Latest News
'ਅਜੈ ਭਾਜਪਾ' ਦਾ ਨਾਹਰਾ ਤੇ ਹਕੀਕਤਾਂ

Published on 09 Sep, 2018 09:46 AM.


ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਦੋ ਦਿਨਾਂ ਮੀਟਿੰਗ ਦੇ ਪਹਿਲੇ ਦਿਨ ਹੀ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਤੱਕ ਅਮਿਤ ਸ਼ਾਹ ਨੂੰ ਹੀ ਪਾਰਟੀ ਪ੍ਰਧਾਨ ਬਣਾਈ ਰੱਖਣ ਦਾ ਫ਼ੈਸਲਾ ਲਿਆ ਹੈ। ਅਮਿਤ ਸ਼ਾਹ ਦਾ ਪਾਰਟੀ ਪ੍ਰਧਾਨ ਵਜੋਂ ਤਿੰਨ ਸਾਲ ਦਾ ਕਾਰਜ ਕਾਲ ਅਗਲੇ ਸਾਲ ਜਨਵਰੀ ਵਿੱਚ ਖ਼ਤਮ ਹੋ ਰਿਹਾ ਹੈ। ਇਸ ਮੌਕੇ ਉੱਤੇ ਅਮਿਤ ਸ਼ਾਹ ਨੇ ਕਾਰਜਕਾਰਨੀ ਨੂੰ ਸੰਬੋਧਨ ਕਰਦਿਆਂ 'ਅਜੈ ਭਾਜਪਾ' ਦਾ ਨਾਹਰਾ ਦਿੰਦਿਆਂ ਪਾਰਟੀ ਅਹੁਦੇਦਾਰਾਂ ਨੂੰ ਕਿਹਾ ਕਿ ਉਹ 2019 ਦੀਆਂ ਚੋਣਾਂ ਦੀ ਤਿਆਰੀ ਪਿਛਲੀ ਵਾਰ ਨਾਲੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਰੱਖ ਕੇ ਕਰਨ। ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨ-ਪਿਆਰਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਡੇ ਕੋਲ ਦੁਨੀਆ ਦਾ ਸਭ ਤੋਂ ਮਕਬੂਲ ਨੇਤਾ ਹੈ। ਉਨ੍ਹਾ ਵਿਰੋਧੀ ਪਾਰਟੀਆਂ ਦੇ ਮਹਾਂ-ਗੱਠਜੋੜ ਨੂੰ ਇੱਕ ਢਕੌਂਸਲਾ, ਝੂਠ ਤੇ ਭਰਮ ਫੈਲਾਉਣ ਵਾਲਾ ਦੱਸਦਿਆਂ ਪਾਰਟੀ ਅਹੁਦੇਦਾਰਾਂ ਨੂੰ ਇਸ ਤੋਂ ਚਿੰਤਤ ਨਾ ਹੋਣ ਲਈ ਕਿਹਾ।
ਅਮਿਤ ਸ਼ਾਹ ਦੇ ਇਸ ਤਿੱਖੇ ਤੇ ਹੌਸਲਾ ਵਧਾਊ ਭਾਸ਼ਣ ਵਿੱਚ ਕੁਝ ਅਜਿਹੇ ਸੰਕੇਤ ਛੁਪੇ ਹੋਏ ਸਹਿਜੇ ਹੀ ਦੇਖੇ ਜਾ ਸਕਦੇ ਹਨ, ਜਿਨ੍ਹਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਭਾਜਪਾ ਆਗੂ ਆਉਣ ਵਾਲੀਆਂ ਚੁਣੌਤੀਆਂ ਤੋਂ ਡਰ ਰਹੇ ਹਨ। ਜਦੋਂ ਉਹ ਇਹ ਕਹਿੰਦੇ ਹਨ ਕਿ ਮਹਾਂ-ਗੱਠਜੋੜ ਤੋਂ ਚਿੰਤਤ ਹੋਣ ਦੀ ਲੋੜ ਨਹੀਂ ਤਾਂ ਉਹ ਖ਼ੁਦ ਚਿੰਤਤ ਦਿਖਾਈ ਦਿੰਦੇ ਹਨ। ਸਰਕਾਰ ਦੀਆਂ ਆਰਥਿਕ ਨਾਕਾਮੀਆਂ ਸੰਬੰਧੀ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਵੱਲੋਂ ਉਠਾਏ ਜਾਣ ਵਾਲੇ ਨੁਕਤਿਆਂ ਬਾਰੇ ਉਹ ਉਨ੍ਹਾਂ ਦਾ ਨਾਂਅ ਲੈ ਕੇ ਭਾਜਪਾ ਕਾਰਕੁੰਨਾਂ ਨੂੰ ਸੱਦਾ ਦਿੰਦੇ ਹਨ ਕਿ ਉਹ ਇਹਨਾਂ ਨੁਕਤਿਆਂ ਸੰਬੰਧੀ ਤੱਥਾਂ ਦੇ ਆਧਾਰ ਉੱਤੇ ਜਵਾਬ ਦੇਣ।
ਭਾਜਪਾ ਆਗੂਆਂ ਦੇ ਚਿੰਤਤ ਹੋਣ ਦੇ ਕਾਰਨ ਵੀ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਆਗੂਆਂ ਨੇ ਇੱਕ ਹਮਲਾਵਰ ਰੁਖ਼ ਅਪਣਾਇਆ ਸੀ। ਉਨ੍ਹਾਂ ਕਾਂਗਰਸ ਰਾਜ ਵਿੱਚ ਹੋਏ ਘਪਲਿਆਂ, ਵਧ ਰਹੀ ਮਹਿੰਗਾਈ, ਅਥਾਹ ਬੇਰੁਜ਼ਗਾਰੀ, ਪਾਕਿਸਤਾਨ ਵਿਰੁੱਧ ਨਰਮ ਨੀਤੀ, ਕਿਸਾਨੀ ਦੀ ਮਾੜੀ ਹਾਲਤ ਅਤੇ ਔਰਤਾਂ, ਦਲਿਤਾਂ ਤੇ ਹੋਰ ਗ਼ਰੀਬ ਤਬਕਿਆਂ ਵਿਰੁੱਧ ਹੁੰਦੀ ਹਿੰਸਾ ਨੂੰ ਆਪਣੀ ਚੋਣ ਮੁਹਿੰਮ ਦੌਰਾਨ ਖ਼ੂਬ ਉਛਾਲਿਆ ਸੀ। ਇਸ ਦੇ ਨਾਲ ਹੀ ਬਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆ ਕੇ ਹਰ ਨਾਗਰਿਕ ਦੇ ਖਾਤੇ ਵਿੱਚ 15-15 ਲੱਖ ਰੁਪਏ ਪਾਉਣ ਤੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੇ ਲਭਾਊ ਨਾਹਰੇ ਦਿੱਤੇ ਸਨ। ਇਸੇ ਕਾਰਨ ਜਨਤਾ ਨੇ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਭਾਜਪਾ ਨੂੰ ਸੱਤਾ ਸੌਂਪ ਦਿੱਤੀ, ਪਰ ਅੱਜ ਹਾਲਾਤ ਵੱਖਰੇ ਹਨ। ਉਦੋਂ ਭਾਜਪਾ ਵਿਰੋਧ ਦੀ ਪਾਰਟੀ ਸੀ, ਪਰ ਹੁਣ ਉਹ ਖ਼ੁਦ ਸੱਤਾ ਵਿੱਚ ਹੈ। ਉਸ ਨੂੰ ਆਪਣੇ ਰਾਜ-ਕਾਲ ਦੌਰਾਨ ਕੀਤੇ-ਕਰਾਏ ਦਾ ਹਿਸਾਬ ਦੇਣਾ ਪਵੇਗਾ।
ਬੀਤੇ ਚਾਰ ਸਾਲ ਦਾ ਲੇਖਾ-ਜੋਖਾ ਦੱਸਦਾ ਹੈ ਕਿ ਭਾਜਪਾ ਹਰ ਖੇਤਰ ਵਿੱਚ ਪੂਰੀ ਤਰ੍ਹਾਂ ਫ਼ੇਲ੍ਹ ਸਿੱਧ ਹੋਈ ਹੈ। ਦੇਸ਼ ਦੀ ਆਰਥਿਕਤਾ ਨਿਘਾਰ ਵੱਲ ਗਈ ਹੈ। ਰੁਪਏ ਦੀ ਕੀਮਤ ਵਿੱਚ ਗਿਰਾਵਟ ਨਿੱਤ ਨਵੀਂਆਂ ਨੀਵਾਣਾਂ ਛੋਹ ਰਹੀ ਹੈ। ਇਸ ਦਾ ਵਿਕਾਸ ਦੇ ਹਰ ਖੇਤਰ ਉੱਤੇ ਮਾੜਾ ਅਸਰ ਪੈ ਰਿਹਾ ਹੈ। ਨੋਟਬੰਦੀ ਇੱਕ ਵੱਡਾ ਘੁਟਾਲਾ ਸਾਬਤ ਹੋਈ ਹੈ। ਇਸ ਨੇ ਇੱਕ ਪਾਸੇ ਕਾਲੇ ਧਨ ਨੂੰ ਸਫੈਦ ਕਰ ਕੇ ਥੈਲੀਸ਼ਾਹਾਂ ਦੇ ਵਾਰੇ-ਨਿਆਰੇ ਕਰ ਦਿੱਤੇ, ਪਰ ਦੂਜੇ ਪਾਸੇ ਆਮ ਜਨਤਾ ਦੇ ਬੈਂਕਿੰਗ ਪ੍ਰਣਾਲੀ 'ਤੇ ਭਰੋਸੇ ਨੂੰ ਸੱਟ ਮਾਰੀ, ਜਿਸ ਦਾ ਖਮਿਆਜ਼ਾ ਬੈਂਕ ਭੁਗਤ ਰਹੇ ਹਨ। ਜੀ ਐੱਸ ਟੀ ਵੀ ਬੁਰੀ ਤਰ੍ਹਾਂ ਅਸਫ਼ਲ ਸਿੱਧ ਹੋ ਰਹੀ ਹੈ। ਪਿਛਲੇ ਚਾਰ ਮਹੀਨਿਆਂ ਵਿੱਚ ਹੀ ਜੀ ਐੱਸ ਟੀ ਰਾਹੀਂ ਇਕੱਤਰ ਹੋਣ ਵਾਲੇ ਰੁਪਿਆਂ ਵਿੱਚ 7 ਹਜ਼ਾਰ ਕਰੋੜ ਦੀ ਕਮੀ ਹੋ ਚੁੱਕੀ ਹੈ।
ਨੋਟਬੰਦੀ ਅਤੇ ਜੀ ਐੱਸ ਟੀ ਕਾਰਨ ਬਹੁਤ ਸਾਰੇ ਛੋਟੇ ਤੇ ਦਰਮਿਆਨੇ ਸਨਅਤੀ ਅਦਾਰੇ ਬੰਦ ਹੋ ਚੁੱਕੇ ਹਨ। ਸਿੱਟੇ ਵਜੋਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਤੋਂ ਹੱਥ ਧੋਣੇ ਪਏ। ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦਾ ਨਾਹਰਾ ਵੀ ਵਿਦੇਸ਼ੀ ਕਾਲੇ ਧਨ ਵਿੱਚੋਂ ਹਰੇਕ ਦੇ ਬੈਂਕ ਖਾਤੇ ਵਿੱਚ 15 ਲੱਖ ਰੁਪਏ ਪਾਏ ਜਾਣ ਵਾਂਗ ਹੀ ਇੱਕ ਜੁਮਲਾ ਸਾਬਤ ਹੋ ਚੁੱਕਾ ਹੈ। ਮਹਿੰਗਾਈ ਸਿਖ਼ਰਾਂ ਛੋਹ ਰਹੀ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨਿੱਤ ਵਧਦੀਆਂ ਹੋਈਆਂ ਅਸਮਾਨ ਛੋਹ ਰਹੀਆਂ ਹਨ। ਢੋਆ-ਢੁਆਈ ਦੇ ਮਹਿੰਗੇ ਹੋ ਜਾਣ ਕਾਰਨ ਸਬਜ਼ੀਆਂ ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਹਨ। ਔਰਤਾਂ, ਦਲਿਤਾਂ ਤੇ ਘੱਟ-ਗਿਣਤੀਆਂ ਉੱਤੇ ਹੋ ਰਹੇ ਹਿੰਸਕ ਹਮਲਿਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਮੋਦੀ ਰਾਜ ਵਿੱਚ ਭੀੜ ਤੰਤਰੀ ਹਮਲੇ ਇੱਕ ਸੱਭਿਆਚਾਰ ਬਣ ਗਏ ਹਨ। ਗਊ ਹੱਤਿਆ ਦੇ ਨਾਂਅ ਉੱਤੇ ਜਾਂ ਬੱਚਾ ਚੋਰੀ ਦੀਆਂ ਅਫ਼ਵਾਹਾਂ ਫੈਲਾ ਕੇ ਦਲਿਤਾਂ ਤੇ ਮੁਸਲਮਾਨਾਂ ਨੂੰ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਹੈ। ਹਿੰਦੂਤੱਵੀ ਗੁੰਡਿਆਂ ਨੂੰ ਕਨੂੰਨ ਦਾ ਕੋਈ ਡਰ ਨਹੀਂ ਰਿਹਾ। ਔਰਤਾਂ ਵਿਰੁੱਧ ਬਲਾਤਕਾਰਾਂ ਦੇ ਮਾਮਲਿਆਂ ਵਿੱਚ ਭਾਜਪਾ ਦੇ ਵਿਧਾਇਕਾਂ ਤੇ ਕਾਰਕੁੰਨਾਂ ਤੱਕ ਦੇ ਸ਼ਾਮਲ ਹੋਣ ਦੇ ਦੋਸ਼ ਲੱਗਦੇ ਰਹੇ ਹਨ। ਕਾਤਲਾਂ ਤੇ ਬਲਾਤਕਾਰੀਆਂ ਨੂੰ ਬਚਾਉਣ ਲਈ ਭਗਵਾਂਧਾਰੀ ਮੁਜ਼ਾਹਰੇ ਕਰਦੇ ਰਹੇ ਤੇ ਕੇਂਦਰੀ ਮੰਤਰੀਆਂ ਤੱਕ ਵੱਲੋਂ ਉਨ੍ਹਾਂ ਨੂੰ ਸਨਮਾਨਤ ਕਰਨ ਦੀਆਂ ਸ਼ਰਮਨਾਕ ਘਟਨਾਵਾਂ ਵੀ ਇਸੇ ਰਾਜ ਵਿੱਚ ਵਾਪਰੀਆਂ ਹਨ।
ਭਾਜਪਾ ਦੇ ਸ਼ਾਸਨ ਕਾਲ ਦੌਰਾਨ ਹੀ ਨੀਰਵ ਮੋਦੀ ਤੇ ਵਿਜੇ ਮਾਲਿਆ ਵਰਗੇ ਬੈਂਕ ਚੋਰ ਲੱਖਾਂ ਕਰੋੜਾਂ ਦਾ ਧਨ ਲੈ ਕੇ ਫਰਾਰ ਹੋ ਗਏ। ਰਾਫੇਲ ਜਹਾਜ਼ ਸੌਦੇ ਵਿੱਚ 41 ਹਜ਼ਾਰ ਕਰੋੜ ਦੇ ਘਪਲੇ ਦਾ ਖੁਲਾਸਾ ਹੋ ਚੁੱਕਾ ਹੈ। ਸਰਕਾਰ ਪਾਸ ਇਸ ਦਾ ਜਵਾਬ ਦੇਣ ਦੀ ਹਿੰਮਤ ਨਹੀਂ ਹੈ। ਵਿਦੇਸ਼ ਨੀਤੀ ਪੱਖੋਂ ਵੀ ਮੌਜੂਦਾ ਸਰਕਾਰ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ। ਗੁਆਂਢੀ ਦੇਸਾਂ ਨਾਲ ਸਾਡੇ ਸੰਬੰਧ ਸੁਖਾਵੇਂ ਨਹੀਂ ਰਹੇ। ਚੀਨ ਸਾਨੂੰ ਚੁਫ਼ੇਰਿਓਂ ਘੇਰੀ ਜਾ ਰਿਹਾ ਹੈ। ਪਾਕਿਸਤਾਨ ਵਿਰੁੱਧ ਦਮਗਜੇ ਥੋਥੇ ਸਾਬਤ ਹੋ ਚੁੱਕੇ ਹਨ। ਕਸ਼ਮੀਰ ਸਮੱਸਿਆ ਦੀ ਤਾਣੀ ਏਨੀ ਉਲਝਾ ਦਿੱਤੀ ਗਈ ਹੈ ਕਿ ਸੁਲਝਾਉਣ ਲਈ ਕੋਈ ਤੰਦ ਨਹੀਂ ਲੱਭਦੀ।
ਅਜਿਹੀ ਹਾਲਤ ਵਿੱਚ ਭਾਜਪਾ ਆਗੂ ਲੋਕਾਂ ਦਾ ਸਾਹਮਣਾ ਕਰਨ ਤੋਂ ਡਰ ਰਹੇ ਹਨ। ਇਸੇ ਲਈ ਭਾਜਪਾ ਕਾਰਜਕਾਰਨੀ ਵਿੱਚ ਅਮਿਤ ਸ਼ਾਹ ਨੇ ਕਿਹਾ ਹੈ ਕਿ ਅਸੀਂ ਚੋਣਾਂ ਵਿੱਚ ਦੋ ਮੁੱਦਿਆਂ ਰਾਸ਼ਟਰਵਾਦ ਤੇ ਹਿੰਦੂਤੱਵ ਉੱਤੇ ਫੋਕਸ ਕਰਾਂਗੇ। ਇਹੋ ਹੀ ਦੋ ਮੁੱਦੇ ਹਨ, ਜਿਨ੍ਹਾਂ ਰਾਹੀਂ ਫ਼ਿਰਕੂ ਅੱਗ ਭੜਕਾਈ ਜਾ ਸਕਦੀ ਹੈ। ਇਸ ਲਈ ਹੁਣ ਭਾਜਪਾ ਦੀ ਇੱਕੋ-ਇੱਕ ਟੇਕ ਹਰ ਹਾਲਤ ਹਿੰਦੂ ਵੋਟਾਂ ਦੇ ਧਰੁਵੀਕਰਨ ਦੀ ਹੈ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਾਜਪਾ ਇਸ ਵਿੱਚ ਕਿੰਨਾ ਸਫ਼ਲ ਹੁੰਦੀ ਹੈ। ਸਾਨੂੰ ਪੂਰਨ ਵਿਸ਼ਵਾਸ ਹੈ ਕਿ ਦੇਸ਼ ਦੀ ਜਨਤਾ ਆਪਣੀ ਭਾਈਚਾਰਕ ਏਕਤਾ ਨੂੰ ਕਦੇ ਵੀ ਟੁੱਟਣ ਦੇਵੇਗੀ ਤੇ ਤਾਨਾਸ਼ਾਹ ਹਾਕਮਾਂ ਨੂੰ ਗੱਦੀ ਤੋਂ ਲਾਂਭੇ ਕਰਨ ਦਾ ਆਪਣਾ ਇਤਿਹਾਸਕ ਕਰਤੱਵ ਨਿਭਾਏਗੀ।

680 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper