Latest News
ਪ੍ਰਧਾਨ ਮੰਤਰੀ ਦੀ ਕਿਸਾਨ ਰੈਲੀ ਨੂੰ ਲੋਕਾਂ ਦਾ ਮੱਠਾ ਹੁੰਗਾਰਾ

Published on 11 Jul, 2018 12:23 PM.


ਮਲੋਟ (ਬਖਤੌਰ ਢਿੱਲੋਂ, ਮਿੰਟੂ ਗੁਰੂਸਰੀਆ)
ਅੱਜ ਇੱਥੇ ਹੋਈ ਕਿਸਾਨ ਕਲਿਆਣ ਰੈਲੀ ਨੂੰ ਜੇ ਸੰਕੇਤ ਵਜੋਂ ਦੇਖਿਆ ਜਾਵੇ ਤਾਂ ਰਾਜਸੀ ਨੁਕਤਾ ਨਿਗਾਹ ਤੋਂ ਇਹ ਅਕਾਲੀ-ਭਾਜਪਾ ਗੱਠਜੋੜ ਲਈ ਕੋਈ ਸ਼ੁੱਭ ਸੰਕੇਤ ਨਹੀਂ ਦਰਸਾਉਂਦੀ। ਤਿੰਨ ਰਾਜਾਂ ਦੀ ਇਸ ਰੈਲੀ ਨੂੰ ਜੇ ਉਤਸ਼ਾਹ ਤੇ ਭੀੜ ਦੇ ਪੱਖੋਂ ਹੁੰਗਾਰਾ ਕੁੱਝ ਮੱਠਾ ਰਿਹਾ ਤਾਂ ਵਿਰੋਧ ਕਰ ਰਹੇ ਕਿਸਾਨਾਂ ਦੀ ਕਈ ਥਾਂ ਪੁਲਸ ਨਾਲ ਖਿੱਚ ਧੂਹ ਵੀ ਹੁੰਦੀ ਰਹੀ।
ਜਿਵੇਂ ਕਿ ਪਹਿਲਾਂ ਹੀ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਸਨ, ਫ਼ਸਲਾਂ ਦੀ ਘੱਟੋ-ਘੱਟ ਖਰੀਦ ਕੀਮਤ ਵਿੱਚ ਕੀਤੇ ਵਾਧੇ ਤੋਂ ਬਾਅਦ ਹੋਈ ਇਸ ਰੈਲੀ ਦੇ ਬੁਲਾਰਿਆਂ ਭਾਵ ਪ੍ਰਧਾਨ ਮੰਤਰੀ ਤੋਂ ਲੈ ਕੇ ਅਕਾਲੀ-ਭਾਜਪਾ ਗੱਠਜੋੜ ਦੇ ਆਗੂਆਂ ਦਾ ਦਾਰੋਮਦਾਰ ਸਿਰਫ ਤੇ ਸਿਰਫ 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਇਲਾਵਾ ਰਾਜਸਥਾਨ ਅਤੇ ਹਰਿਆਣਾ ਦੀਆਂ ਅਸੰਬਲੀ ਇਲੈਕਸ਼ਨਾਂ ਲਈ ਸਿਆਸੀ ਲਾਭ ਬਟੋਰਨ ਤੱਕ ਸੀਮਤ ਰਿਹਾ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਸਾਨੀ ਨਾਲ ਸੰਬੰਧਤ ਆਪਣੇ ਭਾਸ਼ਣ ਦੀ ਸ਼ੁਰੂਆਤ ਕਾਂਗਰਸ ਪਾਰਟੀ ਖਾਸਕਰ ਨਹਿਰੂ ਗਾਂਧੀ ਖਾਨਦਾਨ ਨੂੰ ਲਪੇਟੇ ਵਿੱਚ ਲੈਣ ਨਾਲ ਕੀਤੀ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਨੇ ਲੰਬੇ ਸਮੇਂ ਦੇ ਆਪਣੇ ਰਾਜ ਕਾਲ ਦੌਰਾਨ ਜੇ ਕੁੱਝ ਕੀਤਾ ਹੈ ਤਾਂ ਉਹ ਸਿਰਫ਼ ਇੱਕੋ ਪਰਵਾਰ ਭਾਵ ਨਹਿਰੂ ਗਾਂਧੀ ਖਾਨਦਾਨ ਨੂੰ ਫਾਇਦਾ ਪਹੁੰਚਾਉਣ ਤੱਕ ਸੀਮਤ ਸੀ। ਮਲੋਟ ਨੂੰ ਕਪਾਹ ਪੱਟੀ ਦਾ ਕੇਂਦਰ ਦਰਸਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਪੰਜਾਬ ਨਾਲ ਉਹਨਾਂ ਦਾ ਵਾਹ-ਵਾਸਤਾ ਕਾਫ਼ੀ ਪੁਰਾਣਾ ਹੈ, ਪਰ ਚਾਲੀ ਮੁਕਤਿਆਂ ਦੀ ਧਰਤੀ 'ਤੇ ਨਤਮਸਤਕ ਹੋਣ ਨੂੰ ਉਹ ਆਪਣੇ ਆਪ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਸ਼ੀਰਵਾਦ ਸਮਝਦੇ ਹਨ।
ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਘੱਟੋ-ਘੱਟ ਖਰੀਦ ਮੁੱਲ ਡੇਢ ਤੋਂ ਦੋ ਗੁਣਾਂ ਵਾਧਾ ਕਰਕੇ ਉਹਨਾਂ ਨੇ ਕਿਸਾਨੀ ਨਾਲ ਕੀਤੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ। ਇੱਥੇ ਹੀ ਬੱਸ ਨਹੀਂ ਉਹ ਇਹ ਵੀ ਕਹਿ ਗਏ ਕਿ 2022 ਤੱਕ ਦੇਸ਼ ਦੀ ਕਿਸਾਨੀ ਨੂੰ ਉਹਨਾਂ ਦੀਆਂ ਫ਼ਸਲਾਂ ਦਾ ਲਾਗਤ ਨਾਲੋਂ ਦੁੱਗਣਾ ਮੁੱਲ ਯਕੀਨੀ ਬਣਾਉਣ ਦੇ ਯਤਨ ਉਹਨਾਂ ਦੀ ਸਰਕਾਰ ਨੇ ਹੁਣੇ ਤੋਂ ਹੀ ਸ਼ੁਰੂ ਕਰ ਦਿੱਤੇ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸਾਨੀ ਦਾ ਮਸੀਹਾ ਕਰਾਰ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਹ ਉਹਨਾਂ ਲਈ ਮਾਰਗ ਦਰਸ਼ਕ ਹਨ।
ਐੱਨ ਡੀ ਏ ਦੇ ਭਾਈਵਾਲਾਂ ਦਾ ਅਤੀਤ ਦੌਰਾਨ ਸੰਬੰਧਾਂ ਵਿੱਚ ਪੈਦਾ ਹੋਈ ਖਟਾਸ ਨੂੰ ਦੂਰ ਕਰਨ ਦੇ ਯਤਨ ਵਜੋਂ ਸ਼ਾਇਦ ਇਹ ਪਹਿਲਾ ਮੌਕਾ ਸੀ, ਜਦੋਂ ਸ੍ਰੀ ਨਰਿੰਦਰ ਮੋਦੀ ਨੇ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਇੱਕ ਮਿੱਤਰ ਵਜੋਂ ਦਰਸਾਇਆ। ਇਸ ਤੋਂ ਪਹਿਲਾਂ ਭਾਜਪਾ ਦੇ ਸੂਬਾਈ ਪ੍ਰਧਾਨ ਸ੍ਰੀ ਸਵੇਤ ਮਲਿਕ ਨੇ ਪ੍ਰਧਾਨ ਮੰਤਰੀ ਨੂੰ ਜੀ ਆਇਆਂ ਕਹਿੰਦਿਆਂ ਉਹਨਾਂ ਦੇ ਮਾਣ ਵਿੱਚ ਕਸੀਦੇ ਪੜ੍ਹਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ।
ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨੀ ਲਈ ਸ੍ਰੀ ਮੋਦੀ ਨੂੰ ਹੁਣ ਤੱਕ ਦੇ ਪ੍ਰਧਾਨ ਮੰਤਰੀਆਂ 'ਚੋਂ ਸਭ ਤੋਂ ਵੱਡਾ ਮਦਦਗਾਰ ਕਰਾਰ ਦਿੰਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਦੁੱਖ-ਦਰਦ ਤੋਂ ਪੂਰੀ ਤਰ੍ਹਾਂ ਜਾਣੂ ਹਨ। ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਸੰਬੋਧਨ ਕੀਤਾ। ਉਸ ਵੇਲੇ ਸਥਿਤੀ ਕਾਫ਼ੀ ਹਾਸੋਹੀਣੀ ਬਣ ਗਈ, ਜਦ ਪ੍ਰਧਾਨ ਮੰਤਰੀ ਨੂੰ ਪਹਿਣਾਈ ਜਾਣ ਵਾਲੀ ਪੱਗ ਨੂੰ ਭਾਜਪਾ ਆਗੂਆਂ ਨੇ ਧਰਤੀ ਵੱਲ ਨੂੰ ਲਟਕਾ ਕੇ ਫੜਿਆ ਹੋਇਆ ਸੀ, ਮੌਕੇ ਨੂੰ ਸੰਭਾਲਦਿਆਂ ਸੁਖਬੀਰ ਬਾਦਲ ਨੇ ਦਖ਼ਲ ਦਿੰਦਿਆਂ ਦਸਤਾਰ ਸਜਾਉਣ ਵਿੱਚ ਆਪਣੇ ਭਾਈਵਾਲਾਂ ਦਾ ਹੱਥ ਵਟਾਇਆ।
ਤਿੰਨ ਰਾਜਾਂ ਦੀ ਭੀੜ ਲਈ ਬਣਾਏ ਪੰਡਾਲ ਵਿੱਚ ਹਾਲਾਂਕਿ ਪ੍ਰਬੰਧਕਾਂ ਨੇ 25 ਹਜ਼ਾਰ ਦੇ ਕਰੀਬ ਕੁਰਸੀਆਂ ਲੁਆਈਆਂ ਹੋਈਆਂ ਸਨ, ਲੇਕਿਨ ਵਰਨਣਯੋਗ ਹਿੱਸਾ ਖਾਲੀ ਹੀ ਰਿਹਾ। ਪ੍ਰਧਾਨ ਮੰਤਰੀ ਦੀ ਆਮਦ ਨੂੰ ਮੁੱਖ ਰੱਖਦਿਆਂ ਕੀਤੇ ਹੋਏ ਸੁਰੱਖਿਆ ਪ੍ਰਬੰਧ ਮਲੋਟ ਦੇ ਕਾਰੋਬਾਰੀਆਂ ਨੂੰ ਕਾਫ਼ੀ ਰੜਕਦੇ ਰਹੇ, ਕਿਉਂਕਿ ਕਰਫਿਊ ਵਰਗੀ ਸਥਿਤੀ ਹੋਣ ਕਾਰਨ ਉਹਨਾਂ ਦੀਆਂ ਦੁਕਾਨਾਂ ਤੇ ਅਦਾਰੇ ਕਾਫ਼ੀ ਲੰਬਾ ਸਮਾਂ ਬੰਦ ਰਹੇ। ਉਤਸ਼ਾਹ ਦੇ ਪੱਖ ਤੋਂ ਵੀ ਰੈਲੀ ਨੂੰ ਹੁੰਗਾਰਾ ਮੱਠਾ ਹੀ ਮਿਲਿਆ, ਕਿਉਂਕਿ ਪ੍ਰਧਾਨ ਮੰਤਰੀ ਤੋਂ ਲੈ ਕੇ ਸੀਨੀਅਰ ਬਾਦਲ ਵੱਲੋਂ ਬੁਲਾਏ ਜੈਕਾਰਿਆਂ ਨੂੰ ਜੋਸ਼ ਭਰਪੂਰ ਉੱਤਰ ਨਹੀਂ ਮਿਲਿਆ।
ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਕਾਰਕੁੰਨਾਂ ਨੇ ਵੀ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਪੁੱਜ ਕੇ ਵਿਰੋਧ ਕਰਨ ਲਈ ਗੰਭੀਰ ਯਤਨ ਕੀਤੇ, ਲੇਕਿਨ ਪੁਲਸ ਨੇ ਉਹਨਾਂ ਨੂੰ ਫ਼ਖਰਸਰ ਥੇੜੀ ਦੇ ਨਜ਼ਦੀਕ ਹੀ ਨਹਿਰ ਦੇ ਪੁਲਾਂ 'ਤੇ ਰੋਕ ਲਿਆ। ਕਿਸਾਨ ਕਾਰਕੁੰਨਾਂ ਦਾ ਖੌਫ਼ ਅੰਤ ਤੱਕ ਰੈਲੀ 'ਤੇ ਭਾਰੂ ਰਿਹਾ, ਕਿਉਂਕਿ ਪੁਲਸ ਨੇ ਕਾਲੇ ਰੰਗ ਦਾ ਕੋਈ ਵੀ ਕੱਪੜਾ ਅੰਦਰ ਨਹੀਂ ਜਾਣ ਦਿੱਤਾ, ਨਤੀਜੇ ਵਜੋਂ ਪੰਡਾਲ ਦੇ ਬਾਹਰ ਹੀ ਕਾਲੇ ਲੀੜਿਆਂ ਦਾ ਢੇਰ ਲੱਗ ਗਿਆ।

225 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper