Latest News
ਨਾਨਕ 'ਵਰਸਿਟੀ ਵੱਲੋਂ ਫ਼ੀਸਾਂ ਤੇ ਹੋਰ ਖ਼ਰਚਿਆਂ 'ਚ ਭਾਰੀ ਵਾਧੇ ਖ਼ਿਲਾਫ਼ ਆਰ ਐੱਮ ਪੀ ਆਈ ਵੱਲੋਂ ਮੁਜ਼ਾਹਰਾ

Published on 18 Apr, 2018 11:46 AM.


ਅੰਮ੍ਰਿਤਸਰ (ਨਵਾਂ ਜ਼ਮਾਨਾ ਸਰਵਿਸ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੰਭਾਵੀ ਵਿਦਿਆਰਥੀਆਂ ਦੀਆਂ ਫ਼ੀਸਾਂ ਵਿੱਚ ਅਥਾਹ ਵਾਧਾ ਕਰਨ ਅਤੇ ਭਾਰੀ ਜੁਰਮਾਨੇ ਪਾਉਣ, ਹੋਸਟਲਾਂ ਦੇ ਅਥਾਹ ਖ਼ਰਚੇ ਵਸੂਲਣ ਆਦਿ ਭਖਦੀਆਂ ਮੰਗਾਂ ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਯੂਨੀਵਰਸਿਟੀ ਦੇ ਬਾਹਰ ਰੋਹ ਭਰਿਆ ਪ੍ਰਦਰਸ਼ਨ ਕਰਨ ਉਪਰੰਤ ਕਈ ਘੰਟੇ ਧਰਨਾ ਦਿੱਤਾ ਗਿਆ, ਜਿਸ ਦੀ ਪ੍ਰਧਾਨਗੀ ਪ੍ਰਗਟ ਸਿੰਘ ਜਾਮਾਰਾਏ, ਡਾ. ਗੁਰਮੇਜ਼ ਸਿੰਘ ਤਿੰਮੋਵਾਲ (ਕਿਸਾਨ ਆਗੂ), ਸਮਸ਼ੇਰ ਸਿੰਘ ਨਵਾਂ ਪਿੰਡ, ਅਜੈ ਫਿਲੌਰ (ਨੌਜਵਾਨ ਅਤੇ ਵਿਦਿਆਰਥੀ ਆਗੂ), ਸੀਤਲ ਸਿੰਘ ਤਲਵੰਡੀ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਟੂਡੈਂਟ ਯੂਨੀਅਨ ਦੇ ਸਾਬਕਾ ਪ੍ਰਧਾਨ ਅਤੇ ਆਰ ਐੱਮ ਪੀ ਆਈ ਦੇ ਸੂਬਾਈ ਪ੍ਰਧਾਨ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਅਥਾਹ ਲੁੱਟ ਕੀਤੀ ਜਾ ਰਹੀ ਹੈ। ਯੂਨੀ. ਦੇ ਵੀ ਸੀ ਵੱਲੋਂ ਦਿੱਤੇ ਬਿਆਨ ਅਨੁਸਾਰ ਆਉਣ ਵਾਲੇ ਸਮੇਂ ਦੌਰਾਨ 67,000 ਤੋਂ ਫ਼ੀਸ ਵਧਾ ਕੇ 1,70,000 ਕਰਨ, ਕੁਝ ਕੋਰਸਾਂ ਦੀ 3 ਲੱਖ ਤੋਂ ਵਧਾ ਕੇ 10 ਲੱਖ ਕਰਨ, ਐੱਮ ਫਿਲ ਦੀ 15,000 ਤੋਂ 60,000 ਕਰਨ, ਬੀ ਟੈੱਕ ਦੀ 90 ਹਜ਼ਾਰ ਤੋਂ ਵਧਾ ਕੇ 1.10 ਹਜ਼ਾਰ ਕਰਨ ਅਤੇ ਇਸੇ ਤਰ੍ਹਾਂ ਸੈਲਫ਼ ਫਾਇਨਾਂਸ ਦੇ 22 ਕੋਰਸਾਂ ਵਿੱਚ ਫੀਸਾਂ ਵਿੱਚ ਅਥਾਹ ਵਾਧਾ ਕਰ ਦਿੱਤਾ ਗਿਆ ਹੈ। ਇਥੋਂ ਤੱਕ ਕਿ ਗ਼ਰੀਬ ਬੱਚਿਆਂ ਵੱਲੋਂ ਸਮੇਂ ਸਿਰ ਫ਼ੀਸ ਨਾ ਤਾਰਨ ਕਰਕੇ 25 ਹਜ਼ਾਰ ਜੁਰਮਾਨਾ ਵਸੂਲਣ, ਗੋਲਡਨ ਚਾਂਸ ਦੀ ਫ਼ੀਸ 25 ਹਜ਼ਾਰ ਕਰਨ ਅਤੇ ਹੋਸਟਲਾਂ ਵਿੱਚ ਅਥਾਹ ਪੈਸੇ ਵਸੂਲੇ ਜਾ ਰਹੇ ਹਨ। ਯੂਨੀ. ਦੇ ਸਾਬਕਾ ਵਿਦਿਆਰਥੀ ਆਗੂ ਨੇ ਕਿਹਾ ਕਿ ਇਹ ਯੂਨੀਵਰਸਿਟੀ 1969 ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਜਨਮ ਦਿਹਾੜੇ 'ਤੇ ਬਣੀ ਸੀ। ਇਹ ਸਮੁੱਚਾ ਇਲਾਕਾ 1947, 1962, 1965, 71 ਕਾਰਗਿਲ ਜੰਗ, ਪਾਰਲੀਮੈਂਟ ਦੇ ਅਟੈਕ ਸਮੇਂ ਇਸ ਇਲਾਕੇ ਦੇ ਲੋਕਾਂ ਨੂੰ ਹੱਦੋਂ ਵੱਧ ਨੁਕਸਾਨ ਝੱਲਣਾ ਪਿਆ ਹੈ। ਯੂਨੀਵਰਸਿਟੀ ਨੂੰ ਫ਼ੀਸਾਂ ਜੁਰਮਾਨੇ ਵਸੂਲਣ ਦੀ ਥਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ 'ਤੇ ਦਬਾਅ ਪਾ ਕੇ ਵਧੇਰੇ ਗਰਾਂਟਾਂ ਲੈਣੀਆਂ ਚਾਹੀਦੀਆਂ ਹਨ ਤਾਂ ਕਿ ਲੋੜਵੰਦ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ 'ਤੇ ਬੋਝ ਨਾ ਪੈ ਸਕੇ। ਪਾਰਟੀ ਪ੍ਰਧਾਨ ਨੇ ਆਤਮ-ਹੱਤਿਆ ਕਰ ਚੁੱਕੇ ਮਜ਼ਦੂਰਾਂ-ਕਿਸਾਨਾਂ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਤੇ ਪੱਕੀ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।
ਪਾਰਟੀ ਦੇ ਕੇਂਦਰੀ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਦਾਊਦ ਅਤੇ ਸੂਬਾਈ ਸਕੱਤਰੇਤ ਦੇ ਮੈਂਬਰ ਤੇ ਖੇਤੀ ਵਿਗਿਆਨੀ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ 1992 ਤੋਂ ਦੇਸ਼ ਵਿੱਚ ਅਪਣਾਈਆਂ ਗਈਆਂ ਸੰਸਾਰੀਕਰਨ, ਅਦਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਨੇ ਲੋਕਾਂ ਦਾ ਰਗੜਾ ਕੱਢ ਦਿੱਤਾ ਹੈ। ਇਨ੍ਹਾਂ ਨੀਤੀਆਂ ਦੇ ਨਾਮ 'ਤੇ ਵਿੱਦਿਆ ਸਿਆਸੀ ਆਗੂਆਂ ਤੇ ਵਪਾਰੀਆਂ ਦੇ ਕਬਜ਼ੇ ਵਿੱਚ ਆ ਗਈ ਹੈ ਅਤੇ ਸਿੱਟੇ ਵਜੋਂ ਵੱਖ-ਵੱਖ ਵਰਗਾਂ ਦੇ ਗ਼ਰੀਬ ਲੋਕ ਵਿੱਦਿਆ ਲੈਣ ਤੋਂ ਵਾਂਝੇ ਹੁੰਦੇ ਜਾ ਰਹੇ ਹਨ। ਦੋਵਾਂ ਆਗੂਆਂ ਨੇ ਪੰਜਾਬ ਸਰਕਾਰ ਤੇ ਯੂਨੀ: ਅਥਾਰਟੀ ਨੂੰ ਤਾੜਨਾ ਕੀਤੀ ਕਿ ਜੇ ਫ਼ੀਸਾਂ, ਪਾਏ ਜਾ ਰਹੇ ਜੁਰਮਾਨਿਆਂ ਵਿੱਚ ਵਾਧਾ ਵਾਪਸ ਨਾ ਲਿਆ ਤੇ ਹੋਸਟਲਾਂ ਦੇ ਬੱਚਿਆਂ ਨੂੰ ਇਨਸਾਫ਼ ਨਾ ਮਿਲਿਆ ਤੇ ਆਰ ਐੱਮ ਪੀ ਆਈ ਹੋਰ ਹਮਖਿਆਲੀ ਸਿਆਸੀ ਧਿਰਾਂ ਤੇ ਜਨਤਕ ਜਥੇਬੰਦੀਆਂ ਦਾ ਵੱਡਾ ਮੰਚ ਬਣਾ ਕੇ ਲੰਮਾ ਸੰਘਰਸ਼ ਵਿੱਢੇਗੀ। ਦੋਵਾਂ ਆਗੂਆਂ ਨੇ ਕਿਹਾ ਕਿ ਇੱਕ ਯੂਨੀ: ਦੇ ਮਹਿਲਾ ਪ੍ਰੋਫ਼ੈਸਰ ਵੱਲੋਂ ਵੀ ਸੀ 'ਤੇ ਜਿਨਸੀ ਸ਼ੋਸ਼ਣ ਦੇ ਲਾਏ ਜਾ ਰਹੇ ਦੋਸ਼ਾਂ ਦੀ ਨਿਰਪੱਖ ਏਜੰਸੀ ਪਾਸੋਂ ਨਿਰਪੱਖ ਜਾਂਚ ਕਰਾਈ ਜਾਵੇ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਬਣੀ ਯੂਨੀਵਰਸਿਟੀ ਬਦਨਾਮ ਨਾ ਹੋਵੇ।
ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾਈ ਸਕੱਤਰੇਤ ਦੇ ਮੈਂਬਰ ਪ੍ਰਗਟ ਸਿੰਘ ਜਾਮਾਰਾਏ, ਨੌਜਵਾਨ ਵਿਦਿਆਰਥੀ ਆਗੂ ਅਜੈ ਫਿਲੌਰ ਅਤੇ ਸਮਸ਼ੇਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ 2 ਕਰੋੜ ਨੌਕਰੀਆਂ ਦੇਣ ਦਾ ਨਾਅਰਾ ਲਾਇਆ ਸੀ, ਪਰ ਸਿਰਫ਼ ਸਵਾ ਲੱਖ ਲੋਕਾਂ ਨੂੰ ਹੀ ਨੌਕਰੀਆਂ ਦਿੱਤੀਆਂ ਗਈਆਂ ਹਨ। ਤਿੰਨਾਂ ਆਗੂਆਂ ਨੇ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਘਰ-ਘਰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਨੂੰ ਪੂਰੀ ਤਰ੍ਹਾਂ ਫਲਾਪ ਸ਼ੋਅ ਸਾਬਤ ਹੋਇਆ ਦੱਸਿਆ ਅਤੇ ਉਲਟਾ ਪੰਜਾਬ ਸਰਕਾਰ ਪੱਕੇ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦੀ ਵਿਉਂਤਬੀਂਦੀ ਦੀ ਨਿੰਦਾ ਕੀਤੀ।
ਗੁਰੂ ਨਾਨਕ ਦੇਵ ਯੂਨੀ: ਦੀ ਸਾਬਕਾ ਵਿਦਿਆਰਥੀ ਆਗੂ ਅਤੇ ਜਨਵਾਦੀ ਇਸਤਰੀ ਸਭਾ ਦੀ ਸਕੱਤਰ ਕੰਵਲਜੀਤ ਕੌਰ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਲੜਕੀਆਂ ਲਈ ਪਹਿਲੀ ਤੋਂ ਐੱਮ ਏ ਤੱਕ ਮੁਫ਼ਤ ਵਿੱਦਿਆ ਦੇਣ 'ਤੇ ਵੋਟਾਂ ਲਈਆਂ ਸਨ, ਪ੍ਰੰਤੂ ਸੂਬਾਈ ਸਰਕਾਰ ਨੇ ਇਹ ਵਾਅਦਾ ਪੂਰਾ ਕਰਨ ਦੀ ਥਾਂ 'ਤੇ ਜਦੋਂ ਸਾਡੀਆਂ ਧੀਆਂ ਪੱਕੀ ਨੌਕਰੀ ਦੀ ਮੰਗ ਕਰਦੀਆਂ ਹਨ, ਉਨ੍ਹਾਂ 'ਤੇ ਤਸ਼ੱਦਦ ਢਾਹਿਆ ਜਾਂਦਾ ਹੈ।
ਇਕੱਠ ਨੂੰ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਸੈਦਪੁਰ, ਹਰਪ੍ਰੀਤ ਬੁਟਾਰੀ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਨਿਰਮਲ ਸਿੰਘ ਛਿੱਜਲਵੱਡੀ, ਅਮਰੀਕ ਸਿੰਘ ਦਾਊਦ, ਵਿਰਸਾ ਸਿੰਘ ਟਪਿਆਲਾ, ਜਸਪਾਲ ਸਿੰਘ ਢਿੱਲੋਂ, ਮੁਖਤਾਰ ਸਿੰਘ ਮੱਲਾ, ਰਵੀ ਕਟਾਰੂਚੱਕ, ਜਗਤਾਰ ਸਿੰਘ ਕਰਮਪੁਰਾ ਤੇ ਬਲਵਿੰਦਰ ਸਿੰਘ ਛੇਹਰਟਾ ਨੇ ਵੀ ਸੰਬੋਧਨ ਕੀਤਾ।

939 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper