Latest News
ਮਿਲਾਵਟਖੋਰੀ ਤੇ ਸਿਹਤ ਮਹਿਕਮਾ

Published on 28 Aug, 2018 10:03 AM.


ਪਿਛਲੇ ਦਿਨੀਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਤੋਂ ਸਿਹਤ ਮਹਿਕਮੇ ਤੇ ਪੁਲਸ ਦੇ ਅਧਿਕਾਰੀਆਂ ਵੱਲੋਂ ਸਾਂਝੇ ਤੌਰ ਉੱਤੇ ਛਾਪੇਮਾਰੀ ਦੌਰਾਨ ਪੰਦਰਾਂ ਦਿਨਾਂ ਵਿੱਚ ਹੀ ਅਠਾਈ ਸੌ ਕੁਇੰਟਲ ਦੇ ਕਰੀਬ ਨਕਲੀ ਪਨੀਰ, ਕਈ ਸੌ ਕੁਇੰਟਲ ਸਕਿਮਡ ਮਿਲਕ, ਸੱਤ ਸੌ ਕੁਇੰਟਲ ਖੋਆ, ਇੱਕ ਹਜ਼ਾਰ ਕੁਇੰਟਲ ਦੇਸੀ ਘਿਉ ਤੇ ਨੌਂ ਸੌ ਚਾਰ ਕੁਇੰਟਲ ਦੇ ਕਰੀਬ ਦੁੱਧ ਤੋਂ ਬਣੀਆਂ ਵਸਤਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਹ ਗੱਲ ਸਪੱਸ਼ਟ ਤੌਰ ਉੱਤੇ ਸਾਹਮਣੇ ਆ ਗਈ ਹੈ ਕਿ ਖ਼ੁਰਾਕੀ ਤੇ ਖ਼ਾਸ ਕਰ ਕੇ ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਦੀ ਮਿਲਾਵਟ ਪੰਜਾਬ ਦੇ ਵਸਨੀਕਾਂ ਲਈ ਜਾਨ ਦਾ ਖੌਅ ਬਣਦੀ ਜਾ ਰਹੀ ਹੈ।
ਪੰਜਾਬ ਦੇਸ ਵਿੱਚ ਦੁੱਧ ਪੈਦਾ ਕਰਨ ਵਾਲਾ ਅਹਿਮ ਰਾਜ ਹੈ। ਪਸ਼ੂ ਪਾਲਣ ਵਿਭਾਗ ਦੇ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਬਵੰਜਾ ਲੱਖ ਮੱਝਾਂ ਤੇ ਇੱਕੀ ਲੱਖ ਗਊਆਂ ਦੁੱਧ ਦੇਣ ਵਾਲੀਆਂ ਹਨ। ਰਾਜ ਰੋਜ਼ਾਨਾ ਤਿੰਨ ਸੌ ਸੱਠ ਲੱਖ ਲਿਟਰ ਦੁੱਧ ਪੈਦਾ ਕਰਦਾ ਹੈ। ਇਸ ਦੇ ਬਾਵਜੂਦ ਲੋਕਾਂ ਨੂੰ ਦੁੱਧ ਤੇ ਦੁੱਧ ਤੋਂ ਬਣੀਆਂ ਮਿਲਾਵਟੀ ਵਸਤਾਂ ਦੀ ਵਰਤੋਂ ਕਰਨੀ ਪੈ ਰਹੀ ਹੈ।
ਇਹ ਧੰਦਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਸੀ। ਸਮੇਂ-ਸਮੇਂ 'ਤੇ ਇੱਕਾ-ਦੁੱਕਾ ਥਾਂਵਾਂ 'ਤੇ ਸੈਂਪਲ ਵੀ ਭਰੇ ਜਾਂਦੇ ਸਨ, ਪਰ ਇਹ ਧੰਦਾ ਇਸ ਕਰ ਕੇ ਵਧ-ਫੁੱਲ ਰਿਹਾ ਸੀ, ਕਿਉਂਕਿ ਮਿਲਾਵਟਖੋਰਾਂ, ਸਿਹਤ ਮਹਿਕਮੇ ਦੇ ਸੈਂਪਲ ਭਰਨ ਵਾਲੇ ਅਧਿਕਾਰੀਆਂ ਤੇ ਖਰੜ ਵਿਚਲੀ ਜਾਂਚ ਕਰਨ ਵਾਲੀ ਲੈਬਾਰਟਰੀ ਦੇ ਅਹਿਲਕਾਰਾਂ ਦੀ ਮਿਲੀ-ਭੁਗਤ ਕਾਰਨ ਮਿਲਾਵਟ ਵਾਲੇ ਸੈਂਪਲ ਵੀ ਸਹੀ ਕਰਾਰ ਦੇ ਦਿੱਤੇ ਜਾਂਦੇ ਸਨ। ਇਸ ਬਾਰੇ ਖੁਲਾਸਾ ਉਦੋਂ ਹੋਇਆ, ਜਦੋਂ ਸੈਂਪਲ ਭਰਨ ਗਏ ਸਿਹਤ ਮਹਿਕਮੇ ਤੇ ਪੁਲਸ ਦੇ ਅਧਿਕਾਰੀਆਂ ਸਾਹਮਣੇ ਨਕਲੀ ਪਨੀਰ ਬਣਾਉਣ ਵਾਲੇ ਅਦਾਰੇ ਦੇ ਮੁਲਾਜ਼ਮਾਂ ਤੇ ਮਾਲ ਵੇਚਣ ਵਾਲੇ ਡੀਲਰਾਂ ਨੇ ਦੱਸਿਆ ਕਿ ਉਹ ਹਰ ਮਹੀਨੇ ਸਿਹਤ ਮਹਿਕਮੇ ਦੇ ਸੈਂਪਲ ਭਰਨ ਵਾਲੇ ਅਧਿਕਾਰੀਆਂ ਨੂੰ ਪੰਜ ਹਜ਼ਾਰ ਰੁਪਏ ਮਹੀਨਾ ਅਦਾ ਕਰਦੇ ਹਨ। ਜੇ ਸੈਂਪਲ ਭਰਿਆ ਜਾਵੇ ਤਾਂ ਖਰੜ ਵਿਚਲੀ ਲੈਬਾਰਟਰੀ ਤੋਂ ਪਾਸ ਕਰਵਾਉਣ ਲਈ ਦਸ ਜਾਂ ਪੰਦਰਾਂ ਹਜ਼ਾਰ ਰੁਪਏ ਅਦਾ ਕਰਨੇ ਪੈਂਦੇ ਹਨ। ਸੈਂਪਲ ਆਮ ਕਰ ਕੇ ਓਦੋਂ ਹੀ ਭਰਿਆ ਜਾਂਦਾ ਹੈ, ਜਦੋਂ ਮਹੀਨਾ ਭਰਨ ਵਿੱਚ ਦੇਰੀ ਹੋ ਜਾਵੇ। ਪਿਛਲੇ ਤਿੰਨ ਸਾਲਾਂ ਤੋਂ ਏਥੋਂ ਜਿੰਨੇ ਵੀ ਸੈਂਪਲ ਗਏ ਹਨ, ਸਾਰੇ ਲੈਬਾਰਟਰੀ ਵਾਲਿਆਂ ਵੱਲੋਂ ਜੇਬ ਗਰਮ ਕਰਨ 'ਤੇ ਪਾਸ ਹੁੰਦੇ ਰਹੇ ਹਨ।
ਮਿਲਾਵਟਖੋਰੀ ਦਾ ਇਹ ਧੰਦਾ ਨਿਰੰਤਰ ਚੱਲ ਰਿਹਾ ਸੀ, ਪਰ ਇਸ ਨੂੰ ਰੋਕਣ ਦਾ ਉਪਰਾਲਾ ਓਦੋਂ ਹੀ ਸ਼ੁਰੂ ਹੋਇਆ, ਜਦੋਂ ਨਵੇਂ ਨਿਯੁਕਤ ਹੋਏ ਫ਼ੂਡ ਸੇਫ਼ਟੀ ਕਮਿਸ਼ਨਰ ਕਾਹਨ ਸਿੰਘ ਪਨੂੰ ਨੇ ਮਿਲਾਵਟਖੋਰਾਂ ਵਿਰੁੱਧ ਪੂਰੇ ਪੰਜਾਬ ਵਿੱਚ ਮੁਹਿੰਮ ਲਾਮਬੰਦ ਕੀਤੀ। ਇਸ ਛਾਪੇਮਾਰੀ ਦੌਰਾਨ ਜਿੰਨੀ ਵੱਡੀ ਮਿਕਦਾਰ ਵਿੱਚ ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਫੜੀਆਂ ਗਈਆਂ ਹਨ, ਉਸ ਤੋਂ ਇਹ ਗੱਲ ਝੱਟ ਸਾਹਮਣੇ ਆ ਜਾਂਦੀ ਹੈ ਕਿ ਮੁਨਾਫ਼ੇ ਦੀ ਲਾਲਸਾ ਨਾਲ ਡੰਗੇ ਭੱਦਰ-ਪੁਰਸ਼ਾਂ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ। ਕਾਹਨ ਸਿੰਘ ਪਨੂੰ ਨੇ ਤਾਂ ਇਹ ਗੱਲ ਵੀ ਕਹੀ ਹੈ ਕਿ ਮਿਲਾਵਟਖੋਰੀ ਪੰਜਾਬ ਦੇ ਲੋਕਾਂ ਲਈ ਨਸ਼ਾਖੋਰੀ ਤੋਂ ਵੀ ਵੱਧ ਘਾਤਕ ਸਿੱਧ ਹੋ ਰਹੀ ਹੈ, ਕਿਉਂਕਿ ਦੁੱਧ ਤੇ ਦੁੱਧ ਤੋਂ ਬਣੀਆਂ ਵਸਤਾਂ ਤਕਰੀਬਨ ਸਾਰੇ ਲੋਕ ਵਰਤਦੇ ਹਨ। ਪੰਜਾਬੀਆਂ ਦੇ ਖਾਣ-ਪਾਣ ਵਿੱਚ ਦੁੱਧ, ਘਿਓ, ਮੱਖਣ ਆਦਿ ਦਾ ਖ਼ਾਸ ਸਥਾਨ ਹੈ। ਦਿਨ-ਤਿਉਹਾਰਾਂ ਤੇ ਵਿਆਹ-ਸ਼ਾਦੀਆਂ ਵਿੱਚ ਤਾਂ ਇਹਨਾਂ ਵਸਤਾਂ ਦੀ ਰੱਜ ਕੇ ਵਰਤੋਂ ਕੀਤੀ ਜਾਂਦੀ ਹੈ।
ਹੁਣ ਜਦੋਂ ਇਹ ਮਾਮਲਾ ਇੱਕ ਵਿਧਾਨਕਾਰ ਵੱਲੋਂ ਵਿਧਾਨ ਸਭਾ ਵਿੱਚ ਸੁਆਲ ਦੇ ਰੂਪ ਵਿੱਚ ਉਠਾਇਆ ਗਿਆ ਤਾਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਇਹ ਕਹਿ ਕੇ ਬੁੱਤਾ ਸਾਰਨ ਦਾ ਜਤਨ ਕੀਤਾ ਕਿ ਮਿਲਾਵਟਖੋਰੀ ਵਿਰੁੱਧ ਕਨੂੰਨ ਨੂੰ ਹੋਰ ਸਖ਼ਤ ਬਣਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਤੇ ਖਰੜ ਵਿਚਲੀ ਲੈਬਾਰਟਰੀ ਨੂੰ ਅੱਪ-ਗਰੇਡ ਕਰਨ ਲਈ ਪੰਦਰਾਂ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਹ ਗੱਲ ਵੀ ਯਕੀਨੀ ਬਣਾਈ ਜਾਵੇਗੀ ਕਿ ਜਿਹੜੇ ਵੀ ਅਧਿਕਾਰੀ ਮਿਲਾਵਟਖੋਰਾਂ ਨਾਲ ਸਾਂਝ-ਭਿਆਲੀ ਕਰਨਗੇ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਗੱਲ ਸਭ ਲੋਕ ਜਾਣਦੇ ਹਨ ਕਿ ਨਵੇਂ ਫ਼ੂਡ ਸੇਫਟੀ ਐਕਟ ਦੀਆਂ ਵਿਵਸਥਾਵਾਂ 'ਤੇ ਪੂਰੀ ਤਰ੍ਹਾਂ ਅਮਲ ਕਰਵਾਇਆ ਜਾਵੇ ਤਾਂ ਮਿਲਾਵਟਖੋਰੀ ਨੂੰ ਨਿਸ਼ਚੇ ਹੀ ਨੱਥ ਪਾਈ ਜਾ ਸਕਦੀ ਹੈ, ਪਰ ਅਜਿਹਾ ਹੋਵੇਗਾ ਤਾਂ ਹੀ, ਜੇ ਸਾਡੇ ਸਿਆਸੀ ਸ਼ਾਸਕ ਦ੍ਰਿੜ੍ਹ ਇੱਛਾ ਸ਼ਕਤੀ ਦੇ ਧਾਰਨੀ ਹੋਣ ਦਾ ਸਬੂਤ ਦੇਣ।

1411 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper