Latest News
ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਿਹਾ ਵਾਧਾ

Published on 02 Sep, 2018 09:49 AM.


ਸਾਡੇ ਮੌਜੂਦਾ ਕੇਂਦਰੀ ਸ਼ਾਸਕ ਇਹ ਦਾਅਵਾ ਹੀ ਨਹੀਂ ਕਰਦੇ ਕਿ ਸਾਡੀ ਸਰਕਾਰ ਦੀ ਕਾਰਗੁਜ਼ਾਰੀ ਪਿਛਲੀ ਯੂ ਪੀ ਏ ਦੀ ਸਰਕਾਰ ਤੋਂ ਹਰ ਪੱਖੋਂ ਬਿਹਤਰ ਹੈ, ਸਗੋਂ ਇਹ ਵੀ ਕਹਿਣ ਲੱਗ ਪਏ ਹਨ ਕਿ ਪਿਛਲੇ ਸੱਤਰ ਸਾਲਾਂ ਵਿੱਚ ਜੋ ਕੁਝ ਨਹੀਂ ਹੋਇਆ, ਉਹ ਅਸੀਂ ਕਰ ਵਿਖਾਇਆ ਹੈ। ਜੇ ਜ਼ਮੀਨੀ ਹਕੀਕਤਾਂ ਨੂੰ ਘੋਖਿਆ-ਪਰਖਿਆ ਜਾਵੇ ਤਾਂ ਉਹਨਾਂ ਦੇ ਇਹ ਦਾਅਵੇ ਨਿਰਾਧਾਰ ਹੀ ਨਜ਼ਰ ਆਉਂਦੇ ਹਨ।
ਅੱਜ ਕਿਹਾ ਤਾਂ ਇਹ ਜਾ ਰਿਹਾ ਹੈ ਕਿ ਭਾਰਤ ਸੰਸਾਰ ਦੀ ਛੇਵੀਂ ਵੱਡੀ ਆਰਥਿਕਤਾ ਬਣ ਕੇ ਉੱਭਰ ਆਇਆ ਹੈ, ਪਰ ਪਿਛਲੇ ਇੱਕ ਸਾਲ ਵਿੱਚ ਹੀ ਡਾਲਰ ਤੇ ਦੂਜੀਆਂ ਬਦੇਸ਼ੀ ਕਰੰਸੀਆਂ ਦੇ ਮੁਕਾਬਲੇ ਵਿੱਚ ਰੁਪਏ ਦੀ ਕੀਮਤ 10.2 ਫ਼ੀਸਦੀ ਘਟ ਗਈ ਹੈ। ਬੀਤੇ ਦਿਨ ਕਰੰਸੀ ਬਾਜ਼ਾਰ ਵਿੱਚ ਇੱਕ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਇਕੱਤਰ ਰੁਪਏ ਅੰਗੀ ਗਈ। ਮਾਹਰਾਂ ਦਾ ਕਹਿਣਾ ਹੈ ਕਿ ਜੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਰੁਝਾਨ ਜਾਰੀ ਰਹਿੰਦਾ ਹੈ ਤਾਂ ਰੁਪਏ ਦੀ ਕੀਮਤ ਹੋਰ ਵੀ ਘਟ ਜਾਵੇਗੀ। ਪਿਛਲੇ ਕੁਝ ਅਰਸੇ ਤੋਂ ਬਰਾਮਦਾਂ ਦੇ ਮੁਕਾਬਲੇ ਦਰਾਮਦਾਂ ਵਧ ਰਹੀਆਂ ਹਨ ਤੇ ਸਾਡਾ ਬਦੇਸ਼ੀ ਸਿੱਕੇ ਦਾ ਭੰਡਾਰ 442 ਬਿਲੀਅਨ ਡਾਲਰ ਤੋਂ ਘਟ ਕੇ 420 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਰੁਪਏ ਦੀ ਕਦਰ-ਘਟਾਈ ਦੀ ਕੀਮਤ ਆਮ ਲੋਕਾਂ ਨੂੰ ਵੀ ਤਾਰਨੀ ਪੈ ਰਹੀ ਹੈ।
ਯੂ ਪੀ ਏ ਦੀ ਸਰਕਾਰ ਸਮੇਂ ਮਾਰਚ 2012 ਵਿੱਚ ਕੱਚੇ ਤੇਲ ਦੀ ਕੀਮਤ 123.61 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਸੀ, ਪਰ ਖ਼ਪਤਕਾਰਾਂ ਨੂੰ ਪੈਟਰੋਲ 65 ਰੁਪਏ 64 ਪੈਸੇ ਤੇ ਡੀਜ਼ਲ 40 ਰੁਪਏ 91 ਪੈਸੇ ਪ੍ਰਤੀ ਲਿਟਰ ਦੀ ਦਰ ਨਾਲ ਮਿਲਦਾ ਰਿਹਾ ਸੀ। ਹੁਣ ਜਦੋਂ ਮੋਦੀ ਸਰਕਾਰ ਦੇ ਸਮੇਂ ਕੱਚੇ ਤੇਲ ਦੀ ਪ੍ਰਤੀ ਬੈਰਲ ਕੀਮਤ 73.47 ਡਾਲਰ ਹੈ ਤਾਂ ਖ਼ਪਤਕਾਰਾਂ ਨੂੰ ਪੈਟਰੋਲ ਤੇ ਡੀਜ਼ਲ ਪਹਿਲਾਂ ਨਾਲੋਂ ਵੀ ਵੱਧ ਕੀਮਤ 'ਤੇ ਮਿਲ ਰਿਹਾ ਹੈ। ਪੰਜਾਬ ਦੇ ਸ਼ਹਿਰਾਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਬਠਿੰਡਾ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਕ੍ਰਮਵਾਰ 83 ਰੁਪਏ 79 ਪੈਸੇ, 70 ਰੁਪਏ 07 ਪੈਸੇ; 84 ਰੁਪਏ 32 ਪੈਸੇ, 70 ਰੁਪਏ 53 ਪੈਸੇ; 84 ਰੁਪਏ 18 ਪੈਸੇ, 70 ਰੁਪਏ 40 ਪੈਸੇ ਤੇ 83 ਰੁਪਏ 60 ਪੈਸੇ, 69 ਰੁਪਏ 89 ਪੈਸੇ ਹੈ। ਦੇਸ ਦੀ ਆਰਥਕ ਰਾਜਧਾਨੀ ਮੁੰਬਈ ਵਿੱਚ ਤਾਂ ਖ਼ਪਤਕਾਰਾਂ ਨੂੰ ਪੈਟਰੋਲ 86 ਰੁਪਏ 24 ਪੈਸੇ ਪ੍ਰਤੀ ਲਿਟਰ ਹਾਸਲ ਕਰਨਾ ਪੈ ਰਿਹਾ ਹੈ। ਇਹੋ ਨਹੀਂ, ਰਸੋਈ ਗੈਸ ਦੀ ਕੀਮਤ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰ ਨੇ ਇਸ ਮੱਦ ਤੋਂ ਪਿਛਲੇ ਚਾਰ ਸਾਲਾਂ ਤੋਂ ਵੱਧ ਦੇ ਸ਼ਾਸਨ ਦੌਰਾਨ ਗਿਆਰਾਂ ਲੱਖ ਕਰੋੜ ਰੁਪਏ ਹਾਸਲ ਕੀਤੇ ਹਨ।
ਏਥੇ ਇਹ ਗੱਲ ਵਰਨਣ ਯੋਗ ਹੈ ਕਿ ਨਰਿੰਦਰ ਮੋਦੀ ਦੇ ਸ਼ਾਸਨ ਸੰਭਾਲਣ ਮਗਰੋਂ ਜਦੋਂ ਕੱਚੇ ਤੇਲ ਦੀਆਂ ਕੀਮਤਾਂ 30-35 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਸਨ, ਤਦ ਵੀ ਖ਼ਪਤਕਾਰਾਂ ਨੂੰ ਪੈਟਰੋਲੀਅਮ ਪਦਾਰਥ ਸਸਤੀਆਂ ਕੀਮਤਾਂ 'ਤੇ ਪ੍ਰਾਪਤ ਕਰਵਾਉਣ ਦੀ ਥਾਂ ਕੇਂਦਰ ਸਰਕਾਰ ਨੇ ਦਰਾਮਦੀ ਤੇ ਪੈਦਾਵਾਰੀ ਡਿਊਟੀਆਂ ਵਿੱਚ ਵਾਧਾ ਕਰ ਕੇ ਆਪਣਾ ਖ਼ਜ਼ਾਨਾ ਭਰਨ ਨੂੰ ਪਹਿਲ ਦੇਈ ਰੱਖੀ। ਰਾਜ ਸਰਕਾਰਾਂ ਨੇ ਵੀ ਟੈਕਸਾਂ ਵਿੱਚ ਕੋਈ ਕਟੌਤੀ ਕਰਨ ਦੀ ਥਾਂ ਉਹਨਾਂ ਵਿੱਚ ਵਾਧਾ ਹੀ ਕੀਤਾ। ਸਰਕਾਰ ਪੈਟਰੋਲੀਅਮ ਪਦਾਰਥਾਂ 'ਤੇ ਲੱਗਣ ਵਾਲੇ ਟੈਕਸਾਂ ਵਿੱਚ ਕਮੀ ਕਰ ਕੇ ਖ਼ਪਤਕਾਰਾਂ ਨੂੰ ਕੋਈ ਰਾਹਤ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਰਹੀ ਹੈ ਕਿ ਇਸ ਤੋਂ ਜਿਹੜੀ ਵਾਧੂ ਆਮਦਨ ਹੋ ਰਹੀ ਹੈ, ਉਸ ਦੀ ਵਰਤੋਂ ਵਿਕਾਸ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਲਈ ਕੀਤੀ ਜਾ ਰਹੀ ਹੈ। ਮੁੱਢਲੇ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤੇ ਨਵੀਂਆਂ ਕੌਮੀ ਸ਼ਾਹਰਾਵਾਂ ਉਸਾਰੀਆਂ ਜਾ ਰਹੀਆਂ ਹਨ।
ਪੈਟਰੋਲੀਅਮ ਪਦਾਰਥਾਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਖ਼ਪਤਕਾਰਾਂ ਨੂੰ ਦੋਹਰੀ-ਤੀਹਰੀ ਮਾਰ ਝੱਲਣੀ ਪੈ ਰਹੀ ਹੈ। ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਕੇਵਲ ਕਿਸਾਨ ਹੀ ਪਰੇਸ਼ਾਨ ਨਹੀਂ, ਸਗੋਂ ਆਵਾਜਾਈ ਦਾ ਮੁੱਖ ਸਾਧਨ ਰੋਡ ਟਰਾਂਸਪੋਰਟ ਵੀ ਇਸ ਦੀ ਮਾਰ ਝੱਲ ਰਿਹਾ ਹੈ। ਢੋਆ-ਢੁਆਈ ਦੀਆਂ ਦਰਾਂ ਵਧਣ ਕਾਰਨ ਆਮ ਵਸਤਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ। ਇੰਡੀਅਨ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਅਹਿਲਕਾਰਾਂ ਦਾ ਕਹਿਣਾ ਹੈ ਕਿ ਜੇ ਡੀਜ਼ਲ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਪੰਜਾਹ ਲੱਖ ਦੇ ਕਰੀਬ ਟਰੱਕ ਮਾਲਕਾਂ ਲਈ ਬੈਂਕਾਂ ਤੋਂ ਟਰੱਕਾਂ ਦੀ ਖ਼ਰੀਦ ਲਈ ਹਾਸਲ ਕੀਤੇ ਕਰਜ਼ੇ ਦੀਆਂ ਕਿਸ਼ਤਾਂ ਤਾਰਨੀਆਂ ਮੁਸ਼ਕਲ ਹੋ ਜਾਣਗੀਆਂ ਤੇ ਬੈਂਕਾਂ ਦਾ ਐੱਨ ਪੀ ਏ ਵੀ ਵਧੇਗਾ।
ਕੇਂਦਰੀ ਸ਼ਾਸਕ ਹਨ ਕਿ ਉਹ ਹਰ ਰੋਜ਼ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਾਈ ਜਾ ਰਹੇ ਹਨ। ਦੋਸ਼-ਮੁਕਤ ਹੋਣ ਲਈ ਬਹਾਨਾ ਉਹ ਇਹ ਪੇਸ਼ ਕਰ ਰਹੇ ਹਨ ਕਿ ਸਰਕਾਰ ਨੇ ਤੇਲ ਕੰਪਨੀਆਂ ਨੂੰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਕੱਚੇ ਤੇਲ ਦੀਆਂ ਕੀਮਤਾਂ ਦੇ ਮੁਤਾਬਕ ਵਧਾਉਣ-ਘਟਾਉਣ ਦਾ ਅਧਿਕਾਰ ਦੇ ਰੱਖਿਆ ਹੈ। ਉਹਨਾਂ ਦੀ ਇਹ ਦਲੀਲ ਵੀ ਓਦੋਂ ਥੋਥੀ ਸਿੱਧ ਹੋਈ, ਜਦੋਂ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਸਮੇਂ ਅਠਾਰਾਂ ਦਿਨਾਂ ਤੱਕ ਲਗਾਤਾਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੋਈ ਘਾਟਾ-ਵਾਧਾ ਨਾ ਕੀਤਾ ਗਿਆ।
ਸਮਾਂ ਰਹਿੰਦੇ ਜੇ ਸਰਕਾਰ ਨੇ ਖ਼ਪਤਕਾਰਾਂ ਨੂੰ ਕੋਈ ਰਾਹਤ ਦੇਣ ਦਾ ਉਪਰਾਲਾ ਨਾ ਕੀਤਾ ਤਾਂ ਉਸ ਨੂੰ ਚੋਣਾਂ ਸਮੇਂ ਇਸ ਦੀ ਭਾਰੀ ਕੀਮਤ ਤਾਰਨੀ ਪੈ ਸਕਦੀ ਹੈ, ਕਿਉਂਕਿ ਪਾਣੀ ਹੁਣ ਸਿਰ ਤੋਂ ਲੰਘ ਚੁੱਕਾ ਹੈ।

1357 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper