ਰਾਜਸਥਾਨ (ਨਵਾਂ ਜ਼ਮਾਨਾ ਸਰਵਿਸ)
ਰਾਜਸਥਾਨ 'ਚ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਬਾਡਮੇਰ ਜ਼ਿਲ੍ਹੇ 'ਚ 10 ਜੁਲਾਈ ਨੂੰ ਮੋਟਰਸਾਈਕਲ ਸਵਾਰ ਤਿੰਨ ਲੋਕ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਏ ਸਨ। ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਖੂਨ ਨਾਲ ਲੱਥਪੱਥ ਦੋ ਵਿਅਕਤੀ ਮਦਦ ਦੀ ਉਮੀਦ 'ਚ ਤੜਫਦੇ ਰਹੇ, ਪਰ ਰਾਹਗੀਰ ਸੈਲਫੀ ਲੈਂਦੇ ਅਤੇ ਵੀਡੀਓ ਬਣਾਉਣ 'ਚ ਮਸ਼ਰੂਫ਼ ਰਹੇ। ਕਿਸੇ ਨੇ ਵੀ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਲੈ ਜਾਣ ਬਾਰੇ ਨਹੀਂ ਸੋਚਿਆ। ਅੱਧੇ ਘੰਟੇ ਤੋਂ ਜ਼ਿਆਦਾ ਸਮੇਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਤਾਂ ਜ਼ਖ਼ਮੀਆਂ ਨੂੰ ਜਲਦੀ-ਜਲਦੀ ਹਸਪਤਾਲ ਲਿਆਂਦਾ ਗਿਆ, ਪਰ ਘਟਨਾ ਦੇ ਸ਼ਿਕਾਰ ਦੋਵੇਂ ਵਿਅਕਤੀ ਮਰ ਚੁੱਕੇ ਸਨ। ਪੁਲਸ ਨੇ ਦੱਸਿਆ ਕਿ ਜੇ ਜ਼ਖ਼ਮੀਆਂ ਨੂੰ ਸਮੇਂ 'ਤੇ ਹਸਪਤਾਲ ਪਹੁੰਚਾਇਆ ਜਾਂਦਾ ਤਾਂ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ। ਮੀਡੀਆ ਰਿਪੋਰਟਾਂ ਅਨੁਸਾਰ ਪਰਮਾਨੰਦ (27), ਜੈਮਾ ਰਾਮ (30) ਅਤੇ ਚੰਦਾ ਰਾਮ (30) ਦੁਪਹਿਰ ਬਾਅਦ ਤਕਰੀਬਨ 2 ਵਜੇ ਇੱਕ ਹੀ ਮੋਟਰਸਾਈਕਲ 'ਤੇ ਕਿਤੇ ਜਾ ਰਹੇ ਸਨ ਤਾਂ ਉਸੇ ਸਮੇਂ ਵਾਡਮੇਰ ਦੇ ਚੈਤਾਵਨ ਦੇ ਕੋਲ ਇੱਕ ਸਕੂਲ ਬੱਸ ਨੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾਂਦਾ ਹੈ ਕਿ ਪਰਮਾਨੰਦ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਰੂਪ 'ਚ ਜ਼ਖ਼ਮੀ ਜੈਮਾ ਰਾਮ ਅਤੇ ਚੰਦਾ ਰਾਮ ਸੜਕ 'ਤੇ ਤੜਫਦੇ ਰਹੇ। ਚੰਦਾ ਰਾਮ ਉਥੋਂ ਲੰਘਣ ਵਾਲਿਆਂ ਰਾਹਗੀਰਾਂ ਨੂੰ ਹਸਪਤਾਲ ਪਹੁੰਚਾਉਣ ਦੀ ਗੁਹਾਰ ਲਾਉਂਦਾ ਰਿਹਾ, ਪਰ ਲੋਕ ਸੈਲਫੀ ਲੈਣ ਅਤੇ ਵੀਡੀਓ ਬਣਾਉਣ 'ਚ ਮਸ਼ਰੂਫ਼ ਰਹੇ।