Latest News
ਫੇਸਬੁੱਕ ਵਿਵਾਦ 'ਚ ਸਰਕਾਰ ਨੇ ਕਾਂਗਰਸ ਨੂੰ ਘਸੀਟਿਆ

Published on 21 Mar, 2018 11:32 AM.

ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਡਾਟਾ ਚੋਰੀ ਕਰਨ ਦੇ ਮਾਮਲੇ ਵਿੱਚ ਫ਼ਸੀ ਫੇਸਬੁੱਕ ਬਾਰੇ ਕੇਂਦਰੀ ਕਾਨੂੰਨ ਅਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਫੇਸਬੁੱਕ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਉਨ੍ਹਾ ਕਿਹਾ ਕਿ ਸ਼ੋਸ਼ਲ ਮੀਡੀਆ, ਜਿਸ ਵਿੱਚ ਫੇਸਬੁੱਕ ਵੀ ਸ਼ਾਮਲ ਹੈ, ਦੀ ਦੁਰਵਰਤੋਂ ਜੇ ਆਮ ਚੋਣਾਂ ਨੂੰ ਪ੍ਰਭਾਵਤ ਕਰਨ ਲਈ ਕੀਤੀ ਜਾਂਦੀ ਹੈ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸੇ ਦਰਮਿਆਨ ਕਾਂਗਰਸ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ। ਕਾਂਗਰਸ ਦੇ ਮੀਡੀਆ ਵਿੰਗ ਦੇ ਇੰਚਾਰਜ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਇਨ੍ਹਾਂ ਦੀ ਪਾਰਟੀ ਨੇ ਕਦੇ ਵੀ ਫੇਸਬੁੱਕ ਕੈਂਬਰਿਜ ਐਨਾਲਿਟਿਕਾ ਦੀਆਂ ਕਦੀ ਸੇਵਾਵਾਂ ਨਹੀਂ ਲਈਆਂ। ਰਵੀ ਸ਼ੰਕਰ ਪ੍ਰਸਾਦ ਨੇ ਫੇਸਬੁੱਕ ਦੇ ਨਾਲ-ਨਾਲ ਕਾਂਗਰਸ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਇੱਕ ਖ਼ਬਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਡਾਟਾ ਦੀ ਚੋਰੀ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਕੇ ਜਿੱਤਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਪ੍ਰੋਫ਼ਾਈਲ ਵਿੱਚ ਕੈਂਬਰਿਜ ਐਨਾਲਿਟਿਕਾ ਦੀ ਕੀ ਭੂਮਿਕਾ ਹੈ। ਜ਼ਿਕਰਯੋਗ ਹੈ ਕਿ ਕੈਂਬਰਿਜ ਐਨਾਲਿਟਿਕਾ ਇੱਕ ਬਰਤਾਨੀ ਡਾਟਾ ਐਨਾਲਿਕਸ ਕੰਪਨੀ ਹੈ। ਇਸ ਕੰਪਨੀ 'ਤੇ ਦੋਸ਼ ਲੱਗਿਆ ਕਿ ਉਸ ਨੇ ਅਮਰੀਕਾ ਵਿੱਚ ਸਾਲ 2016 ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਦੌਰਾਨ ਕਰੀਬ ਪੰਜ ਕਰੋੜ ਫੇਸਬੁੱਕ ਯੂਸਰਜ਼ ਦਾ ਡਾਟਾ ਚੋਰੀ ਕੀਤਾ ਸੀ, ਜਿਸ ਨੂੰ ਡੋਨਾਲਡ ਟਰੰਪ ਨੇ ਚੋਣ ਪ੍ਰਚਾਰ ਵਿੱਚ ਇਸਤੇਮਾਲ ਕੀਤਾ ਸੀ। ਇਹ ਕੰਪਨੀ 2016 ਵਿੱਚ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਨੂੰ ਸੇਵਾ ਦੇ ਚੁੱਕੀ ਹੈ। ਇਸ ਗੱਲ ਦਾ ਖੁਲਾਸਾ ਨਿਊਯਾਰਕ ਟਾਈਮਜ਼ ਅਤੇ ਲੰਡਨ ਅਬਜ਼ਰਵਰ ਦੀ ਇੱਕ ਰਿਪੋਰਟ ਵਿੱਚ ਕੀਤਾ ਗਿਆ ਹੈ। ਰਵੀ ਸ਼ੰਕਰ ਨੇ ਇਹ ਵੀ ਕਿਹਾ ਕਿ ਹਾਲ ਹੀ ਵਿੱਚ ਰਾਹੁਲ ਗਾਂਧੀ ਦੇ ਟਵਿਟਰ ਫਾਲੋਅਰ ਕਾਫ਼ੀ ਵਧੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਜਾਲ੍ਹੀ ਫਾਲੋਅਰ ਵਧਾਉਣ ਲਈ ਅਜਿਹੀ ਕੋਈ ਸੇਵਾ ਦੀ ਵਰਤੋਂ ਕੀਤੀ ਗਈ? ਰਵੀ ਸ਼ੰਕਰ ਪ੍ਰਸਾਦ ਨੇ ਸਵਾਲ ਪੁੱਛਿਆ ਕਿ ਕਾਂਗਰਸ ਦਾ ਕੈਂਬਰਿਜ ਐਨਾਲਿਟਿਕਾ ਨਾਲ ਪ੍ਰੇਮ ਕਿਉਂ ਹੈ ਅਤੇ ਉਹ ਇਸ ਦੀ ਵਰਤੋਂ ਕਿਉਂ ਕਰ ਰਹੀ ਹੈ। ਦਰਅਸਲ ਇਸ ਸੋਸ਼ਲ ਮੀਡੀਆ ਸਾਈਟ ਉੱਪਰ ਬਰਤਾਨੀਆ ਦੀ ਕੈਂਬਰਿਜ ਐਨਾਲਿਟਿਕਾ ਨਾਲ ਗੰਢਤੁੱਪ ਕਰਨ ਦੇ ਦੋਸ਼ ਲੱਗੇ ਹਨ। ਡਾਟਾ ਲੀਕ ਮਾਮਲੇ ਵਿੱਚ ਫਸਣ ਤੋਂ ਬਾਅਦ ਫੇਸਬੁੱਕ ਮਾਲਕ ਮਾਰਕ ਜੁਕਰਬਰਗ ਅਤੇ ਕੰਪਨੀ ਦੇ ਨਿਵੇਸ਼ਕਾਂ ਨੂੰ ਪਿਛਲੇ 48 ਘੰਟਿਆਂ ਵਿੱਚ ਕਰੋੜਾਂ ਦਾ ਨੁਕਸਾਨ ਹੋਇਆ ਹੈ।

261 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper