ਕੇਜਰੀਵਾਲ ਸਰਕਾਰ ਸੰਕਟ 'ਚ; 3 ਵਿਧਾਇਕਾਂ ਵੱਲੋਂ ਹਮਾਇਤ ਵਾਪਸੀ ਦੀ ਧਮਕੀ

ਦਿੱਲੀ 'ਚ ਤਕਰੀਬਨ ਇੱਕ ਮਹੀਨਾ ਪੁਰਾਣੀ ਕੇਜਰੀਵਾਲ ਸਰਕਾਰ ਖਤਰੇ 'ਚ ਹੈ। ਪਾਰਟੀ 'ਚੋਂ ਕੱਢੇ ਗਏ ਵਿਧਾਇਕ ਵਿਨੋਦ ਕੁਮਾਰ ਬਿੰਨੀ ਅਤੇ ਸਰਕਾਰ ਨੂੰ ਹਮਾਇਤ ਦੇ ਰਹੇ ਦੋ ਹੋਰ ਵਿਧਾਇਕਾਂ ਨੇ ਸਰਕਾਰ ਨੂੰ 48 ਘੰਟੇ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ 48 ਘੰਟਿਆਂ 'ਚ ਘੱਟੋ-ਘੱਟ ਸਾਂਝਾ ਪ੍ਰੋਗਰਾਮ ਤਿਆਰ ਕਰੇ, ਨਹੀਂ ਤਾਂ ਹਮਾਇਤ ਵਾਪਸੀ 'ਤੇ ਵਿਚਾਰ ਕੀਤਾ ਜਾਵੇਗਾ। ਬਿੰਨੀ ਨਾਲ ਸਰਕਾਰ ਨੂੰ ਅਲਟੀਮੇਟਮ ਦੇਣ ਵਾਲੇ ਦੂਜੇ ਦੋ ਵਿਧਾਇਕਾਂ 'ਚ ਜਨਤਾ ਦਲ (ਯੂ) ਦੇ ਸ਼ੋਏਬ ਇਕਬਾਲ ਅਤੇ ਅਜ਼ਾਦ ਵਿਧਾਇਕ ਰਾਮਵੀਰ ਸਿੰਘ ਸ਼ੌਕੀਨ ਸ਼ਾਮਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੋ ਹੋਰ ਵਿਧਾਇਕ ਉਨ੍ਹਾਂ ਦੇ ਨਾਲ ਹਨ। ਜ਼ਿਕਰਯੋਗ ਹੈ ਕਿ ਵਿਧਾਨ ਸਭਾ 'ਚ ਭਰੋਸੇ ਦੇ ਵੋਟ ਸਮੇਂ ਆਪ ਨੂੰ 37 ਵੋਟ ਮਿਲੇ ਸਨ, ਜਿਨ੍ਹਾਂ 'ਚ ਆਪ ਦੇ 28, ਕਾਂਗਰਸ ਦੇ 7 ਅਤੇ ਦੋ ਵੋਟ ਸ਼ੋਏਬ ਇਕਬਾਲ ਅਤੇ ਸ਼ੌਕੀਨ ਦੇ ਸਨ। ਅੱਜ ਬਿੰਨੀ ਅਤੇ ਦੂਜੇ ਦੋ ਵਿਧਾਇਕਾਂ ਨੇ ਇਕੋ ਮੰਚ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਲਟੀਮੇਟਮ ਦਿੱਤਾ ਕਿ ਜੇ ਉਨ੍ਹਾਂ ਸਰਕਾਰ ਦੇ ਵਿਰੋਧ ਅਤੇ ਭਾਜਪਾ ਦੇ ਪੱਖ 'ਚ ਵੋਟਿੰਗ ਕਰ ਦਿੱਤੀ ਤਾਂ ਸਰਕਾਰ ਡਿੱਗ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰੀ ਕਰਨ 'ਚ ਨਾਕਾਮ ਰਹੀ ਹੈ। ਬਿੰਨੀ ਨੇ ਕਿਹਾ ਕਿ ਜੇ ਸਰਕਾਰ ਨੇ ਸਾਡੀ ਮੰਗ ਪੂਰੀ ਨਾ ਕੀਤੀ ਤਾਂ ਅਸੀਂ ਸਾਂਝਾ ਮੋਰਚਾ ਬਣਾਵਾਂਗੇ। ਉਨ੍ਹਾ ਕਿਹਾ ਕਿ ਦੋ ਹੋਰ ਵਿਧਾਇਕ ਸਾਡੇ ਨਾਲ ਹਨ ਅਤੇ ਉਹ ਸੋਮਵਾਰ ਦੁਪਹਿਰ ਨੂੰ ਪ੍ਰੈੱਸ ਕਾਨਫ਼ਰੰਸ ਕਰਨਗੇ। ਬਿੰਨੀ ਨੇ ਕਿਹਾ ਕਿ ਸਾਡੇ ਕੋਲ ਅਜਿਹੇ ਲੋਕਾਂ ਦੀ ਸੂਚੀ ਹੈ, ਜਿਹੜੇ ਬਿਜਲੀ ਬਿੱਲ ਅਦਾ ਨਾ ਕਰਨ 'ਤੇ ਜੇਲ੍ਹਾਂ 'ਚ ਬੰਦ ਹਨ, ਪਰ ਸਰਕਾਰ ਨੂੰ ਉਨ੍ਹਾਂ ਦੀ ਥਾਂ ਲੋਕ ਸਭਾ ਚੋਣਾਂ ਦੀ ਚਿੰਤਾ ਹੈ। ਉਨ੍ਹਾ ਕਿਹਾ ਕਿ ਔਰਤਾਂ ਲਈ ਸਪੈਸ਼ਲ ਫ਼ੋਰਸ ਨਹੀਂ ਬਣੀ, ਕਾਮਨਵੈੱਲਥ ਘੁਟਾਲੇ ਦੀ ਜਾਂਚ ਨਹੀਂ ਹੋਈ। ਉਨ੍ਹਾਂ ਦੇ ਬਿਜਲੀ 'ਤੇ ਸਰਚਾਰਜ ਹਟਾਉਣ, ਮੁਫ਼ਤ ਪਾਣੀ ਨਾਲ ਸ਼ਰਤ ਨਾ ਲਾਉਣ, ਮਹਿਲਾ ਸੁਰੱਖਿਆ ਫ਼ੋਰਸ ਬਣਾਉਣ ਅਤੇ ਕਾਮਨਵੈੱਲਥ ਘੁਟਾਲੇ ਦੀ ਜਾਂਚ ਦਾ ਹੁਕਮ ਦੇਣ ਦੀ ਮੰਗ ਵੀ ਕੀਤੀ। ਇਸ ਮੌਕੇ ਜੇ ਡੀ (ਯੂ) ਵਿਧਾਇਕ ਸ਼ੋਏਬ ਇਕਬਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਇੱਕ ਮਹੀਨੇ 'ਚ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਉਨ੍ਹਾ ਕਿਹਾ ਕਿ ਪਾਰਟੀ ਦੇ ਕੁਝ ਆਗੂਆਂ ਦੀ ਜ਼ਬਾਨ ਠੀਕ ਨਹੀਂ ਅਤੇ ਉਹੀ ਇਮਾਨਦਾਰੀ ਤੇ ਬੇਇਮਾਨੀ ਦੇ ਸਰਟੀਫਿਕੇਟ ਦਿੰਦੇ ਹਨ ਅਤੇ ਪਤਾ ਨਹੀਂ ਲੱਗਦਾ ਕਿ ਕੌਣ ਸਰਕਾਰ ਚਲਾ ਰਿਹਾ ਹੈ, ਸਕੱਤਰੇਤ ਕਿਵੇਂ ਕੰਮ ਕਰ ਰਿਹਾ ਹੈ। ਉਨ੍ਹਾ ਕਿਹਾ ਕਿ ਇਹ ਲੋਕ ਦਿੱਲੀ ਦੇ ਵੀ ਨਹੀਂ ਅਤੇ ਇੱਕ-ਦੋ ਸਾਲਾਂ ਤੋਂ ਹੀ ਦਿੱਲੀ 'ਚ ਹਨ।