Latest News
ਅਨਿਲ ਅੰਬਾਨੀ ਤੋਂ ਪਹਿਲਾਂ ਮੁਕੇਸ਼ ਅੰਬਾਨੀ ਦੀ ਕੰਪਨੀ ਬਣਨ ਵਾਲੀ ਸੀ ਭਾਈਵਾਲ

Published on 13 Sep, 2018 11:18 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰਾਫ਼ੇਲ ਫਾਈਟਰ ਜੈੱਟ ਸਮਝੌਤੇ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ। ਸ਼ੁਰੂਆਤੀ ਦੌਰ 'ਚ ਫਰੈਂਚ ਕੰਪਨੀ ਦਸਾਲਟ (ਰਾਫ਼ੇਲ ਦੀ ਨਿਰਮਾਤਾ ਕੰਪਨੀ) ਨੇ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ ਆਈ ਐੱਲ) ਦੀ ਇੱਕ ਸਬਸਿਡੀ ਕੰਪਨੀ ਨਾਲ ਗਠਜੋੜ ਕਰਨ ਦਾ ਫੈਸਲਾ ਕੀਤਾ ਸੀ। ਇਸ ਮਾਮਲੇ 'ਚ ਗੱਲਬਾਤ ਅੰਤਮ ਦੌਰ 'ਚ ਪਹੁੰਚ ਚੁੱਕੀ ਸੀ, ਪਰ ਬਾਅਦ 'ਚ ਆਰ ਆਈ ਐੱਲ ਸਾਲ 2014 'ਚ ਡਿਫੈਂਸ ਅਤੇ ਏਅਰਸਪੇਸ ਦੇ ਖੇਤਰ 'ਚ ਕਦਮ ਰੱਖਣ ਤੋਂ ਪਿੱਛੇ ਹਟ ਗਈ। ਇਸ ਦੌਰਾਨ ਇਸ ਮਾਮਲੇ ਨੂੰ ਠੰਢੇ ਬਸਤੇ 'ਚ ਪਾ ਦਿੱਤਾ ਗਿਆ। ਦਿਲਚਸਪ ਗੱਲ ਇਹ ਹੈ ਕਿ ਰਾਫ਼ੇਲ ਸਮਝੌਤੇ 'ਚ ਮੁਕੇਸ਼ ਦੇ ਛੋਟੇ ਭਰਾ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਡਿਫੈਂਸ ਨੂੰ ਭਾਈਵਾਲ ਬਣਾਏ ਜਾਣ ਨੂੰ ਲੈ ਕੇ ਵਿਰੋਧੀ ਪਾਰਟੀ ਕਾਂਗਰਸ ਨਰੇਂਦਰ ਮੋਦੀ ਸਰਕਾਰ 'ਤੇ ਹਮਲਾਵਰ ਹੈ। ਦੱਸ ਦੇਈਏ ਕਿ ਸ਼ੁਰੂਆਤ 'ਚ ਲੜਾਕੂ ਜਹਾਜ਼ ਖਰੀਦ ਕਰਾਰ 'ਚ ਆਫ਼ ਸੇਟ ਸਕੀਮ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਦੇ ਤਹਿਤ ਫਰੈਂਚ ਕੰਪਨੀ ਦਸਾਲਟ ਨੂੰ ਭਾਰਤ 'ਚ 1 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨਾ ਸੀ। ਜਾਣਕਾਰੀ ਹੈ ਕਿ ਸਾਲ 2007 'ਚ ਸਰਕਾਰ ਨੇ 126 ਲੜਾਕੂ ਜਹਾਜ਼ ਖਰੀਦਣ ਲਈ ਨੋਟਿਸ ਜਾਰੀ ਕੀਤਾ ਸੀ। ਆਫਸੇਟਸ ਰਕਮ ਦਾ ਨਿਰਧਾਰਣ ਸਮਝੌਤੇ ਦੇ ਕੁੱਲ ਮੁੱਲ ਦੇ ਆਧਾਰ 'ਤੇ ਕੀਤਾ ਗਿਆ ਸੀ। ਇੱਕ ਰਿਪੋਰਟ ਮੁਤਾਬਕ ਇਸ ਸਮਝੌਤੇ 'ਚ ਆਫ਼ਸੇਟਸ ਇੰਡੀਆ ਸਲਿਊਸ਼ਨ ਨੇ ਵੀ ਦਿਲਚਸਪੀ ਦਿਖਾਈ ਸੀ। ਸੂਤਰਾਂ 'ਤੇ ਦਬਾਅ ਵੀ ਪਾਇਆ ਸੀ, ਪਰ ਗੱਲ ਨਹੀਂ ਬਣ ਸਕੀ ਸੀ। ਇਸ ਕੰਪਨੀ ਦੇ ਪ੍ਰਮੋਟਰ ਸੰਜੈ ਭੰਡਾਰੀ ਦੇ ਤਾਰ ਕਥਿਤ ਤੌਰ 'ਤੇ ਰਾਹੁਲ ਦੇ ਬਹਿਨੋਈ ਰਾਬਰਟ ਵਾਡਰਾ ਨਾਲ ਜੁੜੇ ਸਨ। ਜਾਂਚ ਏਜੰਸੀਆਂ ਦੁਆਰਾ ਸ਼ਿਕੰਜਾ ਕੱਸਣ 'ਤੇ ਭੰਡਾਰੀ ਫਰਵਰੀ 2017 'ਚ ਲੰਡਨ ਗਿਆ, ਜਿਸ ਤੋਂ ਬਾਅਦ ਆਫਸੇਟਸ ਸਲਿਊਸ਼ਨ ਬੰਦ ਹੋ ਗਈ।
ਲੜਾਕੂ ਜਹਾਜ਼ ਦਾ ਠੇਕਾ ਹਾਸਲ ਕਰਨ ਵਾਲੀ ਰਾਫ਼ੇਲ ਨੂੰ ਨਿੱਜੀ ਖੇਤਰ ਨਾਲ ਪਾਰਟਨਰ ਚੁਣਨ ਦੀ ਖੁੱਲ੍ਹ ਦਿੱਤੀ ਗਈ ਸੀ। ਹਾਲਾਂਕਿ ਮੁੱਖ ਪ੍ਰੋਡਕਸ਼ਨ ਲਾਈਨ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਦੇ ਨਾਲ ਮਿਲ ਕੇ ਸਥਾਪਤ ਕਰਨਾ ਸੀ। ਇਸ ਰਿਪੋਰਟ ਅਨੁਸਾਰ ਦਸਾਲਟ ਲੜਾਕੂ ਜਹਾਜ਼ ਖਰੀਦ ਮਾਮਲੇ 'ਚ 28 ਅਗਸਤ 2007 ਨੂੰ ਸ਼ਾਮਲ ਹੋਈ ਸੀ। ਫਰੈਂਚ ਕੰਪਨੀ ਨੇ ਸ਼ੁਰੂਆਤ 'ਚ ਟਾਟਾ ਗਰੁੱਪ ਨਾਲ ਭਾਈਵਾਲੀ ਨੂੰ ਲੈ ਕੇ ਗੱਲਬਾਤ ਕੀਤੀ ਸੀ। ਦੋ ਲੱਖ ਕਰੋੜ ਰੁਪਏ ਮੁੱਲ ਦੇ ਇਸ ਸਮਝੌਤੇ 'ਚ ਅਮਰੀਕਾ ਦੀ ਬੋਇੰਗ ਅਤੇ ਲਾਕਹੀਡ ਮਾਰਟਿਨ ਵਰਗੀਆਂ ਕੰਪਨੀਆਂ ਵੀ ਸ਼ਾਮਲ ਸਨ। ਟਾਟਾ ਗਰੁੱਪ ਦੇ ਅਮਰੀਕੀ ਕੰਪਨੀ ਦੇ ਨਾਲ ਜਾਣ 'ਤੇ ਦਸਾਲਟ ਨੇ ਪਾਰਟਨਰਸ਼ਿਪ ਨੂੰ ਲੈ ਕੇ ਆਰ ਆਈ ਅੱੈਲ ਨਾਲ ਗੱਲਬਾਤ ਸ਼ੁਰੂ ਕੀਤੀ ਸੀ।
ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਕੰਪਨੀ ਨੇ 4 ਸਤੰਬਰ 2008 ਨੂੰ ਰਿਲਾਇੰਸ ਏਅਰੋਸਪੇਸ ਟੈਕਨਾਲੋਜੀ ਲਿਮਟਿਡ ਨਾਂਅ ਤੋਂ ਵੱਖ ਕੰਪਨੀ ਵੀ ਗਠਿਤ ਕੀਤੀ ਸੀ। ਜਨਵਰੀ 2012 'ਚ ਇਹ ਸਮੌਝਤਾ ਦਸਾਲਟ ਦੇ ਹੱਥ ਲੱਗ ਗਿਆ। ਜੂਨ 2014 'ਚ ਕੇਂਦਰ ਵਿੱਚ ਦੂਸਰੀ ਸਰਕਾਰ ਦੇ ਆਉਣ ਤੋਂ ਬਾਅਦ ਮੁਕੇਸ਼ ਅੰਬਾਨੀ ਦੀ ਕੰਪਨੀ ਏਅਰੋਸਪੇਸ ਦੇ ਖੇਤਰ 'ਚ ਹੱਥ ਅਜ਼ਮਾਉਣ ਨਾਲ ਪਿੱਛੇ ਹਟ ਗਈ ਅਤੇ ਮੈਮੋਰੰਡਮ ਆਫ਼ ਅੰਡਰਸਟੈਂਡਿੰਗ ਦੀ ਮਿਆਦ ਜਾਣਬੁਝ ਕੇ ਖ਼ਤਮ ਹੋਣ ਦਿੱਤੀ ਗਈ। ਇਸ ਤੋਂ ਬਾਅਦ ਆਫਸੇਂਟਸ ਸਲਿਊਸ਼ਨ ਨੇ ਇੱਕ ਵਾਰ ਫਿਰ ਦਸਾਲਟ ਨਾਲ ਸੰਪਰਕ ਸਾਧਿਆ ਸੀ, ਪਰ ਪ੍ਰਮੋਟਰ ਦੇ ਤਾਰ ਰਾਬਰਟ ਵਾਡਰਾ ਨਾਲ ਜੁੜੇ ਹੋਣ ਕਾਰਨ ਗੱਲ ਨਹੀਂ ਬਣ ਸਕੀ।
ਕੇਂਦਰ 'ਚ ਨਰੇਂਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਰਾਫ਼ੇਲ ਸਮਝੌਤੇ 'ਤੇ ਸਰਕਾਰੀ ਪੱਧਰ 'ਤੇ ਗੱਲਬਾਤ ਸ਼ੁਰੂ ਹੋਈ। ਬਦਲੇ ਹਾਲਾਤ ਅਤੇ ਪ੍ਰਬੰਧਾਂ 'ਚ ਦਸਾਲਟ ਨੇ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਡਿਫੈਂਸ ਨੂੰ ਪਾਰਟਨਰ ਦੇ ਤੌਰ 'ਤੇ ਚੁਣ ਲਿਆ ਸੀ। ਰਿਪੋਰਟ ਦੀ ਮੰਨੀਏ ਤਾਂ ਮੁਕੇਸ਼ ਅੰਬਾਨੀ ਦੇ ਨਾਲ ਸ਼ੁਰੂਆਤੀ ਗੱਲਬਾਤ ਦੇ ਪ੍ਰਭਾਵ ਦੇ ਚਲਦੇ ਅਨਿਲ ਅੰਬਾਨੀ ਨੂੰ ਭਾਈਵਾਲ ਚੁਣਿਆ ਗਿਆ।

572 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper