Latest News
50 ਸਾਲ ਰਾਜ, ਭਾਜਪਾ ਦੀ ਫਾਸ਼ੀਵਾਦੀ ਸੋਚ : ਗਹਿਲੋਤ

Published on 12 Sep, 2018 11:10 AM.


ਜੈਪੁਰ, (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਦੇ ਸੀਨੀਅਰ ਨੇਤਾ ਅਸ਼ੋਕ ਗਹਿਲੋਤ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਉਸ ਬਿਆਨ ਦੀ ਆਲੋਚਨਾ ਕੀਤੀ ਹੈ, ਜਿਸ 'ਚ ਉਨ੍ਹਾ ਨੇ ਕਿਹਾ ਸੀ ਕਿ ਜੇਕਰ ਪਾਰਟੀ 2019 ਦੀ ਚੋਣ ਜਿੱਤ ਗਈ ਤਾਂ ਉਸ ਨੂੰ ਅਗਲੇ 50 ਸਾਲ ਤੱਕ ਕੋਈ ਹਰਾ ਨਹੀਂ ਸਕੇਗਾ। ਗਹਿਲੋਤ ਅਨੁਸਾਰ ਸ਼ਾਹ ਦਾ ਇਹ ਬਿਆਨ ਭਾਜਪਾ ਦੀ ਫਾਸ਼ੀਵਾਦੀ ਸੋਚ ਨੂੰ ਉਜਾਗਰ ਕਰਦਾ ਹੈ। ਗਹਿਲੋਤ ਦੇ ਸ਼ਾਹ ਦੇ ਇਸ ਬਿਆਨ ਬਾਰੇ ਪੁੱਛੇ ਜਾਣ 'ਤੇ ਇੱਥੇ ਪੱਤਰਕਾਰਾਂ ਨੂੰ ਕਿਹਾ, ਸ਼ਾਹ ਨੇ ਕਿਹਾ ਕਿ ਅਗਲੀ ਚੋਣ ਜਿੱਤ ਜਾਵਾਂਗੇ ਤਾਂ 50 ਸਾਲ ਤੱਕ ਰਾਜ ਅਸੀਂ ਹੀ ਕਰਾਂਗੇ। ਇਹੀ ਤਾਂ ਦੋਸ਼ ਲਾਉਂਦੇ ਹਾਂ ਅਸੀਂ ਉਨ੍ਹਾਂ 'ਤੇ। ਉਨ੍ਹਾਂ ਕਿਹਾ, ਭਾਜਪਾ ਦਾ ਲੋਕਤੰਤਰ 'ਤੇ ਵਿਸ਼ਵਾਸ ਨਹੀਂ ਹੈ। ਇੱਕ ਵਾਰ ਹੋਰ ਜਿੱਤ ਜਾਓ ਫਿਰ ਇਸ ਸੰਵਿਧਾਨ ਦੀਆਂ ਧੱਜੀਆਂ ਉਡਾ ਦਿਓ, ਸੰਵਿਧਾਨ ਨੂੰ ਬਦਲ ਦਿਓ। ਲੱਗੇ ਇਸ ਤਰ੍ਹਾਂ ਕਿ ਲੋਕਾਂ ਨੇ ਵੋਟ ਦਿੱਤਾ ਹੈ। ਜਿਸ ਤਰ੍ਹਾਂ ਚੀਨ 'ਚ ਹੁੰਦਾ ਹੈ, ਰੂਸ 'ਚ ਹੁੰਦਾ ਹੈ ਅਤੇ ਤੁਸੀਂ 50 ਸਾਲ ਤੱਕ ਰਾਜ ਕਰੋ।
ਸਾਬਕਾ ਮੁੱਖ ਮੰਤਰੀ ਗਹਿਲੋਤ ਨੇ ਕਿਹਾ ਕਿ ਸ਼ਾਹ ਨੇ ਆਪਣੇ ਇਸ ਬਿਆਨ ਨਾਲ ਪਾਰਟੀ ਫਾਸ਼ੀਵਾਦੀ ਸੋਚ ਪ੍ਰਗਟ ਕਰ ਦਿੱਤੀ ਹੈ। ਉਨ੍ਹਾਂ ਕਿਹਾ, ਇਹ ਮੇਰਾ ਬਹੁਤ ਗੰਭੀਰ ਦੋਸ਼ ਹੈ ਕਿ ਭਾਜਪਾ ਪ੍ਰਧਾਨ ਆਪਣੀ ਪਾਰਟੀ ਅਤੇ ਆਰ ਐੱਸ ਐੱਸ ਦੀ ਸੋਚ ਨੂੰ ਜਾਣੇ-ਅਣਜਾਣੇ 'ਚ ਉਜਾਗਰ ਕਰ ਦਿੱਤਾ ਹੈ। ਜਾਣਕਾਰੀ ਹੈ ਕਿ ਸ਼ਾਹ ਨੇ ਹਾਲ ਹੀ 'ਚ ਦਿੱਲੀ 'ਚ ਪਾਰਟੀ ਦੀ ਰਾਸ਼ਟਰੀ ਕਾਰਜਕਰਨੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਇਸ ਗੱਲ ਨੂੰ ਦੁਹਰਾਇਆ ਕਿ ਜੇਕਰ 2019 ਦੀ ਚੋਣ ਭਾਜਪਾ ਜਿੱਤ ਲੈਂਦੀ ਹੈ ਤਾਂ 50 ਸਾਲ ਤੱਕ ਪੰਚਾਇਤ ਤੋਂ ਸੰਸਦ ਤੱਕ ਭਾਜਪਾ ਨੂੰ ਕੋਈ ਨਹੀਂ ਹਰਾ ਸਕੇਗਾ।
ਗਹਿਲੋਤ ਨੇ ਕਿਹਾ ਕਿ ਦੇਸ਼ ਦੇ ਸਾਹਮਣੇ ਇਸ ਸਮੇਂ ਕਈ ਵੱਡੇ ਮੁੱਦੇ ਹਨ, ਜਿਨ੍ਹਾਂ 'ਚ ਇੱਕ ਰਾਫ਼ੇਲ ਜਹਾਜ਼ ਸੌਦਾ ਵੀ ਹੈ।
ਇਸ ਮਾਮਲੇ 'ਚ ਸਾਬਕਾ ਕੇਂਦਰੀ ਮੰਤਰੀ ਅਰੁਣ ਸ਼ੌਰੀ, ਯਸ਼ਵੰਤ ਸਿਨਹਾ ਅਤੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਦੁਆਰਾ ਦੋਸ਼ ਲਾਏ ਜਾਣ ਦਾ ਜ਼ਿਕਰ ਕਰਦੇ ਹੋਏ ਗਹਿਲੋਤ ਨੇ ਕਿਹਾ, ਇਹ ਤਾਂ ਇਨ੍ਹਾਂ ਦੇ ਆਪਣੇ ਆਦਮੀ ਹਨ, ਸ਼ੌਰੀ ਵਾਜਪਾਈ ਸਰਕਾਰ 'ਚ ਮੰਤਰੀ ਰਹੇ, ਸਿਨਹਾ ਵਿੱਤ ਅਤੇ ਵਿਦੇਸ਼ ਮੰਤਰੀ ਰਹੇ। ਇਨ੍ਹਾਂ ਦਾ ਦੋਸ਼ ਲਾਉਣਾ ਮਾਇਨੇ ਰੱਖਦਾ ਹੈ। ਇੱਕ ਜਵਾਬ ਨਹੀਂ ਆ ਰਿਹਾ। ਨਾ ਤਾਂ ਪ੍ਰਧਾਨ ਮੰਤਰੀ ਵੱਲੋਂ ਅਤੇ ਨਾ ਹੀ ਅਮਿਤ ਸ਼ਾਹ ਵੱਲੋਂ।

205 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper