ਮੰਤਰੀਆਂ ਦੇ ਸਾਰੇ ਸਮੂਹ ਭੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਰ ਜਵਾਬਦੇਹੀ ਲਿਆਉਣ ਲਈ ਸਾਰੇ 30 ਮੰਤਰੀ ਸਮੂਹ ਭੰਗ ਕਰਨ ਦਾ ਫੈਸਲਾ ਲਿਆ ਹੈ, ਤਾਂ ਜੋ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਮੁਖੀ ਤੇਜ਼ੀ ਨਾਲ ਫੈਸਲੇ ਲੈ ਸਕਣ।rnਪ੍ਰਧਾਨ ਮੰਤਰੀ ਦਫਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਵੇਲੇ 9 ਉੱਚ ਤਾਕਤੀ ਮੰਤਰੀ ਸਮੂਹ ਅਤੇ 21 ਮੰਤਰੀ ਸਮੂਹ ਹਨ, ਜੋ ਕਿ ਕੈਬਨਿਟ 'ਚ ਵਿਚਾਰ ਕੀਤੇ ਜਾਣ ਤੋਂ ਪਹਿਲਾਂ ਵੱਖ-ਵੱਖ ਮੁੱਦਿਆਂ 'ਤੇ ਫੈਸਲੇ ਲੈਣ ਲਈ ਬਣਾਏ ਗਏ ਹਨ। ਉਨ੍ਹਾ ਕਿਹਾ ਕਿ ਇਨ੍ਹਾਂ ਮੰਤਰੀ ਸਮੂਹਾਂ ਕੋਲ ਬਕਾਇਦਾ ਕੰਮ ਨੂੰ ਹੁਣ ਮੰਤਰੀ ਅਤੇ ਵਿਭਾਗ ਦੇਖਣਗੇ ਅਤੇ ਵਿਭਾਗੀ ਪੱਧਰ 'ਤੇ ਇਸ ਬਾਰੇ ਢੁੱਕਵੇਂ ਫੈਸਲੇ ਲੈਣਗੇ। ਸਰਕਾਰ ਦੇ ਇਸ ਫੈਸਲੇ ਨਾਲ ਮੰਤਰੀ ਬਕਾਇਆ ਮੁੱਦਿਆਂ ਬਾਰੇ ਆਪਣੇ ਤੌਰ 'ਤੇ ਫੈਸਲੇ ਲੈ ਸਕਣਗੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਜੇ ਮੰਤਰਾਲਿਆਂ ਵਿੱਚ ਕੋਈ ਮੱਦਭੇਦ ਖੜ੍ਹੇ ਹੁੰਦੇ ਹਨ ਤਾਂ ਕੈਬਨਿਟ ਸਕੱਤਰੇਤ ਅਤੇ ਪ੍ਰਧਾਨ ਮੰਤਰੀ ਦਫਤਰ ਫੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਮਦਦ ਕਰੇਗਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਸਮੂਹਾਂ ਭੰਗ ਕਰਨ ਦਾ ਫੈਸਲਾ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਤਾਕਤਾਂ ਨਾਲ ਲੈਸ ਕਰਨ ਦਾ ਇੱਕ ਵੱਡਾ ਫੈਸਲਾ ਹੈ।rnਸਾਬਕਾ ਰੱਖਿਆ ਮੰਤਰੀ ਏ ਕੇ ਐਂਟਨੀ ਕਈ ਉਚ ਤਾਕਤੀ ਮੰਤਰੀ ਸਮੂਹਾਂ ਦੇ ਮੁਖੀ ਸਨ। ਇਹ ਮੰਤਰੀ ਸਮੂਹ ਭ੍ਰਿਸ਼ਟਾਚਾਰ, ਅੰਤਰਰਾਜ਼ੀ ਪਾਣੀ ਝਗੜੇ, ਪ੍ਰਸ਼ਾਸਕੀ ਸੁਧਾਰਾਂ ਗੈਸ ਤੇ ਟੈਲੀਕਾਮ ਵਰਗੇ ਮੁੱਦਿਆਂ ਬਾਰੇ ਫੈਸਲੇ ਲੈਣ ਲਈ ਬਣਾਏ ਗਏ ਸਨ। ਕੇਂਦਰੀ ਕੈਬਨਿਟ ਦੀ ਤਰਜ਼ 'ਤੇ ਇਹ ਮੰਤਰੀ ਸਮੂਹ ਫੈਸਲੇ ਲੈਂਦੇ ਸਨ। ਅੰਤਿਮ ਫੈਸਲਾ ਲੈਣ ਲਈ ਮੰਤਰੀ ਸਮੂਹ ਦੀਆਂ ਸਿਫਾਰਸ਼ਾਂ ਨੂੰ ਕੇਂਦਰੀ ਕੈਬਨਿਟ ਸਾਹਮਣੇ ਰੱੱਖਿਆ ਜਾਂਦਾ ਸੀ।rnਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੇ ਜਨਰਲ ਸਕੱਤਰਾਂ ਦੀ ਆਪਣੀ ਰਿਹਾਇਸ਼ 'ਤੇ ਮੀਟਿੰਗ ਸੱਦੀ। ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੇ ਜਨਰਲ ਸਕੱਤਰਾਂ ਨਾਲ ਇਹ ਪਹਿਲੀ ਮੀਟਿੰਗ ਸੀ। ਇਸ ਮੀਟਿੰਗ 'ਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਗਈ। ਮੋਦੀ ਨੇ ਪਾਰਟੀ ਦੇ ਜਨਰਲ ਸਕੱਤਰਾਂ ਨੂੰ ਸਰਕਾਰ ਅਤੇ ਪਾਰਟੀ ਵਿਚਾਲੇ ਤਾਲਮੇਲ ਬਿਠਾਉਣ ਲਈ ਸਰਗਰਮੀ ਨਾਲ ਕੰਮ ਕਰਨ ਲਈ ਆਖਿਆ। ਮੀਟਿੰਗ 'ਚ ਨਵੇਂ ਪ੍ਰਧਾਨ ਦੀ ਚੋਣ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਰਾਜਨਾਥ ਸਿੰਘ ਦੇ ਮੰਤਰੀ ਬਨਣ ਕਾਰਨ ਪ੍ਰਧਾਨਗੀ ਦਾ ਅਹੁਦਾ ਖਾਲੀ ਹੋ ਗਿਆ। ਪ੍ਰਧਾਨਗੀ ਲਈ ਜੇ ਪੀ ਨੰਡਾ ਅਤੇ ਅਮਿਤ ਸ਼ਾਹ ਦੇ ਨਾਂਅ ਦੀ ਚਰਚਾ ਹੈ। ਉਮਾ ਭਾਰਤੀ, ਧਰਮਿੰਦਰ ਪ੍ਰਧਾਨ ਅਤੇ ਸਮਰਿਤੀ ਇਰਾਨੀ ਵਰਗੇ ਆਗੂਆਂ ਦੇ ਮੰਤਰੀ ਬਨਣ ਕਾਰਨ ਪਾਰਟੀ ਦੇ ਕਈ ਅਹੁਦੇ ਖਾਲੀ ਹੋ ਗਏ ਹਨ। ਮੋਦੀ ਨੇ ਜਨਰਲ ਸਕੱਤਰਾਂ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਢਿੱਲ ਨਹੀਂ ਆਉਣੀ ਚਾਹੀਦੀ। ਮੀਟਿੰਗ 'ਚ ਇਸ ਸਾਲ ਦੇ ਅੰਤ ਅਤੇ ਅਗਲੇ ਸਾਲ ਦੇ ਸ਼ੁਰੂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਾਰੇ ਵੀ ਚਰਚਾ ਕੀਤੀ ਗਈ। ਹਰਿਆਣਾ ਤੇ ਕਈ ਹੋਰ ਸੂਬਿਆਂ 'ਚ ਇਸ ਸਾਲ ਦੇ ਅੰਤ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।