ਸਾਡੇ ਸ਼ਾਸਕ ਦਾਅਵੇ ਇਹ ਕਰਦੇ ਹਨ ਕਿ ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਹਰ ਪੰਜ ਸਾਲਾਂ ਬਾਅਦ ਕੇਂਦਰ ਤੇ ਰਾਜਾਂ ਵਿੱਚ ਲੋਕਾਂ ਵੱਲੋਂ ਚੁਣੀਆਂ ਹੋਈਆਂ ਸਰਕਾਰਾਂ ਸੱਤਾ ਦੇ ਗਲਿਆਰਿਆਂ ਵਿੱਚ ਆ ਬਿਰਾਜਮਾਨ ਹੁੰਦੀਆਂ ਹਨ। ਸਾਡੇ ਰਾਜ ਪੰਜਾਬ ਵਿੱਚ ਵੀ ਅੱਜ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਕਾਇਮ ਹੈ।
ਇਸ ਤੋਂ ਪਹਿਲਾਂ ਦਸ ਸਾਲਾਂ ਤੱਕ ਅਕਾਲੀ-ਭਾਜਪਾ ਦੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਸੱਤਾ ਵਿੱਚ ਰਹੀ ਸੀ। ਉਨ੍ਹਾਂ ਦੇ ਰਾਜ ਸਮੇਂ ਸੰਗਰੂਰ ਜ਼ਿਲ੍ਹੇ ਵਿੱਚ ਆਤਿਸ਼ਬਾਜ਼ੀ ਦੇ ਗ਼ੈਰ-ਕਨੂੰਨੀ ਗੁਦਾਮ ਵਿੱਚ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ ਕਈ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ ਤੇ ਕੁਝ ਲੋਕ ਜ਼ਖ਼ਮੀ ਹੋ ਗਏ ਸਨ। ਇਹ ਧਮਾਕਾ ਏਨਾ ਜ਼ੋਰਦਾਰ ਸੀ ਕਿ ਆਲੇ-ਦੁਆਲੇ ਦੇ ਕਈ ਮਕਾਨ ਢਹਿ-ਢੇਰੀ ਹੋ ਗਏ ਸਨ।
ਇਸ ਹਾਦਸੇ ਮਗਰੋਂ ਪੁਰਾਣੀ ਪ੍ਰਸ਼ਾਸਨਕ ਰਿਵਾਇਤ ਅਨੁਸਾਰ ਉੱਚ ਪੁਲਸ ਤੇ ਪ੍ਰਸ਼ਾਸਨਕ ਅਧਿਕਾਰੀ ਮੌਕੇ 'ਤੇ ਪਹੁੰਚੇ। ਉਨ੍ਹਾਂ ਵੱਲੋਂ ਪੀੜਤ ਲੋਕਾਂ ਦੀ ਮਦਦ ਤੇ ਜ਼ਖ਼ਮੀਆਂ ਦੇ ਬਿਹਤਰ ਇਲਾਜ ਦੇ ਦਾਅਵੇ ਕੀਤੇ ਗਏ। ਇਹ ਵੀ ਕਿਹਾ ਗਿਆ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ।
ਹੋਇਆ ਇਹ ਕਿ ਪੁਲਸ ਪ੍ਰਸ਼ਾਸਨ ਵੱਲੋਂ ਪੁਖਤਾ ਸਬੂਤ ਮੁਹੱਈਆ ਨਾ ਕਰਵਾਏ ਜਾਣ ਤੇ ਅਦਾਲਤੀ ਪੈਰਵੀ ਵਿੱਚ ਅਣਗਹਿਲੀ ਕਾਰਨ ਇਸ ਹਾਦਸੇ ਦੇ ਦੋਸ਼ੀ ਸਾਫ਼ ਬਰੀ ਹੋ ਗਏ। ਸਮੇਂ ਦੇ ਸ਼ਾਸਕਾਂ ਵੱਲੋਂ ਪੀੜਤਾਂ ਪ੍ਰਤੀ ਦਿਖਾਈ ਹਮਦਰਦੀ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੇ ਦਾਅਵੇ ਧਰੇ-ਧਰਾਏ ਰਹਿ ਗਏ।
ਅਕਾਲੀ-ਭਾਜਪਾ ਦੇ ਰਾਜ ਦੌਰਾਨ ਹੀ ਜਲੰਧਰ ਸ਼ਹਿਰ ਵਿੱਚ ਵੀ ਨਾਜਾਇਜ਼ ਤੌਰ ਉੱਤੇ ਪਟਾਕੇ ਤਿਆਰ ਕਰਨ ਵਾਲੇ ਇੱਕ ਘਰ ਵਿੱਚ ਧਮਾਕਾ ਹੋਇਆ ਸੀ। ਦੋ ਜਣਿਆਂ ਦੀਆਂ ਜਾਨਾਂ ਚਲੀਆਂ ਗਈਆਂ। ਇਸ ਹਾਦਸੇ ਬਾਰੇ ਵੀ ਸ਼ਾਸਕਾਂ ਤੇ ਪ੍ਰਸ਼ਾਸਕਾਂ ਵੱਲੋਂ ਸੰਗਰੂਰ ਦੇ ਹਾਦਸੇ ਵਾਲੀ ਮੁਹਾਰਨੀ ਹੀ ਦੁਹਰਾਈ ਗਈ। ਅਫ਼ਸੋਸ ਵਾਲੀ ਗੱਲ ਇਹ ਹੈ ਕਿ ਦੋਸ਼ੀਆਂ ਨੂੰ ਬਣਦੀ ਸਜ਼ਾ ਤਾਂ ਦੂਰ ਦੀ ਗੱਲ ਰਹੀ, ਸਰਕਾਰ ਨੇ ਉਨ੍ਹਾਂ ਪ੍ਰਸ਼ਾਸਨਕ ਅਧਿਕਾਰੀਆਂ ਵਿਰੁੱਧ ਵੀ ਕੋਈ ਬਣਦੀ ਕਾਰਵਾਈ ਕਰਨ ਦਾ ਹੀਆ ਨਾ ਕੀਤਾ, ਜਿਨ੍ਹਾਂ ਦੀ ਅਣਗਹਿਲੀ ਜਾਂ ਮਿਲੀ-ਭੁਗਤ ਕਾਰਨ ਇਹ ਹਾਦਸਾ ਵਾਪਰਿਆ ਸੀ।
ਹੁਣ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਕੋਟ ਖ਼ਾਲਸਾ ਵਿਚਲੇ ਸੁੰਦਰ ਨਗਰ ਵਿੱਚ ਪਟਾਕੇ ਤੇ ਆਤਿਸ਼ਬਾਜ਼ੀ ਦਾ ਦੂਜਾ ਸਾਮਾਨ ਤਿਆਰ ਕਰਨ ਵਾਲੇ ਰਿਹਾਇਸ਼ੀ ਬਸਤੀ ਵਿੱਚ ਚਲਾਏ ਜਾ ਰਹੇ ਇੱਕ ਅਦਾਰੇ ਵਿੱਚ ਬੀਤੇ ਦਿਨ ਸ਼ਾਮ ਦੇ ਸਾਢੇ ਪੰਜ ਵਜੇ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਵਿਸਫੋਟ ਏਨਾ ਜ਼ਬਰਦਸਤ ਸੀ ਕਿ ਕੇਵਲ ਪਟਾਕੇ ਬਣਾਉਣ ਵਾਲੀ ਫ਼ੈਕਟਰੀ ਹੀ ਢਹਿ-ਢੇਰੀ ਨਹੀਂ ਹੋਈ, ਸਗੋਂ ਆਲੇ-ਦੁਆਲੇ ਦੇ ਕਈ ਮਕਾਨ ਵੀ ਮਲਬੇ ਵਿੱਚ ਤਬਦੀਲ ਹੋ ਗਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਨਹੀਂ, ਅਨੇਕ ਵਾਰ ਪੁਲਸ ਨੂੰ ਇਸ ਗ਼ੈਰ-ਕਨੂੰਨੀ ਤੌਰ 'ਤੇ ਚਲਾਏ ਜਾ ਰਹੇ ਆਤਿਸ਼ਬਾਜ਼ੀ ਦੇ ਕਾਰੋਬਾਰ ਬਾਰੇ ਸੂਚਤ ਕੀਤਾ ਸੀ, ਪਰ ਉਨ੍ਹਾਂ ਦੇ ਵਾਰ-ਵਾਰ ਸ਼ਿਕਾਇਤ ਕਰਨ 'ਤੇ ਵੀ ਕੋਈ ਕਾਰਵਾਈ ਨਹੀਂ ਹੋਈ।
ਹੁਣ ਹਾਦਸਾ ਹੋਣ ਦੇ ਫੌਰਨ ਮਗਰੋਂ ਪੁਲਸ ਪ੍ਰਸ਼ਾਸਨ ਹਰਕਤ ਵਿੱਚ ਆਇਆ। ਡਿਪਟੀ ਕਮਿਸ਼ਨਰ ਅਮਰੀਕ ਸਿੰਘ ਪਵਾਰ, ਏ ਡੀ ਸੀ ਪੀ-ਸਿਟੀ ਜਗਜੀਤ ਸਿੰਘ ਵਾਲੀਆ ਭਾਰੀ ਲਾਮ-ਲਸ਼ਕਰ ਨਾਲ ਮੌਕੇ 'ਤੇ ਪਹੁੰਚੇ। ਪਵਾਰ ਸਾਹਿਬ ਨੇ ਇਹ ਫ਼ਰਮਾਇਆ ਕਿ ਜਾਂਚ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਵਿਸਫੋਟ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਆਖ਼ਿਰ ਵਿੱਚ ਉਨ੍ਹਾ ਨੇ ਇਸ ਰਿਵਾਇਤੀ ਮੁਹਾਰਨੀ ਦਾ ਵੀ ਅਲਾਪ ਕੀਤਾ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ। ਸੁਆਲ ਇਹ ਉੱਠਦਾ ਹੈ ਕਿ ਜਦੋਂ ਸਥਾਨਕ ਲੋਕਾਂ ਨੇ ਵਾਰ-ਵਾਰ ਨਾਜਾਇਜ਼ ਤੌਰ ਉੱਤੇ ਚਲਾਏ ਜਾ ਰਹੇ ਇਸ ਧੰਦੇ ਦੀ ਸ਼ਿਕਾਇਤ ਕੀਤੀ ਸੀ ਤਾਂ ਪੁਲਸ ਪ੍ਰਸ਼ਾਸਨ ਓਦੋਂ ਹਰਕਤ ਵਿੱਚ ਕਿਉਂ ਨਾ ਆਇਆ? ਕੀ ਮੂੰਹ ਖਾਵੇ ਤੇ ਅੱਖਾਂ ਸ਼ਰਮਾਉਣ ਵਾਲੀ ਗੱਲ ਸੀ?
ਜਦੋਂ ਤੱਕ ਅਜਿਹੇ ਮਾਮਲਿਆਂ ਵਿੱਚ ਅਣਗਹਿਲੀ ਵਰਤਣ ਵਾਲੇ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਜੁਆਬਦੇਹੀ ਦੇ ਘੇਰੇ ਵਿੱਚ ਲਿਆ ਕੇ ਦੋਸ਼ੀਆਂ ਦੇ ਨਾਲ-ਨਾਲ ਉਨ੍ਹਾਂ ਨੂੰ ਵੀ ਸਜ਼ਾ ਦੇ ਭਾਗੀ ਨਹੀਂ ਬਣਾਇਆ ਜਾਂਦਾ, ਓਨੀ ਦੇਰ ਤੱਕ ਅਜਿਹੇ ਹਾਦਸੇ ਰੋਕੇ ਨਹੀਂ ਜਾ ਸਕਣੇ ਤੇ 'ਦੋਸ਼ੀ ਬਖਸ਼ੇ ਨਹੀਂ ਜਾਣਗੇ' ਦੀ ਮੁਹਾਰਨੀ ਇਸੇ ਤਰ੍ਹਾਂ ਰਟੀ ਜਾਂਦੀ ਰਹੇਗੀ। ਰਾਜ ਦੀ ਸੱਤਾ 'ਤੇ ਬਿਰਾਜਮਾਨ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਮਾਤਹਿਤ ਲੋਕ ਸੇਵਕਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਏ।