ਨਵੀਂ ਦਿੱਲੀ, (ਨਵਾਂ ਜ਼ਮਾਨਾ ਸਰਵਿਸ)
ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਨੋਟਬੰਦੀ ਦੇ ਦੌਰਾਨ ਬੰਦ ਹੋਏ ਲੱਗਭੱਗ ਸਾਰੇ ਪੁਰਾਣੇ ਨੋਟ ਵਾਪਸ ਆ ਚੁੱਕੇ ਹਨ। ਆਰ ਬੀ ਆਈ ਨੇ ਆਪਣੀ ਸਾਲਾਨਾ ਜਨਰਲ ਰਿਪੋਰਟ ਜਾਰੀ ਕੀਤੀ ਹੈ। ਇਸ 'ਚ ਉਸ ਨੇ ਕਿਹਾ ਕਿ ਕੁੱਲ 99.30 ਫੀਸਦੀ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਵਾਪਸ ਆ ਚੁੱਕੇ ਹਨ। ਆਰ ਬੀ ਆਈ ਦੀ ਸਾਲਾਨਾ ਰਿਪੋਰਟ 'ਚ ਇਨ੍ਹਾਂ ਨੋਟਾਂ ਦਾ ਪੂਰਾ ਲੇਖਾ ਜੋਖਾ ਦਿੱਤਾ ਗਿਆ ਹੈ। ਆਰ ਬੀ ਆਈ ਸਾਲਾਨਾ ਰਿਪੋਰਟ 'ਚ ਦੱਸਿਆ ਗਿਆ ਹੈ, 'ਸਪੈਸੀਫਾਈਡ ਬੈਂਕ ਨੋਟ (ਐੱਸ ਬੀ ਐੱਨ ਐੱਸ) ਦੀ ਪ੍ਰੋਸੈਸਿੰਗ ਦਾ ਕੰਮ ਆਰ ਬੀ ਆਈ ਦੇ ਸਾਰੇ ਕੇਂਦਰਾਂ 'ਚ ਪੂਰਾ ਹੋ ਚੁੱਕਾ ਹੈ। ਸਰਕੂਲੇਸ਼ਨ ਤੋਂ ਕੁੱਲ 15,310.73 ਅਰਬ ਰੁਪਏ ਦੀ ਕੀਮਤ ਵਾਲੇ ਪੁਰਾਣੇ ਨੋਟ ਵਾਪਸ ਆਏ ਹਨ।'
ਭਾਰਤੀ ਰਿਜ਼ਰਵ ਬੈਂਕ ਨੇ ਦੱਸਿਆ ਕਿ 8 ਨਵੰਬਰ 2016 ਨੂੰ 15,417.93 ਅਰਬ ਰੁਪਏ ਦੀ ਕੀਮਤ ਦੇ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਸਰਕੂਲੇਸ਼ਨ 'ਚ ਸਨ। ਇਸ ਤੋਂ ਬਾਅਦ ਇਨ੍ਹਾਂ 'ਚੋਂ ਜਿੰਨੇ ਨੋਟ ਵਾਪਸ ਆਏ ਹਨ, ਉਨ੍ਹਾਂ ਦੀ ਕੁੱਲ ਕੀਮਤ 15,310.73 ਅਰਬ ਰੁਪਏ ਹਨ।
8 ਨਵੰਬਰ ਦੀ ਰਾਤ ਤੋਂ ਪੁਰਾਣੇ ਨੋਟ ਬੰਦ ਹੋ ਗਏ ਸਨ। ਨੋਟਬੰਦੀ ਤੋਂ ਬਾਅਦ ਲਗਾਤਾਰ ਆਰ ਬੀ ਆਈ ਨੋਟਾਂ ਦੀ ਗਿਣਤੀ ਕਰਨ 'ਚ ਲੱਗੀ ਹੋਈ ਸੀ। ਨੋਟਬੰਦੀ ਨੂੰ ਲੈ ਕੇ ਵਿਰੋਧੀ ਲਗਾਤਾਰ ਮੋਦੀ ਸਰਕਾਰ 'ਤੇ ਹਮਲਾ ਕਰ ਰਹੇ ਹਨ। ਇਸ ਨੂੰ ਲੈ ਕੇ ਵਿਰੋਧੀ ਹਮੇਸ਼ਾ ਹਮਲਾਵਰ ਰਿਹਾ ਹੈ ਕਿ ਨੋਟਬੰਦੀ ਕਾਰਨ ਕਾਲਾ ਧਨ ਤਾਂ ਵਾਪਸ ਨਹੀਂ ਆਇਆ, ਪਰ ਇਸ ਨਾਲ ਆਮ ਜਨਤਾ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਉਥੇ ਸਰਕਾਰ ਹਮੇਸ਼ਾ ਇਸ ਨੂੰ ਸਫ਼ਲ ਦੱਸਦੀ ਰਹੀ ਹੈ।