Latest News
ਸਪੇਨ ਦੀ ਕੰਪਨੀ ਲੁਧਿਆਣਾ 'ਚ ਫੂਡ ਪ੍ਰੋਸੈਸਿੰਗ ਇਕਾਈ ਸਥਾਪਤ ਕਰੇਗੀ

Published on 08 Aug, 2018 11:05 AM.


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਸਪੇਨ ਦੀ ਮੰਨੀ-ਪ੍ਰਮੰਨੀ ਫੂਡ ਪ੍ਰੋਸੈਸਿੰਗ ਕੰਪਨੀ ਕੋਂਗਲੈਡੋਸ ਡੀ ਨਵਾਰਾ ਲਈੇ ਲੁਧਿਆਣਾ ਦੇ ਮਾਛੀਵਾੜਾ ਇਲਾਕੇ ਵਿੱਚ 300 ਕਰੋੜ ਰੁਪਏ ਦੇ ਨਿਵੇਸ਼ ਨਾਲ ਫੂਡ ਪ੍ਰੋਸੈਸਿੰਗ ਇਕਾਈ ਸਥਾਪਤ ਕਰਨ ਵਾਸਤੇ ਸਾਰੇ ਰਾਹ ਪੱਧਰੇ ਹੋ ਗਏ ਹਨ। ਇਸ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਹੋਈ ਇਕ ਮੀਟਿੰਗ ਦੌਰਾਨ ਇਸ ਸਬੰਧੀ ਰੂਪ ਰੇਖਾ ਨੂੰ ਅੰਤਿਮ ਛੋਹ ਦਿੱਤੀ ਗਈ। ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕੰਪਨੀ ਨੇ ਇਸ ਪ੍ਰੋਜੈਕਟ ਬਾਰੇ ਪੰਜਾਬ ਬਿਊਰੋ ਆਫ ਇੰਡਸਟ੍ਰੀਅਲ ਪ੍ਰਮੋਸ਼ਨ (ਪੀ.ਬੀ.ਆਈ.ਪੀ.) ਦੇ ਨਾਲ ਇਕ ਸਹਿਮਤੀ ਪੱਤਰ 'ਤੇ ਹਸਤਾਖ਼ਰ ਕੀਤੇ।
ਇਸ ਸਬੰਧ ਵਿੱਚ ਇਨਵੈਸਟਮੈਂਟ ਪੰਜਾਬ ਸਕੀਮ ਹੇਠ ਆਈ.ਐਫ.ਐਫ.ਸੀ.ਓ. (ਇੰਡੀਅਨ ਫਾਰਮਰਜ਼ ਫੇਰਟਿਲਾਈਜ਼ਰ ਕੋਆਪਰੇਟਿਵ) ਵੱਲੋਂ ਸੁਵਿਧਾ ਪ੍ਰਦਾਨ ਕੀਤੀ ਗਈ। ਕੰਪਨੀ ਦੇ ਡਾਇਰੈਕਟਰ ਜਨਰਲ ਬੈਰਿਟੋ ਜਿਮੇਜ਼ ਅਤੇ ਸਲਾਹਕਾਰ ਇਨੀਗੋ ਸੋਟੋ, ਆਈ.ਐਫ.ਐਫ.ਸੀ.ਓ. ਦੇ ਚੇਅਰਮੈਨ ਬੀ.ਐਸ. ਨਕਈ ਅਤੇ ਐਮ.ਡੀ. ਯੂ.ਐਸ. ਅਵਸਥੀ ਅੱਜ ਮੁੱਖ ਮੰਤਰੀ ਨੂੰ ਮਿਲੇ ਅਤੇ ਇਸ ਪ੍ਰੋਜੈਕਟ ਵਾਸਤੇ ਜ਼ਮੀਨ ਨੂੰ ਅੰਤਿਮ ਰੂਪ ਦਿੱਤਾ। ਇਹ ਪ੍ਰੋਜੈਕਟ ਸਿੱਧੇ ਤੌਰ 'ਤੇ 400 ਵਿਅਕਤੀਆਂ ਅਤੇ ਅਸਿੱਧੇ ਤੌਰ 'ਤੇ 5000 ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ।
ਇਸ ਤੋਂ ਪਹਿਲਾਂ ਕੰਪਨੀ ਨੇ ਆਈ.ਐਫ.ਐਫ.ਸੀ.ਓ. ਨਾਲ ਮਿਲ ਕੇ ਇਸ ਪ੍ਰੋਜੈਕਟ ਵਾਸਤੇ ਦੋ ਥਾਵਾਂ ਦੀ ਚੋਣ ਕੀਤੀ ਸੀ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਇਸ ਸਾਲ ਦੇ ਅਖੀਰ ਵਿੱਚ ਰੱਖੇ ਜਾਣ ਦੀ ਸੰÎਭਾਵਨਾ ਹੈ ਅਤੇ ਇਸ ਤੋਂ ਬਾਅਦ 18 ਮਹੀਨਿਆਂ ਵਿੱਚ ਏਥੋਂ ਉਤਪਾਦਨ ਸ਼ੁਰੂ ਹੋ ਜਾਵੇਗਾ। ਇਸ ਵਿੱਚ ਫਰੋਜ਼ਨ ਆਲੂਆਂ, ਮਟਰਾਂ ਅਤੇ ਫੁੱਲਗੋਭੀ 'ਤੇ ਕੇਂਦਰਿਤ ਕੀਤਾ ਜਾਵੇਗਾ। ਕੰਪਨੀ ਵੱਲੋਂ ਇਸ ਇਕਾਈ ਵਿੱਚ ਪ੍ਰਭਾਵੀ ਆਰ. ਐਂਡ ਡੀ. ਵਿਕਸਿਤ ਕੀਤਾ ਜਾਵੇਗਾ। ਸ਼ਾਇਦ ਇਸ ਖੇਤਰ ਵਿੱਚ ਖੋਜ਼ 'ਤੇ ਨਿਵੇਸ਼ ਕਰਨ ਵਾਲੀ ਇਹ ਪਹਿਲੀ ਕੰਪਨੀ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ 220 ਮਿਲੀਅਨ ਡਾਲਰ ਵਾਲੀ ਇਸ ਕੰਪਨੀ ਕੋਂਗਲੈਡੋਸ ਡੀ ਨਵਾਰਾ ਨੇ ਆਪਣੇ ਅਧਿਐਨ ਦੌਰਾਨ ਸੰਭਾਵਨਾਵਾਂ ਦਾ ਪਤਾ ਲਗਾਇਆ ਹੈ। ਇਹ ਵਿਅਕਤੀਗਤ ਤੌਰ 'ਤੇ ਕਵਿਕ ਫਰੋਜ਼ਨ (ਆਈ.ਕਿਊ.ਐਫ.) ਤਕਨਾਲੋਜੀ ਵਿੱਚ ਮੋਹਰੀ ਹੈ। ਇਹ ਕੰਪਨੀ ਪਹਿਲਾਂ ਹੀ ਸਬਜ਼ੀਆਂ, ਫਲਾਂ, ਜੜੀ-ਬੂਟੀਆਂ ਅਤੇ ਪੱਕੇ-ਪਕਾਏ ਖਾਣੇ ਦੀ ਪ੍ਰੋਸੈਸਿੰਗ ਕਰਦੀ ਹੈ।
ਮੁੱਖ ਮੰਤਰੀ ਨੇ ਪੀ.ਬੀ.ਆਈ.ਪੀ. ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸੀ.ਐਲ.ਯੂ. ਤੇਜ਼ੀ ਨਾਲ ਕਰਵਾਉਣ ਲਈ ਕੰਪਨੀ ਨੂੰ ਸੁਵਿਧਾ ਮੁਹੱਈਆ ਕਰਵਾਏ ਤਾਂ ਜੋ ਇਹ ਪ੍ਰੋਜੈਕਟ ਜਲਦੀ ਤੋਂ ਜਲਦੀ ਸ਼ੁਰੂ ਹੋ ਸਕੇ। ਪੀ.ਬੀ.ਆਈ.ਪੀ. ਪਾਣੀ ਦੇ ਲਿੰਕੇਜ਼ ਲਈ ਵੀ ਸਹੂਲਤ ਮੁਹੱਈਆ ਕਰਵਾਏਗੀ। ਇਸ ਖੇਤਰ ਵਿੱਚ ਬਿਜਲੀ ਪਹਿਲਾਂ ਹੀ ਉਪਲਬਧ ਹੈ ਅਤੇ ਜ਼ਰੂਰੀ ਸਪਲਾਈ ਪੀ.ਐਸ.ਪੀ.ਸੀ.ਐਲ. ਵੱਲੋਂ ਨਿਵੇਸ਼ਕਾਂ ਦੀ ਲਾਗਤ 'ਤੇ ਮੁਹੱਈਆ ਕਰਵਾਈ ਜਾਵੇਗੀ।

813 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper