Latest News
ਸਾਰਾਗੜ੍ਹੀ ਦਾ ਸਾਕਾ ਸ਼ਹਾਦਤ ਤੇ ਕੁਰਬਾਨੀ ਦੀ ਅਦੁੱਤੀ ਮਿਸਾਲ : ਕੈਪਟਨ

Published on 12 Sep, 2018 11:14 AM.


ਫਿਰੋਜ਼ਪੁਰ, (ਅਸ਼ੋਕ ਸ਼ਰਮਾ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਸਾਰਾਗੜ੍ਹੀ ਜੰਗ ਦੀ 121ਵੀਂ ਵਰ੍ਹੇਗੰਢ ਮੌਕੇ ਇਸ ਜੰਗ ਵਿੱਚ ਹਿੱਸਾ ਲੈਣ ਵਾਲੇ ਫੌਜੀਆਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਅਤੇ ਅਗਲੀ ਵਰ੍ਹੇਗੰਢ ਤੋਂ ਪਹਿਲਾਂ ਅਤਿ-ਆਧੁਨਿਕ ਸਾਰਾਗੜ੍ਹੀ ਯਾਦਗਾਰ ਬਣਾਉਣ ਦਾ ਭਰੋਸਾ ਦਿਵਾਇਆ ਹੈ।
ਸਾਰਾਗੜ੍ਹੀ ਗੁਰਦੁਆਰੇ ਵਿਖੇ ਨਤਮਸਤਕ ਹੋਣ ਤੋਂ ਬਾਅਦ ਅੱਜ ਇੱਥੇ ਇਕ ਰਾਜ ਪੱਧਰੀ ਸ਼ਹੀਦੀ ਸਮਾਗਮ ਮੌਕੇ ਮੁੱਖ ਮੰਤਰੀ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਬਰਕੀ ਸੁਕਏਅਰ ਵਿਖੇ ਗਏ, ਜਿਨ੍ਹਾਂ ਭਾਰਤ-ਪਾਕਿ ਜੰਗ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਸਨ।
ਸਾਰਾਗੜ੍ਹੀ ਗੁਰਦੁਆਰਾ ਕੰਪਲੈਕਸ ਵਿਖੇ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਸਮਾਣਾ ਰਿੱਜ (ਹੁਣ ਪਾਕਿਸਤਾਨ) ਨੇੜੇ ਬਹਾਦਰੀ ਦੀ ਮਿਸਾਲ ਕਾਇਮ ਕਰਦੇ ਹੋਏ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ 36 ਸਿੱਖ ਦੇ 22 ਫੌਜੀਆਂ ਨੂੰ ਯਾਦ ਕੀਤਾ। ਇਨ੍ਹਾਂ ਫੌਜੀਆਂ ਨੇ 12 ਸਤੰਬਰ, 1897 ਵਿੱਚ ਤਕਰੀਬਨ 10 ਹਜ਼ਾਰ ਅਫਗਾਨਾਂ ਨਾਲ ਲੜਦੇ ਹੋਏ ਸ਼ਹੀਦੀ ਪਾਈ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਨਾਇਕ ਲਾਲ ਸਿੰਘ, ਲਾਂਸ ਨਾਇਕ ਚੰਦਾ ਸਿੰਘ ਦੇ ਨਾਲ ਹਵਾਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ ਸਿੱਖ ਰੈਜੀਮੈਂਟ ਦੇ ਫੌਜੀਆਂ ਨੇ ਮਿਸਾਲੀ ਬਹਾਦਰੀ ਅਤੇ ਨਾਇਕਾਂ ਵਾਲੀ ਭੂਮਿਕਾ ਨਿਭਾਉਂਦੇ ਹੋਏ 10 ਹਜ਼ਾਰ ਅਫਗਾਨਾਂ ਨਾਲ ਆਪਣੇ ਅੰਤਿਮ ਸਾਹਾਂ ਤੱਕ ਲੜਾਈ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਅਤਿ-ਆਧੁਨਿਕ ਯਾਦਗਾਰ ਦੇ ਮਾਡਲ ਦੀ ਰੂਪ-ਰੇਖਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 7ਵੀਂ ਇਨਫੈਂਟਰੀ ਡਵੀਜ਼ਨ ਦੇ ਮੇਜਰ ਜਨਰਲ ਜੇ ਐੱਸ ਸੰਧੂ ਦੀ ਅਗਵਾਈ ਵਿੱਚ ਸਾਰਾਗੜ੍ਹੀ ਯਾਦਗਾਰ ਪ੍ਰਬੰਧਕ ਕਮੇਟੀ ਇਸ ਯਾਦਗਾਰ ਦੇ ਸਮੁੱਚੇ ਨਿਰਮਾਣ ਕਾਰਜਾਂ ਨੂੰ ਦੇਖੇਗੀ। ਉਨ੍ਹਾਂ ਪ੍ਰਬੰਧਕੀ ਕਮੇਟੀ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਸਾਰਾਗੜ੍ਹੀ ਸ਼ਹੀਦਾਂ ਨੂੰ ਵਧੀਆ ਤਰੀਕੇ ਨਾਲ ਸ਼ਰਧਾਂਜਲੀ ਭੇਟ ਕਰਨ ਵਾਸਤੇ ਤਿਆਰ ਕੀਤੇ ਜਾ ਰਹੇ ਇਸ ਸ਼ਾਨਾਮੱਤੇ ਪ੍ਰਾਜੈਕਟ ਦੇ ਵਾਸਤੇ ਪੂਰਾ ਸਹਿਯੋਗ ਅਤੇ ਸਮਰਥਨ ਦੇਵੇਗੀ।
ਫਿਰੋਜ਼ਪੁਰ ਵਿਖੇ ਮੁਕਾਬਲੇਬਾਜ਼ੀ ਦੇ ਇਮਤਿਹਾਨਾਂ ਵਾਸਤੇ ਸਾਰਾਗੜ੍ਹੀ ਮੈਮੋਰੀਅਲ ਇੰਸਟੀਚਿਊਟ ਸਥਾਪਤ ਕਰਨ ਬਾਰੇ ਸਥਾਨਕ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਉਠਾਈ ਗਈ ਮੰਗ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਦਾ ਪੂਰੀ ਤਰ੍ਹਾਂ ਜਾਇਜ਼ਾ ਲੈਣ ਤੋਂ ਬਾਅਦ ਇਸ ਸੰਬੰਧੀ ਜ਼ਰੂਰੀ ਕਦਮ ਚੁੱਕੇਗੀ। ਉਨ੍ਹਾਂ ਸਾਰਾਗੜ੍ਹੀ ਕਲੱਬ ਸਥਾਪਤ ਕਰਨ ਦੀ ਮੰਗ ਨੂੰ ਪੂਰਾ ਕਰਨ ਦਾ ਵੀ ਭਰੋਸਾ ਦਿਵਾਇਆ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਪਣੀ ਨਸ਼ਾ ਵਿਰੋਧੀ ਜੰਗ ਦੇ ਹਿੱਸੇ ਵਜੋਂ ਅਤਿ-ਆਧੁਨਿਕ ਮੁੜ ਵਸੇਬਾ ਸੈਂਟਰ ਸਥਾਪਤ ਕਰਨ ਦੀ ਮੰਗ ਦਾ ਜਾਇਜ਼ਾ ਲਵੇਗੀ। ਮੁੱਖ ਮੰਤਰੀ ਨੇ ਫਿਰੋਜ਼ਪੁਰ ਛਾਉਣੀ ਵਿੱਚ ਫੌਜ ਵੱਲੋਂ ਵਿਸ਼ੇਸ਼ ਬੱਚਿਆਂ ਲਈ ਚਲਾਏ ਜਾ ਰਹੇ ਸਕੂਲ ਲਈ ਸੂਬਾ ਸਰਕਾਰ ਦੀ ਤਰਫੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਆਪਣੇ ਸਵਾਗਤੀ ਭਾਸ਼ਣ ਵਿਚ ਜੀ.ਓ.ਸੀ ਜੇ.ਐੱਸ ਸੰਧੂ ਨੇ ਸਾਰਾਗੜ੍ਹੀ ਯਾਦਗਾਰ ਨੂੰ ਸ਼ਾਨਾਮੱਤੇ ਪ੍ਰਾਜੈਕਟ ਵਜੋਂ ਵਿਕਸਤ ਕਰਨ ਲਈ ਨਿੱਜੀ ਦਿਲਚਸਪੀ ਲੈਣ ਲਈ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਨੌਜਵਾਨਾਂ ਵਿਚ ਦੇਸ਼ ਭਗਤੀ ਤੇ ਕੌਮੀਅਤ ਦੇ ਜਜ਼ਬੇ ਪ੍ਰਤੀ ਪ੍ਰੇਰਿਤ ਕਰੇਗੀ।
ਮੁੱਖ ਮੰਤਰੀ ਨੇ ਸਾਰਾਗੜ੍ਹੀ ਸ਼ਹੀਦਾਂ ਦੇ 11 ਪਰਵਾਰਕ ਮੈਂਬਰਾਂ ਨੂੰ ਸਿਰੋਪਾਓ ਤੇ ਲੋਈ ਨਾਲ ਸਨਮਾਨਿਤ ਕੀਤਾ। ਇਨ੍ਹਾਂ ਵਿੱਚ ਹਵਾਲਦਾਰ ਈਸ਼ਰ ਸਿੰਘ ਦੇ ਵਾਰਸ ਸੰਤੋਖ ਸਿੰਘ, ਨਾਇਕ ਲਾਲ ਸਿੰਘ ਦੇ ਵਾਰਸ ਬਲਰਾਜ ਸਿੰਘ, ਕਾਬਲ ਸਿੰਘ ਤੇ ਸਰਬਜੀਤ ਸਿੰਘ, ਲਾਂਸ ਨਾਇਕ ਚੰਦਾ ਸਿੰਘ ਦੇ ਵਾਰਸ ਹਰਬੰਸ ਸਿੰਘ, ਸਿਪਾਹੀ ਉੱਤਮ ਸਿੰਘ ਦੇ ਵਾਰਸ ਗੁਰਨੇਕ ਸਿੰਘ, ਸਿਪਾਹੀ ਨਰੈਣ ਸਿੰਘ ਦੇ ਵਾਰਸ ਮਹਿੰਦਰ ਸਿੰਘ, ਭਗਵਾਨ ਸਿੰਘ ਦੇ ਵਾਰਸ ਜੋਗਿੰਦਰ ਸਿੰਘ, ਸਿਪਾਹੀ ਸਾਹਿਬ ਸਿੰਘ ਦੇ ਵਾਰਸ ਬਲਵਿੰਦਰ ਸਿੰਘ, ਰਘੁਬੀਰ ਸਿੰਘ ਤੇ ਜਸਪਾਲ ਸਿੰਘ ਸ਼ਾਮਲ ਹਨ।
ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਰੈਜੀਮੈਂਟਾਂ ਦੇ ਜਵਾਨਾਂ ਵੱਲੋਂ ਬਹਾਦਰੀ ਦੀ ਮਿਸਾਲ ਪੇਸ਼ ਕਰਦਿਆਂ ਸ਼ਹੀਦ ਹੋਣ ਵਾਲੇ 28 ਸੈਨਿਕਾਂ ਦੇ ਪਰਵਾਰ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ। ਸਨਮਾਨਿਤ ਹੋਣ ਵਾਲਿਆਂ ਵਿਚ ਸਿੱਖ ਰੈਜੀਮੈਂਟ, ਸਿੱਖ ਐਲ ਆਈ, ਬਹਾਦਰ ਕੋਰ, ਪੰਜਾਬ ਰੈਜੀਮੈਂਟ, 16 ਗਾਰਡ, ਮਾਹਰ ਰੈਜੀਮੈਂਟ, ਬੀ.ਈ.ਜੀ. ਕਿਰਕੀ, ਆਰਟਿਲਰੀ (282 ਮੱਧ ਰੈਜੀਮੈਂਟ), ਆਰਮਡ ਰੈਜੀਮੈਂਟ, 8 ਸਿੱਖ, 10 ਸਿੱਖ, 4 ਜੇ.ਏ.ਕੇ ਆਰ.ਆਈ.ਐੱਫ (28 ਆਰ ਆਰ), 51 ਫੀਲਡ ਰੈਜੀਮੈਂਟ (ਆਰਟਿਲਰੀ), 113 ਇੰਜੀਨੀਅਰਜ਼ ਰੈਜੀਮੈਂਟ, 13 ਸਿੱਖ ਐਲ ਆਈ, 2 ਸਿੱਖ, 21 ਸਿੱਖ, 92 ਫੀਲਡ ਰੇਜੀਮੈਂਟ (ਆਰਟਿਲਰੀ), 19 ਪੰਜਾਬ ਅਤੇ 332 ਮੱਧ ਰੈਜੀਮੈਂਟ ਸ਼ਾਮਲ ਹਨ।

144 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper