Latest News
ਤਰਨ ਤਾਰਨ ਜ਼ਿਲ੍ਹੇ ਦੇ ਲੋਕ ਵੱਡੇ ਕਾਫਲੇ ਲੈ ਕੇ 4 ਅਪ੍ਰੈਲ ਨੂੰ ਅੰਮ੍ਰਿਤਸਰ ਰੈਲੀ 'ਚ ਪੁੱਜਣਗੇ : ਮਾੜੀਮੇਘਾ

Published on 21 Mar, 2018 11:35 AM.


ਤਰਨ ਤਾਰਨ (ਨਵਾਂ ਜ਼ਮਾਨਾ ਸਰਵਿਸ)
ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੀ ਕਾਰਜਕਾਰਨੀ ਮੀਟਿੰਗ ਦੇ ਫੈਸਲੇ ਪ੍ਰੈੱਸ ਲਈ ਰਿਲੀਜ਼ ਕਰਦਿਆਂ ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਸੀ ਪੀ ਆਈ ਵੱਲੋਂ 4 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਹੋ ਰਹੀ ਰੈਲੀ 'ਚ ਤਰਨ ਤਾਰਨ ਜ਼ਿਲ੍ਹੇ ਦੇ ਹਰੇਕ ਬਲਾਕ 'ਚੋਂ ਲੋਕ ਵੱਡੇ ਕਾਫਲਿਆਂ ਦੇ ਰੂਪ ਵਿੱਚ ਪਹੁੰਚਣਗੇ। ਇਸ ਰੈਲੀ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਪਰਦੇਫਾਸ਼ ਕੀਤੇ ਜਾਣਗੇ। ਕੇਂਦਰ ਦੀ ਬੀ ਜੇ ਪੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਵਿੱਚ ਫਿਰਕੂ ਜ਼ਹਿਰ ਇਸ ਲਈ ਘੋਲ ਰਹੀ ਹੈ ਕਿ ਲੋਕਾਂ ਦਾ ਧਿਆਨ ਅੰਤਾਂ ਦੀ ਵਧੀ ਹੋਈ ਮਹਿੰਗਾਈ ਤੇ ਬੇਰੁਜ਼ਗਾਰੀ ਵਾਲੇ ਪਾਸੇ ਨਾ ਜਾਵੇ। ਮਾੜੀਮੇਘਾ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਵੀ ਦਿਨੋਂ-ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਲੋਕਾਂ ਨੂੰ ਆਸ ਸੀ ਕਿ ਸਰਕਾਰ ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਰੋਕੇਗੀ, ਪਰ ਪੰਜਾਬ ਸਰਕਾਰ ਨੇ ਹੁਣ ਤੱਕ ਲੋਕਾਂ ਦੀਆਂ ਆਸਾਂ ਦੇ ਉਲਟ ਕੰਮ ਕੀਤਾ ਹੈ। ਖਾਧ-ਖੁਰਾਕ ਦੀਆਂ ਵਸਤਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧਣ ਕਰਕੇ ਲੋਕਾਂ ਦਾ ਜੀਊਣਾ ਕਠਿਨਾਈਆਂ ਭਰਪੂਰ ਹੋ ਗਿਆ ਹੈ। ਸਿਹਤ ਦੇ ਇਲਾਜ ਇੰਨੇ ਮਹਿੰਗੇ ਹਨ ਕਿ ਗਰੀਬ ਲੋਕ ਬੀਮਾਰੀਆਂ ਦਾ ਇਲਾਜ ਕਰਵਾ ਹੀ ਨਹੀਂ ਸਕਦੇ। ਵਿੱਦਿਆ ਦਾ ਵਪਾਰੀਕਰਨ ਹੋਣ ਨਾਲ ਵਿੱਦਿਆ ਬਹੁਤ ਮਹਿੰਗੀ ਹੋ ਗਈ ਹੈ। ਗਰੀਬਾਂ ਦੇ ਬੱਚੇ ਪੜ੍ਹਾਈ ਲੈ ਨਹੀਂ ਸਕਦੇ। ਖਤਰਨਾਕ ਹਾਲਾਤ ਇਹ ਬਣ ਗਏ ਹਨ ਕਿ ਪੇਂਡੂ ਵਰਗ ਦੇ ਬੱਚੇ ਉੱਚ ਵਿੱਦਿਆ ਲੈਣ ਵਾਸਤੇ ਸਿਰਫ 2 ਤੋਂ 3 ਫੀਸਦੀ ਹੀ ਪਹੁੰਚ ਰਹੇ ਹਨ। ਬੇਰੁਜ਼ਗਾਰੀ ਦੇ ਕਾਰਨ ਜੁਆਨੀ ਘੋਰ ਨਿਰਾਸ਼ਾ ਵਿੱਚ ਹੈ ਅਤੇ ਦੂਜੇ ਪਾਸੇ ਸਰਕਾਰ ਨੇ ਸਰਕਾਰੀ ਨੌਕਰੀਆਂ ਦੇਣ 'ਤੇ ਪੂਰਨ ਪਾਬੰਦੀ ਲਾਈ ਹੋਈ ਹੈ। ਕਮਿਊਨਿਸਟ ਪਾਰਟੀ ਦੀ ਪੁਰਜ਼ੋਰ ਮੰਗ ਹੈ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਸਤੇ ਸਰਕਾਰ ਸੰਸਦ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ (ਬਨੇਗਾ) ਪਾਸ ਕਰੇ।
ਮੀਟਿੰਗ ਵਿੱਚ ਜ਼ਿਲ੍ਹਾ ਕਾਰਜਕਾਰਨੀ ਦੇ ਮੈਂਬਰਾਨ ਜਗੀਰੀ ਰਾਮ ਪੱਟੀ, ਸੁਖਚੈਨ ਸਿੰਘ, ਰਜਿੰਦਰਪਾਲ ਕੌਰ, ਦਵਿੰਦਰ ਸੋਹਲ, ਪਵਨ ਕੁਮਾਰ ਭਿੱਖੀਵਿੰਡ, ਬਲਵਿੰਦਰ ਸਿੰਘ ਦਦੇਹਰ, ਚਰਨ ਸਿੰਘ ਤਰਨ ਤਾਰਨ, ਸੀਮਾ ਸੋਹਲ, ਜੈਮਲ ਸਿੰਘ ਬਾਠ, ਰੁਪਿੰਦਰ ਕੌਰ ਮਾੜੀਮੇਘਾ, ਹਰਭਿੰਦਰ ਸਿੰਘ ਕਸੇਲ, ਗੁਰਦਿਆਲ ਸਿੰਘ ਖਡੂਰ ਸਾਹਿਬ ਅਤੇ ਕਿਰਨਬੀਰ ਕੌਰ ਵਲਟੋਹਾ ਹਾਜ਼ਰ ਸਨ।

210 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper