Latest News

ਸਹੁੰ ਚੁੱਕ ਸਮਾਗਮ \'ਚ ਆਉਣਗੇ ਸ਼ਰੀਫ, ਸੱਦਾ ਪ੍ਰਵਾਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ \'ਚ ਸ਼ਾਮਲ ਹੋਣਗੇ ਅਤੇ ਇਸ ਦੇ ਨਾਲ ਹੀ ਪਾਕਿਸਤਾਨ \'ਚ ਇਸ ਮਾਮਲੇ \'ਤੇ ਦੋ ਦਿਨਾਂ ਤੋਂ ਚੱਲੇ ਆ ਰਹੇ ਰਹੱਸ ਤੋਂ ਪਰਦਾ ਉੱਠ ਗਿਆ ਹੈ ਨਵਾਜ਼ ਸ਼ਰੀਫ ਦੇ ਦਫਤਰ ਦੇ ਤਰਜਮਾਨ ਅਤੇ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਸ਼ਰੀਫ ਦੇ ਮੋਦੀ ਦੇ ਸਹੁੰ ਚੁੱਕ ਸਮਾਗਮ \'ਚ ਸ਼ਾਮਲ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਜਿਊ ਟੀ ਵੀ ਦੀ ਇੱਕ ਰਿਪੋਰਟ ਅਨੁਸਾਰ ਨਵਾਜ਼ ਸ਼ਰੀਫ ਦਾ ਦੌਰਾ ਬਹੁਤ ਛੋਟਾ ਹੋਵੇਗਾ ਅਤੇ ਉਹ 27 ਮਈ ਨੂੰ ਮੋਦੀ ਨਾਲ ਮੁਲਾਕਾਤ ਕਰ ਸਕਦੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਸ਼ਰੀਫ ਨੇ ਆਪਣੇ ਸਾਥੀਆਂ ਨਾਲ ਸਲਾਹ-ਮਸ਼ਵਰੇ ਮਗਰੋਂ ਭਾਰਤ ਦਾ ਸੱਦਾ ਪ੍ਰਵਾਨ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਨਵਾਜ਼ ਸ਼ਰੀਫ ਨਾਲ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਵੀ ਦਿੱਲੀ ਆਉਣਗੇ। ਜ਼ਿਕਰਯੋਗ ਹੈ ਕਿ ਮੋਦੀ ਦੇ ਸਹੁੰ ਚੁੱਕ ਸਮਾਰੋਹ \'ਚ ਸ਼ਾਮਲ ਹੋਣ ਲਈ ਨਵਾਜ਼ ਸ਼ਰੀਫ ਸਮੇਤ ਸਾਰਕ ਦੇ ਸਾਰੇ ਦੇਸ਼ਾਂ ਦੇ ਮੁਖੀਆਂ ਨੂੰ ਸੱਦਾ ਦਿੱਤਾ ਗਿਆ। ਪਾਕਿਸਤਾਨ ਤੋਂ ਛੁੱਟ ਸਾਰੇ ਦੇਸ਼ਾਂ ਦੇ ਆਗੂਆਂ ਨੇ ਸਹੁੰ ਚੁੱਕ ਸਮਾਰੋਹ \'ਚ ਸ਼ਾਮਲ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਸ਼ਰੀਫ ਵੱਲੋਂ ਸੱਦਾ ਪ੍ਰਵਾਨ ਕਰਨ \'ਚ ਦੇਰੀ ਲਈ ਫੌਜ ਅਤੇ ਕੱਟੜਪੰਥੀਆਂ ਦੇ ਦਬਾਅ ਨੂੰ ਜ਼ੁੰਮੇਵਾਰ ਮੰਨਿਆ ਜਾ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਅਤੇ ਵਿਰੋਧੀ ਧਿਰ ਦੇ ਆਗੂ ਖੁਰਸ਼ੀਦ ਅਹਿਮਦ ਸ਼ਾਹ ਨੇ ਵੀ ਦੋਹਾਂ ਦੇਸ਼ਾਂ ਦੀ ਜਨਤਾ ਦੇ ਹਿੱਤਾਂ ਲਈ ਨਵਾਜ਼ ਸ਼ਰੀਫ ਨੂੰ ਸੱਦਾ ਪ੍ਰਵਾਨ ਕਰਨ ਦੀ ਅਪੀਲ ਕੀਤੀ ਸੀ। ਸੂਤਰਾਂ ਅਨੁਸਾਰ ਪਾਕਿਸਤਾਨੀ ਫੌਜ ਵਿਚਲੀਆਂ ਕੁਝ ਤਾਕਤਾਂ ਸ਼ਰੀਫ ਦੇ ਭਾਰਤ ਦੌਰੇ ਦਾ ਵਿਰੋਧ ਕਰ ਰਹੀਆਂ ਸਨ, ਜਿਸ ਕਰਕੇ ਸ਼ਰੀਫ ਨੂੰ ਫੈਸਲੇ ਲੈਣ \'ਚ ਏਨਾ ਸਮਾਂ ਲੱਗ ਗਿਆ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਸੂਤਰਾਂ ਅਨੁਸਾਰ ਨਵਾਜ਼ ਨਾਲ ਇੱਕ 6 ਤੋਂ 10 ਮੈਂਬਰੀ ਵਫ਼ਦ ਵੀ ਭਾਰਤ ਆਵੇਗਾ। ਸੂਤਰਾਂ ਅਨੁਸਾਰ ਨਵਾਜ਼ ਸ਼ਰੀਫ਼ 26 ਮਈ ਨੂੰ ਹੀ ਰਾਸ਼ਟਰਪਤੀ ਦੇ ਡਿਨਰ ਮਗਰੋਂ ਇਸਲਾਮਾਬਾਦ ਰਵਾਨਾ ਹੋ ਜਾਣਗੇ। ਪਰ ਨਵਾਜ਼ ਦੇ ਤਰਜਮਾਨ ਤਾਰਿਕ ਅਜ਼ੀਮ ਨੇ ਕਿਹਾ ਕਿ ਮੋਦੀ ਅਤੇ ਨਵਾਜ਼ ਆਪਸ \'ਚ ਗੱਲਬਾਤ ਕਰ ਸਕਦੇ ਹਨ ਅਤੇ ਸ਼ਰੀਫ਼ ਮੋਦੀ ਨੂੰ ਪਾਕਿਸਤਾਨ ਦੌਰੇ ਦਾ ਸੱਦਾ ਦੇਣਗੇ।\r\nਉਨ੍ਹਾ ਦੱਸਿਆ ਕਿ ਨਵਾਜ਼ ਸ਼ਰੀਫ਼ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਮੁਲਾਕਾਤ ਦੀ ਇੱਛਾ ਵੀ ਪ੍ਰਗਟਾਈ ਹੈ। ਉਧਰ ਪਾਕਿਸਤਾਨੀ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਨਵਾਜ਼ ਸ਼ਰੀਫ਼ ਦੇ ਭਾਰਤ ਦੌਰੇ ਨੂੰ ਲੈ ਕੇ ਪ੍ਰਧਾਨ ਮੰਤਰੀ ਅਤੇ ਫ਼ੌਜ ਵਿਚਕਾਰ ਮਤਭੇਦ ਨਹੀਂ।\r\nਨਵਾਜ਼ ਸ਼ਰੀਫ਼ ਦੇ ਨੇੜਲੇ ਸੂਤਰਾਂ ਅਨੁਸਾਰ ਸ਼ਰੀਫ਼ ਦੀ ਬੇਟੀ ਮਰੀਅਮ ਵੀ ਉਨ੍ਹਾ ਨਾਲ ਭਾਰਤ ਆਵੇਗੀ।

978 Views

e-Paper