ ਤੋਂ ਵੱਡੀ ਚੁਣੌਤੀ ਹੈ। ਬਦਕਿਸਮਤੀ ਨਾਲ ਸਾਡੇ ਪ੍ਰਧਾਨ ਮੰਤਰੀ ਅਜਿਹੇ ਹਨ, ਜੋ ਲਗਾਤਾਰ ਇਸ ਤੋਂ ਇਨਕਾਰ ਕਰਦੇ ਰਹਿੰਦੇ ਹਨ। ਇਸ ਗੱਲ ਦਾ ਡਰ ਹੈ ਕਿ ਉਨ੍ਹਾ ਦੇ 'ਅੱਛੇ ਦਿਨ' ਨੂੰ ਕਿਤੇ ਇਸ ਤੋਂ ਨੁਕਸਾਨ ਨਾ ਪਹੁੰਚੇ।'
ਰਾਹੁਲ ਨੇ ਆਪਣੇ ਇਸ ਟਵੀਟ ਨਾਲ ਇੱਕ ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਟੈਗ ਕੀਤੀ ਹੈ, ਜਿਸ ਦਾ ਸਿਰਲੇਖ ਹੈ 'ਨੋਬੇਲ ਵਿਜੇਤਾ ਪਾਲ ਕਰੁਗਮੈਨ ਨੇ ਚੇਤਾਨਵਨੀ ਦਿੱਤੀ ਹੈ ਕਿ ਵਿਆਪਕ ਬੇਰੁਜ਼ਗਾਰੀ ਨਾਲ ਅੰਤ ਹੋ ਸਕਦਾ ਹੈ ਭਾਰਤ ਗਾਥਾ ਦਾ।' ਰਾਹੁਲ ਨੇ ਐਤਵਾਰ ਨੂੰ ਸੰਪੰਨ ਹੋਏ ਪਾਰਟੀ ਦੇ 84ਵੇਂ ਮਹਾਂ ਸੰਮੇਲਨ 'ਚ ਆਪਣੇ ਸਮਾਪਤੀ ਭਾਸ਼ਣ ਨੂੰ ਨੌਜਵਾਨਾਂ 'ਚ ਵਿਆਪਕ ਪੱਧਰ 'ਤੇ ਪਾਈ ਜਾ ਰਹੀ ਬੇਰੁਜ਼ਗਾਰੀ 'ਤੇ ਕੇਂਦਰਤ ਰੱਖਿਆ ਅਤੇ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾ ਦੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਸੀ।
ਰਾਹੁਲ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਨੇ ਪਿਛਲੇ ਚਾਰ ਸਾਲਾਂ ਤੋਂ ਲੋਕਾਂ ਨਾਲ ਸਿਰਫ਼ ਝੂਠ ਬੋਲਿਆ ਹੈ। ਉਨ੍ਹਾ 2 ਕਰੋੜ ਲੋਕਾਂ ਨੂੰ ਸਾਲਾਨਾ ਨੌਕਰੀ ਦੇਣ ਦੀ ਗੱਲ ਕਹੀ, ਕਿਸਾਨਾਂ ਦੀ ਅਮਦਨ ਦੁੱਗਣੀ ਕਰਨ ਦੀ ਗੱਲ ਕਹੀ, ਪਰ ਸਭ ਝੂਠ ਸਾਬਤ ਹੋਇਆ। ਉਨ੍ਹਾ ਪ੍ਰਧਾਨ ਮੰਤਰੀ ਮੋਦੀ ਨੂੰ ਭ੍ਰਿਸ਼ਟਾਚਾਰ ਦਾ ਪ੍ਰਤੀਕ ਦੱਸਿਆ ਅਤੇ ਭਾਜਪਾ ਨੂੰ ਕੌਰਵ ਕਰਾਰ ਦਿੱਤਾ। ਲੱਗਭੱਗ ਇੱਕ ਘੰਟਾ ਲੰਮੇ ਭਾਸ਼ਣ 'ਚ ਰਾਹੁਲ ਗਾਂਧੀ ਨੇ ਭਾਜਪਾ ਅਤੇ ਭਾਜਪਾ ਪ੍ਰਧਾਨ ਉਪਰ ਤਿੱਖੇ ਹਮਲੇ ਕਰਨ 'ਚ ਕੋਈ ਕਸਰ ਨਹੀਂ ਛੱਡੀ। ਰਾਹੁਲ ਨੇ ਕਿਹਾ ਕਿ ਲੋਕ ਕਤਲ ਦੇ ਮੁਲਜ਼ਮ ਇੱਕ ਸ਼ਖ਼ਸ ਨੂੰ ਭਾਜਪਾ ਦੇ ਪ੍ਰਧਾਨ ਦੇ ਰੂਪ ਵਿੱਚ ਸਵੀਕਾਰ ਕਰ ਲੈਣਗੇ, ਪਰ ਉਹੀ ਲੋਕ ਇਸ ਗੱਲ ਨੂੰ ਕਾਂਗਰਸ 'ਚ ਸਵੀਕਾਰ ਨਹੀਂ ਕਰਨਗੇ, ਕਿਉਂਕਿ ਉਹ ਲੋਕ ਕਾਂਗਰਸ ਪਾਰਟੀ ਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਦੇ ਹਨ।

117 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper