ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ, 'ਭਾਰਤੀ ਜਨਤਾ ਪਾਰਟੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਰਾਸ਼ਟਰੀ ਰਾਜਧਾਨੀ 'ਚ ਨੌਕਰਸ਼ਾਹਾਂ 'ਤੇ ਪੂਰੀ ਤਰ੍ਹਾਂ ਕਬਜ਼ਾ ਕੀਤਾ ਹੋਇਆ ਹੈ, ਜਿਸ ਕਾਰਨ ਅਧਿਕਾਰੀ ਉਸ ਦੇ ਹੁਕਮਾਂ ਨੂੰ ਮੰਨਣ ਤੋਂ ਖੁੱਲ੍ਹੇਆਮ ਮਨ੍ਹਾ ਕਰ ਰਹੇ ਹਨ। ਟਵੀਟ 'ਚ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਭਾਜਪਾ ਅਧਿਕਾਰੀ ਕੰਮ ਕਰਨ ਤੋਂ ਰੋਕ ਰਹੇ ਹਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ 'ਚ ਹਾਰਨ ਤੋਂ ਬਾਅਦ ਭਾਜਪਾ ਦੇ ਉਪ ਰਾਜਪਾਲ ਨੇ ਨੌਕਰਸ਼ਾਹਾਂ 'ਤੇ ਪੂਰੀ ਤਰ੍ਹਾਂ ਕਬਜ਼ਾ ਕੀਤਾ ਹੋਇਆ ਹੈ। ਅਧਿਕਾਰੀਆਂ ਨੂੰ ਖੁੱਲ੍ਹੇ ਤੌਰ 'ਤੇ ਕਿਹਾ ਜਾ ਰਿਹਾ ਹੈ ਕਿ ਦਿੱਲੀ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਨਾ ਕੀਤੀ ਜਾਵੇ।
ਕੇਜਰੀਵਾਲ ਨੇ ਕਿਹਾ, 'ਕੀ ਤੁਸੀਂ ਕਦੀ ਸੁਣਿਆ ਹੈ ਕਿ ਅਧਿਕਾਰੀਆਂ ਨੂੰ ਖੁੱਲ੍ਹੇ ਤੌਰ 'ਤੇ ਕੈਬਨਿਟ ਜਾਂ ਮੁੱਖ ਮੰਤਰੀ ਦੇ ਆਦੇਸ਼ ਨੂੰ ਮੰਨਣ ਤੋਂ ਮਨਾ ਕੀਤਾ ਹੋਵੇ? ਭਾਜਪਾ ਇਨ੍ਹਾਂ ਕਾਰਨਾਂ ਕਰਕੇ ਅਧਿਕਾਰਾਂ ਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਹੈ। ਪੂਰੀ ਦਿੱਲੀ ਨੂੰ ਦੇਖਣਾ ਚਾਹੀਦਾ ਹੈ ਕਿ ਭਾਜਪਾ ਕਿਸ ਤਰ੍ਹਾਂ ਦੇ ਸ਼ਰਮਨਾਕ ਤਰੀਕਿਆਂ ਨਾਲ ਘਰਾਂ 'ਤੇ ਰਾਸ਼ਨ ਕਾਰਡ ਪਹੁੰਚਾਉਣ ਦੀ ਯੋਜਨਾ ਨੂੰ ਰੋਕ ਕੇ ਬੈਠੀ ਹੈ। ਅਗਲੀ ਵਾਰ ਵੋਟ ਪਾਉਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਨੂੰ ਯਾਦ ਰੱਖੋ।'
ਇੱਕ ਖ਼ਬਰ ਨੂੰ ਸਾਂਝਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਹ ਉਪ ਰਾਜਪਾਲ ਅਤੇ ਅਧਿਕਾਰੀਆਂ ਦੇ ਵਿਚਕਾਰ ਰਿਸ਼ਤਿਆਂ ਨੂੰ ਸਾਬਿਤ ਕਰਦੀ ਹੈ। ਉਨ੍ਹਾ ਕਿਹਾ ਕਿ ਇਹ ਸਾਫ਼ ਤੌਰ 'ਤੇ ਦਿਖਾਈ ਦਿੰਦਾ ਹੈ ਕਿ ਅਧਿਕਾਰੀਆਂ ਨੂੰ ਕੰਮ ਨਾ ਕਰਨ ਦੇ ਆਦੇਸ਼ ਕਿੱਥੋਂ ਮਿਲ ਰਹੇ ਹਨ। ਇਹ ਸਿੱਧੀ ਲੜਾਈ ਜਨਤਾ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਦੀ ਹੈ। ਦਿੱਲੀ ਦੇ ਲੋਕਾਂ ਲਈ ਆਪਣੀ ਲੜਾਈ ਜਾਰੀ ਰੱਖੂਗਾ।